ਹਰਜੋਤ ਬੈਂਸ ਨੇ ਸਵਾਂ ਨਦੀ ਉੱਤੇ 35.48 ਕਰੋੜ ਰੁਪਏ ਦੀ ਲਾਗਤ ਵਾਲੇ ਉੱਚ ਪੱਧਰੀ ਪੁਲ ਦਾ ਨੀਂਹ ਪੱਥਰ ਰੱਖਿਆ
*•ਕਲਿਤਰਾਂ ਅਤੇ ਬੇਲਾ ਧਿਆਨੀ ਵਿਖੇ 33 ਕਰੋੜ ਦੀ ਲਾਗਤ ਵਾਲੇ ਦੋ ਪੁਲਾਂ ਦੇ ਜਲਦ ਰੱਖੇ ਜਾਣਗੇ ਨੀਂਹ ਪੱਥਰ: ਹਰਜੋਤ ਬੈਂਸ*
*• ਸਰਸਾ ਨੰਗਲ ਵਿਖੇ 6 ਕਰੋੜ ਦੀ ਲਾਗਤ ਨਾਲ ਬਣਾਇਆ ਜਾਵੇਗਾ ਅਤਿ-ਆਧੁਨਿਕ ਫੁੱਟਬ੍ਰਿਜ*
*•ਪੁਲਾਂ ਨੂੰ ਜੋੜਨ ਵਾਲੀਆਂ ਸਾਰੀਆਂ ਸੜਕਾਂ ਨੂੰ 18 ਫੁੱਟ ਚੌੜਾ ਕੀਤਾ ਜਾਵੇਗਾ; ਅਜੋਲੀ ਸਸਪੈਂਸ਼ਨ ਪੁਲ ਅਤੇ ਕੌਮੀ ਰਾਜਮਾਰਗ 'ਤੇ ਕੰਮ ਜਲਦ ਹੋਵੇਗਾ ਸ਼ੁਰੂ*
ਚੰਡੀਗੜ੍ਹ/ਨੰਗਲ, 2 ਅਕਤੂਬਰ 2025- ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪਿੰਡ ਭੱਲੜੀ ਨੇੜੇ ਸਵਾਂ ਨਦੀ ਉੱਤੇ 35.48 ਕਰੋੜ ਰੁਪਏ ਦੀ ਲਾਗਤ ਵਾਲੇ ਉੱਚ-ਪੱਧਰੀ ਪੁਲ ਦਾ ਨੀਂਹ ਪੱਥਰ ਰੱਖਿਆ। ਮੰਤਰੀ ਨੇ ਦੱਸਿਆ ਕਿ 511 ਮੀਟਰ ਲੰਬਾ ਇਹ ਪੁਲ ਭੱਲੜੀ ਨੂੰ ਮਹਿੰਦਪੁਰ-ਖੇੜਾ ਕਲਮੋਟ ਨਾਲ ਜੋੜੇਗਾ, ਜਿਸ ਨਾਲ ਖੇੜਾ ਕਲਮੋਟ, ਭੰਗਲਾ ਅਤੇ ਮਾਜਰੀ ਵਰਗੇ ਸਰਹੱਦੀ ਖੇਤਰਾਂ ਨਾਲ ਸੰਪਰਕ ਵਧੇਗਾ। ਇਸ ਮੌਕੇ ਸੰਬੋਧਨ ਕਰਦਿਆਂ, ਹਰਜੋਤ ਸਿੰਘ ਬੈਂਸ ਨੇ ਦੋ ਹੋਰ ਪੁਲਾਂ ਦਾ ਨੀਂਹ ਪੱਥਰ ਰੱਖਣ ਸਬੰਧੀ ਐਲਾਨ ਵੀ ਕੀਤਾ। ਉਨ੍ਹਾਂ ਦੱਸਿਆ ਕਿ ਕਲਿਤਰਾਂ ਤੋਂ ਪਲਾਸੀ ਤੱਕ 20 ਕਰੋੜ ਰੁਪਏ ਦੀ ਲਾਗਤ ਵਾਲੇ 333 ਮੀਟਰ ਲੰਬੇ ਪੁਲ ਦਾ ਨੀਂਹ ਪੱਥਰ 4 ਅਕਤੂਬਰ ਨੂੰ ਰੱਖਿਆ ਜਾਵੇਗਾ ਅਤੇ ਬੇਲਾ ਧਿਆਨੀ ਤੋਂ ਪਲਾਸੀ ਤੱਕ 12 ਕਰੋੜ ਰੁਪਏ ਦੀ ਲਾਗਤ ਵਾਲੇ 180 ਮੀਟਰ ਲੰਬੇ ਪੁਲ ਦਾ ਨੀਂਹ ਪੱਥਰ 7 ਅਕਤੂਬਰ ਨੂੰ ਮਹਾਰਿਸ਼ੀ ਵਾਲਮੀਕਿ ਜਯੰਤੀ ਮੌਕੇ 'ਤੇ ਰੱਖਿਆ ਜਾਵੇਗਾ। ਇਹ ਨਵੇਂ ਪੁਲ ਸੰਪਰਕ ਵਿੱਚ ਕਾਫ਼ੀ ਸੁਧਾਰ ਕਰਨਗੇ, ਜਿਸ ਨਾਲ ਅੰਦਰੂਨੀ ਖੇਤਰਾਂ ਦੇ ਵਸਨੀਕ 15 ਮਿੰਟਾਂ ਦੇ ਅੰਦਰ ਮੁੱਖ ਮਾਰਗਾਂ ਤੱਕ ਪਹੁੰਚ ਸਕਣਗੇ।
ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਨ੍ਹਾਂ ਪੁਲਾਂ ਦੇ ਆਲੇ-ਦੁਆਲੇ 11 ਕਿਲੋਮੀਟਰ ਤੱਕ ਫੈਲੀਆਂ ਸੜਕਾਂ ਨੂੰ ਵੀ 18 ਫੁੱਟ ਤੱਕ ਚੌੜਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਚੰਗਰ ਖੇਤਰ ਵਿੱਚ ਪਾਣੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ 80 ਕਰੋੜ ਰੁਪਏ ਦੀ ਲਿਫਟ ਸਿੰਚਾਈ ਯੋਜਨਾ ਪ੍ਰਗਤੀ ਅਧੀਨ ਹੈ, ਜਿਸ ਨਾਲ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਹੋਰ ਹੁਲਾਰਾ ਮਿਲੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਖੇਤਰ ਵਿੱਚ ਖੇਡਾਂ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ 25 ਨਵੇਂ ਖੇਡ ਮੈਦਾਨ ਬਣਾਏ ਜਾਣਗੇ। ਇਹ ਵਿਕਾਸ ਪਹਿਲਕਦਮੀਆਂ ਪੰਜਾਬ ਸਰਕਾਰ ਦੀ ਸੂਬੇ ਵਿੱਚ ਬੁਨਿਆਦੀ ਢਾਂਚੇ ਦੇ ਵਿਸਥਾਰ ਅਤੇ ਸੈਰ-ਸਪਾਟਾ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।
ਸਿੱਖਿਆ ਮੰਤਰੀ ਨੇ ਕਿਹਾ ਕਿ ਨੰਗਲ ਨੂੰ ਬਲਾਕ ਦਾ ਦਰਜਾ ਦਿੱਤਾ ਗਿਆ ਹੈ ਅਤੇ ਨਯਾ ਨੰਗਲ ਵਿਖੇ ਇੱਕ ਨਵਾਂ ਪੁਲਿਸ ਸਟੇਸ਼ਨ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਪ੍ਰੋਜੈਕਟਾਂ ਵਿੱਚ 20 ਪਿੰਡਾਂ ਲਈ ਪੀਣ ਵਾਲੇ ਪਾਣੀ ਦੀਆਂ ਸਕੀਮਾਂ ਅਤੇ ਨੰਗਲ ਸ਼ਹਿਰ ਲਈ ਇੱਕ ਵਿਆਪਕ ਪੀਣ ਵਾਲੇ ਪਾਣੀ ਸਬੰਧੀ ਪ੍ਰੋਜੈਕਟ, ਕੀਰਤਪੁਰ ਸਾਹਿਬ ਦਾ ਸੁੰਦਰੀਕਰਨ ਅਤੇ ਨਹਿਰੀ ਪਾਣੀ ਦੀਆਂ ਸਕੀਮਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਨੰਗਲ ਫਲਾਈਓਵਰ ਦਾ ਮੁੱਦਾ ਹੱਲ ਹੋ ਗਿਆ ਹੈ, ਜਿਸ ਨਾਲ ਕੀਰਤਪੁਰ ਸਾਹਿਬ-ਨੰਗਲ ਕੌਮੀ ਰਾਜਮਾਰਗ 'ਤੇ ਕੰਮ ਸ਼ੁਰੂ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਤੋਂ ਇਲਾਵਾ, 20-25 ਪਿੰਡਾਂ ਦੇ ਬੱਚਿਆਂ ਨੂੰ ਲਾਭ ਪਹੁੰਚਾਉਣ ਲਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਲਟੀ-ਸਪੈਸ਼ਲਿਟੀ ਪਾਰਕ ਵਿਖੇ 8-10 ਖੇਡਾਂ ਲਈ ਖੇਡ ਸਹੂਲਤਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਰਸਾ ਨੰਗਲ ਪਿੰਡ ਵਿੱਚ ਰੋਜ਼ਾਨਾ ਆਉਣ-ਜਾਣ ਵਾਲਿਆਂ ਦੀ ਸਹੂਲਤ ਲਈ 6 ਕਰੋੜ ਦੀ ਲਾਗਤ ਵਾਲਾ ਇੱਕ ਅੰਤਰਰਾਸ਼ਟਰੀ ਪੱਧਰ ਦਾ ਅਤਿ-ਆਧੁਨਿਕ ਫੁੱਟਬ੍ਰਿਜ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਹਾਦਸਿਆਂ ਨੂੰ ਰੋਕਣ ਲਈ ਭਰਤਗੜ੍ਹ ਵਿਖੇ ਰਾਸ਼ਟਰੀ ਰਾਜਮਾਰਗ `ਤੇ ਇੱਕ ਸਰਵਿਸ ਲੇਨ ਬਣਾਈ ਜਾ ਰਹੀ ਹੈ ਅਤੇ ਹਲਕੇ ਵਿੱਚ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਅਜੋਲੀ ਵਿਖੇ ਇੱਕ ਸਸਪੈਂਸ਼ਨ ਬ੍ਰਿਜ ਵੀ ਬਣਾਇਆ ਜਾ ਰਿਹਾ ਹੈ। ਬੈਂਸ ਨੇ ਭਰੋਸਾ ਪ੍ਰਗਟਾਇਆ ਕਿ ਇਹ ਪ੍ਰੋਜੈਕਟ ਇੱਕ ਸਾਲ ਦੇ ਅੰਦਰ-ਅੰਦਰ ਇਸ ਖੇਤਰ ਨੂੰ ਪੰਜਾਬ ਵਿੱਚ ਮੋਹਰੀ ਬਣਾਉਣਗੇ ਇਸ ਤੋਂ ਇਲਾਵਾ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਆਪਕ ਯੋਜਨਾ ਵੀ ਚੱਲ ਰਹੀ ਹੈ।
ਉਨ੍ਹਾਂ ਕਿਹਾ ਕਿ ਅਗਲੇ ਇੱਕ ਸਾਲ ਦੇ ਅੰਦਰ, ਹਲਕੇ ਨਾਲ ਸਬੰਧਤ ਕੀਤੇ ਗਏ ਵਿਕਾਸ ਦੇ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਆਪਣੇ ਭਰਾ ਅਤੇ ਇਲਾਕੇ ਨੇ ਆਪਣੇ ਪੁੱਤਰ ਦੇ ਰੂਪ ਵਿੱਚ ਮੈਨੂੰ ਮਾਣ ਨਾਲ ਵਿਧਾਨ ਸਭਾ ਵਿੱਚ ਭੇਜਿਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਰੋਸਾ ਕਰਕੇ ਮੈਨੂੰ ਮਹੱਤਵਪੂਰਨ ਜਿ਼ੰਮੇਵਾਰੀਆਂ ਸੌਂਪੀਆਂ। ਬੈਂਸ ਨੇ ਜ਼ੋਰ ਦੇ ਕੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ੀਰਵਾਦ ਨਾਲ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਹੁਣ ਵਿਕਾਸ ਦੀ ਇੱਕ ਨਵੀਂ ਲਹਿਰ ਸ਼ੁਰੂ ਹੋ ਗਈ ਹੈ ਅਤੇ ਖੇਤਰ ਦਾ ਸਮੁੱਚਾ ਵਿਕਾਸ ਯਕੀਨੀ ਬਣਾਇਆ ਜਾਵੇਗਾ।
ਖੇਤਰ ਦੇ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਸ. ਬੈਂਸ ਨੇ ਕਿਹਾ ਕਿ ਹੜ੍ਹਾਂ ਦੌਰਾਨ ਉਨ੍ਹਾਂ ਨੇ "ਆਪ੍ਰੇਸ਼ਨ ਰਾਹਤ" ਚਲਾਇਆ ਅਤੇ ਨਹਿਰਾਂ, ਦਰਿਆਵਾਂ ਦੇ ਕਿਨਾਰਿਆਂ ਅਤੇ ਧਾਰਮਿਕ ਥਾਵਾਂ ਦੀ ਰਾਖੀ ਕਰਦਿਆਂ ਮਿਸਾਲੀ ਕੰਮ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਵੀ ਭਨਾਮ ਵਿੱਚ ਇੱਕ ਮਾਡਲ ਸਕੂਲ ਸਥਾਪਤ ਕੀਤਾ ਗਿਆ ਹੈ, ਜੋ ਭਵਿੱਖ ਵਿੱਚ ਪਛੜੇ ਇਲਾਕਿਆਂ ਦੇ ਬੱਚਿਆਂ ਲਈ ਅਫਸਰ ਬਣਨ ਦਾ ਰਾਹ ਪੱਧਰਾ ਕਰੇਗਾ। ਖੇਤਰ ਦਾ ਚਿਹਰਾ ਬਦਲ ਰਿਹਾ ਹੈ, ਅਤੇ ਇਹ ਵਿਕਾਸ ਯਾਤਰਾ ਲੋਕਾਂ ਦੀਆਂ ਇੱਛਾਵਾਂ ਨੂੰ ਖੰਭ ਦੇ ਰਹੀ ਹੈ।
ਬੈਂਸ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਲੋਕਾਂ ਨੇ ਹਮੇਸ਼ਾ ਉਨ੍ਹਾਂ ਲੋਕਾਂ ਨੂੰ ਚੁਣਿਆ ਜੋ ਸੂਬੇ ਅਤੇ ਦੇਸ਼ ਵਿੱਚ ਉੱਚ ਅਹੁਦਿਆਂ `ਤੇ ਕਾਬਜ਼ ਸਨ, ਪਰ ਬਦਕਿਸਮਤੀ ਨਾਲ ਉਹ ਹਮੇਸ਼ਾ ਆਪਣੀਆਂ ਜਿੰਮੇਵਾਰੀਆਂ ਤੋਂ ਭੱਜਦੇ ਰਹੇ। ਸਿੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਚੁਣੇ ਹੋਏ ਨੁਮਾਇੰਦਿਆਂ ਨੇ ਕਦੇ ਵੀ ਇਸ ਖੇਤਰ ਦੀ ਸਾਰ ਨਹੀਂ ਲਈ। ਸਥਿਤੀ ਇੰਨੀ ਬਦਤਰ ਹੋ ਗਈ ਸੀ ਕਿ ਹਿਮਾਚਲ ਸਰਹੱਦ `ਤੇ ਰਹਿਣ ਵਾਲੇ ਪਿੰਡ ਦੇ ਲੋਕ ਨੇ ਹਿਮਾਚਲ ਵਿੱਚ ਰਲੇਵੇਂ ਦੀ ਮੰਗ ਵੀ ਕਰਨ ਲਗ ਪਏ ਸਨ। ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਦੇ ਆਲੇ-ਦੁਆਲੇ ਦੇ ਪਿੰਡ ਅਜੇ ਵੀ ਪੀਣ ਵਾਲੇ ਪਾਣੀ ਲਈ ਤਰਸਦੇ ਹਨ। ਸਿੰਚਾਈ ਦੀ ਘਾਟ ਕਾਰਨ 400 ਏਕੜ ਖੇਤੀਯੋਗ ਜ਼ਮੀਨ ਬੰਜਰ ਹੋ ਗਈ ਹੈ। ਸਾਡੀਆਂ ਨਦੀਆਂ ਦੇਸ਼ ਭਰ ਵਿੱਚ ਪਾਣੀ ਦੀ ਸਪਲਾਈ ਕਰਦੀਆਂ ਹਨ, ਫਿਰ ਵੀ ਸਾਡੀ ਆਪਣੀ ਜ਼ਮੀਨ ਪਿਆਸੀ ਰਹਿੰਦੀ ਹੈ। ਇਹ ਖੇਤਰ ਮਹਾਨ ਧਾਰਮਿਕ ਸ਼ਖਸੀਅਤਾਂ ਦੁਆਰਾ ਬਣਾਏ ਗਏ ਪੁਲਾਂ ਨਾਲ ਜੁੜੇ ਹੋਏ ਹਨ, ਪਰ ਪਿਛਲੀਆਂ ਸਰਕਾਰਾਂ ਨੇ ਇਸ ਖੇਤਰ ਦੇ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਹੀ ਰਾਜ ਕੀਤਾ, ਸਰਕਾਰੀ ਖਜ਼ਾਨੇ ਦੀ ਬਜਾਏ ਆਪਣੇ ਖਜ਼ਾਨੇ ਭਰੇ। ਪਿੰਡ ਭੱਲੜੀ ਵਿਖੇ ਹਾਈ ਲੈਵਲ ਪੁਲ ਦੇ ਨੀਂਹ ਪੱਥਰ ਰੱਖਣ ਮੌਕੇ ਸੈਂਕੜੇ ਲੋਕ ਹਾਜ਼ਰ ਸਨ। ਸ. ਹਰਜੋਤ ਬੈਂਸ ਨੂੰ ਇਸ ਮਹੱਤਵਪੂਰਨ ਪ੍ਰੋਜੈਕਟ ਲਈ ਕਈ ਪੰਚਾਇਤ ਮੈਂਬਰਾਂ ਨੇ ਸਨਮਾਨਿਤ ਵੀ ਕੀਤਾ।