ਵੱਡੀ ਖ਼ਬਰ: ਪੰਜਾਬ 'ਚ ਨਸ਼ੇ ਦਾ ਕਹਿਰ, ਚਾਰ ਮੁੰਡਿਆਂ ਦੀ ਓਵਰਡੋਜ਼ ਕਾਰਨ ਮੌਤ
ਚੰਡੀਗੜ੍ਹ, 1 ਅਕਤੂਬਰ 2025- ਪੰਜਾਬ ਦੇ ਫਿਰੋਜ਼ਪੁਰ ਦੇ ਕਸਬਾ ਮਮਦੋਟ ਅਧੀਨ ਪੈਂਦੇ ਲੱਖੋ ਕੇ ਬਹਿਰਾਮ ਵਿੱਚ ਚਾਰ ਮੁੰਡਿਆਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਿਸ ਤੋਂ ਬਾਅਦ ਇਲਾਕੇ ਵਿੱਚ ਤਾਂ ਸੋਗ ਦਾ ਮਾਹੌਲ ਹੈ ਹੀ, ਨਾਲ ਹੀ ਲੋਕਾਂ ਨੇ ਫਿਰੋਜ਼ਪੁਰ-ਫਾਜਿਲਕਾ ਹਾਈਵੇ ਨੂੰ ਵੀ ਬਲੌਕ ਕਰ ਦਿੱਤਾ ਹੈ।
ਦੱਸਿਆ ਇਹ ਜਾ ਰਿਹਾ ਹੈ ਕਿ, ਲੱਖੋਕੇ ਬਹਿਰਾਮ ਵਿੱਚ ਇੱਕੋ ਸਮੇਂ ਤਿੰਨ ਮੁੰਡਿਆਂ ਦੀ ਨਸ਼ੇ ਕਾਰਨ ਮੌਤ ਹੋ ਗਈ ਅਤੇ ਉਥੇ ਹੀ ਪਿਛਲੇ 24 ਘੰਟਿਆਂ ਦੌਰਾਨ ਕੁੱਲ੍ਹ ਚਾਰ ਮੁੰਡੇ ਮਰ ਗਏ ਹਨ। ਅੱਜ ਇਨਸਾਫ਼ ਲਈ ਮ੍ਰਿਤਕਾਂ ਦੇ ਪਰਿਵਾਰਾਂ ਨੇ ਫਿਰੋਜ਼ਪੁਰ ਫਾਜਿਲਕਾ ਹਾਈਵੇ ਨੂੰ ਜਾਮ ਕਰਦਿਆਂ ਪੰਜਾਬ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਲੋਕਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਦਾ ਸੂਬੇ ਨੂੰ ਨਸ਼ਾ ਮੁਕਤ ਕਰਨ ਦਾ ਦਾਅਵਾ ਖੋਖਲਾ ਨਿਕਲਿਆ ਹੈ ਅਤੇ ਲਗਾਤਾਰ ਨੌਜਵਾਨ ਨਸ਼ੇ ਕਾਰਨ ਮਰ ਰਹੇ ਹਨ। ਲੋਕਾਂ ਦਾ ਦੋਸ਼ ਸੀ ਕਿ ਫਿਰੋਜ਼ਪੁਰ ਸਰਹੱਦੀ ਜਿਲ੍ਹੇ ਅੰਦਰ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ, ਪਰ ਪੁਲਿਸ ਪ੍ਰਸਾਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।