ਡਿਜ਼ੀਟਲ ਇੰਡੀਆ :ਭਾਰਤ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਲਈ-‘ਈ-ਅਰਾਈਵਲ ਕਾਰਡ’ ਦੀ ਸ਼ੁਰੂਆਤ
-ਭਾਰਤੀ ਨਾਗਰਿਕਾਂ ਅਤੇ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (O39) ਕਾਰਡ ਧਾਰਕਾਂ ਨੂੰ ਇਹ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 2 ਅਕਤੂਬਰ 2025- ਵਿਦੇਸ਼ਾਂ ਤੋਂ ਭਾਰਤ (ਇੰਡੀਆ) ਨੂੰ ਜਾਣ ਵਾਲੇ ਵਿਦੇਸ਼ੀ ਯਾਤਰੀਆਂ ਲਈ ਖਾਸ ਖ਼ਬਰ ਹੈ ਕਿ ਹੁਣ ਉਨ੍ਹਾਂ ਨੂੰ ਕਾਗਜ਼ ਉਤੇ ਛਪਿਆ ਅਰਾਈਵਲ ਕਾਰਡ ਭਰਨ ਦੀ ਬਜਾਏ ਆਨ ਲਾਈ ‘ਈ-ਅਰਾਈਵਲ ਕਾਰਡ’ ਭਰਨ ਦੀ ਸਹੂਲਤ ਮਿਲਣੀ ਸ਼ੁਰੂ ਹੋ ਗਈ ਹੈ। ਇਸ ਦੀ ਸ਼ੁਰੂਆਤ 1 ਅਕਤੂਬਰ 2025 ਤੋਂ ਹੋ ਗਈ ਹੈ, ਅਜੇ 6 ਮਹੀਨੇ ਤੱਤ ਪੁਰਾਣਾ ਕਾਗਜ਼ ਵਾਲਾ ਸਿਸਟਮ ਵੀ ਚਲਦਾ ਰਹੇਗਾ। ਭਾਰਤ ਸਰਕਾਰ ਨੇ ਹਵਾਈ ਅੱਡਿਆਂ ’ਤੇ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਸਰਹੱਦ ਪ੍ਰਬੰਧਨ ਨੂੰ ਬਿਹਤਰ ਬਣਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ।
ਕੀ ਕਰਨਾ ਹੈ?: ਯਾਤਰੀਆਂ ਨੂੰ ਆਪਣੇ ਆਉਣ ਤੋਂ 72 ਘੰਟੇ ਪਹਿਲਾਂ ਈ-ਅਰਾਈਵਲ ਕਾਰਡ ਲਈ ਆਨਲਾਈਨ ਅਰਜ਼ੀ ਦੇਣੀ ਹੋਵੇਗੀ।
ਕਿੱਥੇ ਅਰਜ਼ੀ ਦੇਣੀ ਹੈ:ਅਰਜ਼ੀ ਸਰਕਾਰੀ https://indianvisaonline.gov.in/earrival/ ਵੈੱਬਸਾਈਟ ਜਾਂ ਅਧਿਕਾਰਤ Indian Visa Su-Swagatam ਮੋਬਾਈਲ ਐਪ ਰਾਹੀਂ ਜਮ੍ਹਾਂ ਕਰਾਈ ਜਾ ਸਕਦੀ ਹੈ।
ਕੀ ਜਾਣਕਾਰੀ ਦੇਣੀ ਹੋਵੇਗੀ: ਪਾਸਪੋਰਟ, ਸੰਪਰਕ ਵੇਰਵੇ, ਯਾਤਰਾ ਦਾ ਮਕਸਦ, ਅਤੇ ਭਾਰਤ ਵਿੱਚ ਰਹਿਣ ਦੇ ਪਤੇ ਵਰਗੇ ਵੇਰਵੇ ਦੇਣੇ ਜ਼ਰੂਰੀ ਹਨ।
ਤਬਦੀਲੀ ਦਾ ਸਮਾਂ: ਅਗਲੇ ਛੇ ਮਹੀਨਿਆਂ ਤੱਕ ਕਾਗਜ਼ੀ ਕਾਰਡ ਵੀ ਉਪਲਬਧ ਰਹਿਣਗੇ, ਪਰ ਯਾਤਰੀਆਂ ਨੂੰ ਤੇਜ਼ੀ ਨਾਲ ਪ੍ਰਕਿਰਿਆ ਲਈ ਡਿਜੀਟਲ ਵਿਕਲਪ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਛੋਟ: ਭਾਰਤੀ ਨਾਗਰਿਕਾਂ ਅਤੇ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (OCI) ਕਾਰਡ ਧਾਰਕਾਂ ਨੂੰ ਇਹ ਫਾਰਮ ਭਰਨ ਦੀ ਲੋੜ ਨਹੀਂ ਹੈ।
ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਫਾਰਮ ਜਮ੍ਹਾਂ ਕਰਾਉਣ ਤੋਂ ਬਾਅਦ ਤਿਆਰ ਹੋਈ ਡਿਜੀਟਲ ਪੁਸ਼ਟੀਕਰਣ (digital confirmation) ਦਾ ਪ੍ਰਿੰਟ ਆਊਟ ਆਪਣੇ ਨਾਲ ਰੱਖਣ। ਇਸ ਨਵੀਂ ਪ੍ਰਣਾਲੀ ਨਾਲ ਸਰਕਾਰ ਨੂੰ ਯਾਤਰੀਆਂ ਦੀ ਜਾਣਕਾਰੀ ਨੂੰ ਰੀਅਲ-ਟਾਈਮ ਵਿੱਚ ਟਰੈਕ ਕਰਨ ਵਿੱਚ ਮਦਦ ਮਿਲੇਗੀ।