Babushahi Special ਹੜ੍ਹਾਂ ਦੀ ਮਾਰ: ਪਿੱਛੋਂ ਪਾਣੀ ’ਚ ਵਾਧਾ ਹੋਣ ਕਾਰਨ ਮਖੌਲ ਦੀ ਘੱਗਰੀ ਨਹੀਂ ਰਿਹਾ ਘੱਗਰ ਦਰਿਆ
ਅਸ਼ੋਕ ਵਰਮਾ
ਬਠਿੰਡਾ,31 ਅਗਸਤ 2025: ਘੱਗਰ ਦਾ ਪਾਣੀ ਘਨੌਰ ਹਲਕੇ ਦੇ ਪਿੰਡਾਂ ’ਚ ਦਾਖਲ ਹੋਣ ਤੋਂ ਬਾਅਦ ਮਾਨਸਾ ਅਤੇ ਹਰਿਆਣਾ ਦੇ ਸਰਸਾ ਜਿਲ੍ਹੇ ’ਚ ਸਹਿਮ ਦਾ ਮਹੌਲ ਬਣਨ ਲੱਗਿਆ ਹੈ। ਹਾਲਾਂਕਿ ਪ੍ਰਸ਼ਾਸ਼ਨ ਲੋਕਾਂ ਨੂੰ ਧਰਵਾਸ ਦੇ ਰਿਹਾ ਹੈ ਕਿ ਘਬਰਾਉਣ ਦੀ ਨਹੀਂ ਸੁਚੇਤ ਰਹਿਣ ਦੀ ਲੋੜ ਹੈ ਪਰ ਘੱਗਰ ਕਾਰਨ ਪਹਿਲਾਂ ਵੱਡਾ ਹਰਜਾ ਝੱਲ ਰਹੇ ਲੋਕਾਂ ਦੇ ਦਿਲਾਂ ’ਚ ਖੌਫ ਘਟ ਨਹੀਂ ਰਿਹਾ ਹੈ। ਉਪਰੋਂ ਮੌਸਮ ਵਿਭਾਗ ਵੱਲੋਂ ਬਾਰਸ਼ ਦੀਆਂ ਲਗਾਤਾਰ ਦਿੱਤੀਆਂ ਜਾ ਰਹੀਆਂ ਚਿਤਾਵਨੀਆਂ ਅਤੇ ਪਹਾੜਾਂ ’ਚ ਪੈ ਰਿਹਾ ਮੀਂਹ ਫਿਕਰ ਵਧਾਉਣ ਵਾਲਾ ਸਾਬਤ ਹੋਇਆ ਹੈ। ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਘੱਗਰ ਤੇ ਪੈਂਦੇ ਸਰਾਲਾ ਹੈਡ ਤੇ ਪਾਣੀ ਦਾ ਪੱਧਰ 15 ਫੁੱਟ ਦਰਜ ਹੋਇਆ ਸੀ ਜੋਕਿ ਖਤਰੇ ਦੀ ਘਟੀ ਨਾਲੋਂ ਸਿਰਫ ਇੱਕ ਫੁੱਟ ਘੱਟ ਹੈ। ਘਨੌਰ ਦੇ ਪਿੰਡ ਕਾਮੀ ਖੁਰਦ ਲਾਗੇ ਘੱਗਰ ਦੇ ਕੰਢੇ ਕਮਜ਼ੋਰ ਹੋਣ ਕਾਰਨ ਪਾਣੀ ਉੱਛਲਣ ਲੱਗਿਆ ਹੈ ਜੋਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਲੋਕ ਆਖਦੇ ਹਨ ਕਿ ਬਾਰਸ਼ ਅਤੇ ਪਿਛੋਂ ਪਾਣੀ ਆਉਣ ਕਾਰਨ ਇੱਕ ਫੁੱਟ ਦਾ ਅੰਤਰ ਜਿਆਦਾ ਦੇਰ ਨਹੀਂ ਠਹਿਰਦਾ ਹੈ ਇਸ ਲਈ ਸਰਕਾਰ ਨੂੰ ਅਗੇਤੇ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਵੀ ਘੱਗਰ ਉਫਾਨ ਤੇ ਆਇਆ ਹੈ ਤਾਂ ਪਾਣੀ ਨੇ ਭਾਰੀ ਤਬਾਹੀ ਮਚਾਈ ਹੈ। ਖਾਸ ਤੌਰ ਤੇ ਕਿਸਾਨਾਂ ਦੀਆਂ ਫਸਲਾਂ ਤਾਂ ਪਾਣੀ ਕਾਰਨ ਬਿਲੁਕਲ ਹੀ ਮਧੋਲੀਆਂ ਜਾਂਦੀਆਂ ਹਨ। ਘੱਗਰ ਦਾ ਪਾਣੀ ਤਾਂ ਘਨੌਰ ਇਲਾਕੇ ਦੇ ਪਿੰਡ ਕਾਮੀ ਖੁਰਦ ,ਚਮਾਰੂ , ਜੰਡ ਮਗੌਲੀ ਤੇ ਊਟਸਰ ’ਚ ਦਾਖਲ ਹੋ ਗਿਆ ਹੈ ਜਿਸ ਦੇ ਚਲਦਿਆਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਡੀ ਮੁਸੀਬਤ ਉਸ ਨੱਕੇ ਨੇ ਖੜ੍ਹੀ ਕੀਤੀ ਹੈ ਜੋ 2023 ਦੇ ਹੜ੍ਹਾਂ ਤੋਂ ਬਾਅਦ ਪੂਰਿਆ ਨਹੀਂ ਗਿਆ ਅਤੇ ਪਾਣੀ ਨੇ ਖੇਤਾਂ ਦਾ ਰੁੱਖ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਕ ਹੋਰ ਨੱਕਾ ਟੁੱਟਣ ਕਾਰਨ ਕਈ ਖੇਤਾਂ ’ਚ ਝੋਨੇ ਦੀ ਫਸਲ ਜਲਮਗਨ ਹੋ ਗਈ ਹੈ।
ਓਧਰ ਮਾਨਸਾ ਜਿਲ੍ਹੇ ਦੇ ਦੋ ਵਿਧਾਇਕਾਂ ਬੁਢਲਾਡਾ ਹਲਕੇ ਤੋਂ ਵਿਧਾਇਕ ਬੁੱਧ ਰਾਮ ਅਤੇ ਹਲਕਾ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਘੱਗਰ ਤੇ ਲੱਗੇ ਬੰਨ੍ਹਾਂ ਦਾ ਜਾਇਜਾ ਲਿਆ ਹੈ। ਉਨ੍ਹਾਂ ਇਸ ਮੌਕੇ ਹਾਜ਼ਰ ਪੰਚਾਇਤਾਂ ਨੂੰ ਸਰਕਾਰ ਤਰਫੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿਵਾਇਆ ਅਤੇ ਹੌਸਲਾ ਅਫਜ਼ਾਈ ਵੀ ਕੀਤੀ ਹੈ। ਇਸ ਦੇ ਬਾਵਜੂਦ ਪਿੱਛੋਂ ਪਾਣੀ ਵਧਣ ਦੀਆਂ ਅਫਵਾਹਾਂ ਲੋਕਾਂ ’ਚ ਸਹਿਮ ਦਾ ਮਹੌਲ ਬਣਾ ਰਹੀਆਂ ਹਨ। ਵਿਧਾਨ ਸਭਾ ਹਲਕਾ ਬੁਢਲਾਡਾ ਦੇ ਪਿੰਡ ਆਲਮਪੁਰ ਮੰਦਰਾਂ ,ਟਾਹਲੀਆਂ, ਅੱਕਾਂਵਾਲੀ ,ਜੋਈਆਂ ਅਤੇ ਸਰਦੂਲਗੜ੍ਹ ਹਲਕੇ ਦੇ ਪਿੰਡ ਚਹਿਲਾਂ ਵਾਲੀ ,ਦਲੇਲ ਸਿੰਘ ਵਾਲਾ, ਕਾਸਮਪੁਰ ਛੀਨਾ, ਕੋਰਵਾਲਾ ਅਤੇ ਭੰਮੇ ਸਮੇਤ ਘੱਗਰ ਦਰਿਆ ਦੇ ਦੋਨੋਂ ਤਰਫ ਵਸੇ ਪਿੰਡਾਂ ’ਚ ਲੋਕਾਂ ਦੇ ਸਾਹ ਸੂਤੇ ਹੋਏ ਹਨ। ਸਰਦੂਲਗੜ੍ਹ ਦੇ ਕਾਂਗਰਸੀ ਆਗੂ ਰਾਮ ਵਰਮਾ ਦਾ ਕਹਿਣਾ ਸੀ ਕਿ ਫਿਲਹਾਲ ਸਥਿਤੀ ਠੀਕ ਜਾਪਦੀ ਹੈ ਪਰ ਘੱਗਰ ਕਦੋਂ ਕਹਿਰ ਵਰਤਾ ਦੇਵੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ ਹੈ।
ਓਧਰ ਹਰਿਆਣਾ ਦੇ ਸਿਰਸਾ ਜਿਲ੍ਹੇ ਤੋਂ ਹਾਸਲ ਜਾਣਕਾਰੀ ਅਨੁਸਾਰ ਘੱਗਰ ’ਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਪ੍ਰਸ਼ਾਸ਼ਨ ਨੇ ਰਾਜਸਥਾਨ ਵਾਲੇ ਗੇਟ ਖੋਹਲ ਦਿੱਤੇ ਹਨ ਪਰ ਲੋਕ ਮੰਨ ਦੇ ਹਨ ਕਿ ਖਤਰਾ ਅਜੇ ਟਲਿਆ ਨਹੀਂ ਹੈ। ਇਸ ਤੋਂ ਪਹਿਲਾਂ ਘੱਗਰ ਦੇ ਮੁੱਖ ਬੰਨ੍ਹਾਂ ਦੇ ਅੰਦਰੂਨੀ ਹਿੱਸਿਆ ’ਚ ਆਰਜੀ ਬੰਨ੍ਹ ਟੁੱਟਣ ਕਾਰਨ ਕਈ ਥਾਵਾਂ ਤੇ ਝੋਨੇ ਦੀ ਫਸਲ ਨੁਕਸਾਨੀ ਜਾ ਚੁੱਕੀ ਹੈ। ਸਥਿਤੀ ’ਚ ਆ ਰਹੇ ਬਦਲਾਅ ਕਾਰਨ ਕਿਸਾਨਾਂ ਨੇ ਦਿਨ ਰਾਤ ਦਾ ਪਹਿਰਾ ਲਾਇਆ ਹੋਇਆ ਹੈ ਅਤੇ ਅਫਸਰ ਵੀ ਨਿਗਰਾਨੀ ਰੱਖ ਰਹੇ ਹਨ। ਕਿਸਾਨਾਂ ਦਾ ਮੰਨਣਾ ਹੈ ਕਿ ਘੱਗਰ ਕਿਨਾਰੇੇ ਵੱਸੇ ਹਰਿਆਣਾ ਦੇ ਦੋ ਦਰਜਨ ਪਿੰਡਾਂ ਤੇ ਟਲਿਆ ਨਹੀਂ ਹੈ ਜਿਸ ਨੂੰ ਦੇਖਦਿਆਂ ਕਿਸਾਨ ਟਰੈਕਟਰਾਂ ਤੇ ਪ੍ਰਸ਼ਾਸ਼ਨ ਵੱਲੋਂ ਮੁਹੱਈਆ ਕਰਵਾਈਆਂ ਜੇਸੀਬੀ ਮਸ਼ੀਨਾਂ ਨਾਲ ਬੰਨ੍ਹ ਮਜਬੂਤ ਕਰਨ ’ਚ ਜੁਟੇ ਹੋਏ ਹਨ। ਕੰਮ ’ਚ ਕੋਈ ਰੁਕਾਵਟ ਨਾਂ ਪਵੇ ਬਿਜਲੀ ਮਹਿਕਮੇ ਨੇ ਲਾਈਟਾਂ ਦਾ ਪ੍ਰਬੰਧ ਕੀਤਾ ਹੋਇਆ ਹੈ।
ਕਿਸਾਨਾਂ ਦਾ ਕਹਿਣਾ ਸੀ ਕਿ ਬਾਰਸ਼ ਪੈਣ ਕਾਰਨ ਬੰਨ੍ਹ ਮਜਬੂਤ ਕਰਨ ਲਈ ਮਿੱਟੀ ਪਾਉਣ ਦੇ ਕੰਮ ’ਚ ਰੁਕਾਵਟ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਵੱਡੀ ਸਮੱਸਿਆ ਇਹ ਹੈ ਕਿ ਜਮੀਨ ਵਿਹਲੀ ਨਾਂ ਹੋਣ ਕਾਰਨ ਮਿਟੀ ਮਿਲਣੀ ਮੁਸ਼ਕਿਲ ਹੋਈ ਪਈ ਹੈ। ਕਿਸਾਨ ਆਖਦੇ ਹਨ ਕਿ ਔਕੜਾਂ ਦੇ ਬਾਵਜੂਦ ਘੱਗਰ ਨਦੀ ’ਚ ਪਾਣੀ ਆਉਣ ਅਤੇ ਵਧਣ ਦੇ ਖਦਸ਼ਿਆਂ ਕਾਰਨ ਲੋਕਾਂ ਨੇ ਆਪਣੇ ਪੱਧਰ ਤੇ ਕਈ ਪਿੰਡਾਂ ’ਚ ਘੱਗਰ ਦੇ ਬਣੇ ਬੰਨ੍ਹ ਮਜਬੂਤ ਕਰਨ ਦਾ ਕਾਰਜ ਵਿੱਢਿਆ ਹੋਇਆ ਹੈ ਜੋਕਿ ਲਗਾਤਾਰ ਜਾਰੀ ਹੈ । ਮੱਤੜ ਦੇ ਸਰਪੰਚ ਅਜਾਇਬ ਸਿੰਘ ਦਾ ਕਹਿਣਾ ਸੀ ਕਿ ਬੇਸ਼ੱਕ ਘੱਗਰ ’ਚ ਪਾਣੀ ਦਾ ਪੱਧਰ ਘਟਣ ਦੀ ਗੱਲ ਸਾਹਮਣੇ ਆ ਰਹੀ ਹੈ ਫਿਰ ਵੀ ਬੰਨ੍ਹ ਮਜਬੂਤ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਪਿੰਡ ਲਹਿੰਗੇ ਵਾਲਾ ਦੇ ਸਰਪੰਚ ਮੱਖਣ ਸਿੰਘ ਅਤੇ ਰੰਗਾ ਦੇ ਸਰਪੰਚ ਕਰਮਜੀਤ ਸਿੰਘ ਨੇ ਸਰਕਾਰ ਤੋਂ ਮੁਸਤੈਦੀ ਵਧਾਉਣ ਦੀ ਮੰਗ ਕੀਤੀ ਹੈ।
ਅਸੀਂ ਪੂਰੀ ਤਰਾਂ ਚੌਕਸ :ਬਣਵਾਲੀ
ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਦਾ ਕਹਿਣਾ ਸੀ ਕਿ ਅੱਜ ਘੱਗਰ ’ਚ ਪਾਣੀ ਘਟਿਆ ਹੈ ਫਿਰ ਵੀ ਪ੍ਰਸ਼ਾਸ਼ਨ ਮੁਸਤੈਦ ਹੈ। ਉਨ੍ਹਾਂ ਕਿਹਾ ਕਿ ਕਿਸੇ ਹੰਗਾਮੀ ਹਾਲਤ ਨਾਲ ਨਜਿੱਠਣ ਲਈ 10 ਹਜ਼ਾਰ ਗੱਟਾ ਮਿਟੀ ਦਾ ਭਰਕੇ ਰੱਖਿਆ ਹੋਇਆ ਹੈ। ਉਨ੍ਹਾਂ ਲੋਕਾਂ ਨੂੰ ਘਬਰਾਉਣ ਦੀ ਥਾਂ ਚੌਕਸੀ ਵਰਤਣ ਦੀ ਸਲਾਹ ਵੀ ਦਿੱਤੀ ਹੈ।