ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਪਰਿਵਾਰ ਅਤੇ ਟੀਮ ਨਾਲ ਹੜ ਪੀੜਤਾਂ ਦੀ ਮਦਦ ਵਿੱਚ ਰੁੱਝੇ
- ਪਹਿਲੇ ਦਿਨ ਤੋਂ ਹੀ ਪਿੰਡਾਂ ਵਿੱਚ ਸਰਗਰਮ ਰਹਿ ਕੇ ਕਰ ਰਹੇ ਨੇ ਲੋਕ ਸੇਵਾ
ਅਜਨਾਲਾ , 31 ਅਗਸਤ 2025--
ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ ਜਿਨਾਂ ਦਾ ਹਲਕਾ ਹੜਾਂ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਉਹ ਆਪਣੇ ਪਰਿਵਾਰ ਅਤੇ ਵਰਕਰਾਂ ਦੀ ਟੀਮ ਨਾਲ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਨਿਰੰਤਰ ਲੋਕ ਸੇਵਾ ਵਿੱਚ ਲੱਗੇ ਹੋਏ ਹਨ। ਸਵੇਰੇ ਦਿਨ ਚੜਦੇ ਤੋਂ ਲੈ ਕੇ ਦੇਰ ਰਾਤ ਤੱਕ ਰਾਹਤ ਦੇ ਇਹ ਕੰਮ ਲਗਾਤਾਰ ਜਾਰੀ ਰਹਿੰਦੇ ਹਨ, ਜਿਸ ਵਿੱਚ ਉਹਨਾਂ ਦੇ ਬੇਟੇ ਖੁਸ਼ਹਾਲ ਸਿੰਘ ਧਾਲੀਵਾਲ, ਉਹਨਾਂ ਦੀ ਨੁੰਹ ਐਡਵੋਕੇਟ ਅਮਨਦੀਪ ਕੌਰ ਅਤੇ ਪਾਰਟੀ ਦੇ ਦਰਜਾ ਬ ਦਰਜਾ ਵਰਕਰ ਉਹਨਾਂ ਦੇ ਨਾਲ ਇਸ ਕੰਮ ਵਿੱਚ ਵੱਡਾ ਸਾਥ ਦੇ ਰਹੇ ਹਨ।
ਬਿਨਾਂ ਕੋਈ ਰਾਜਸੀ ਟਿੱਪਣੀਆਂ ਜਾਂ ਵਿਰੋਧੀਆਂ ਦਾ ਜਵਾਬ ਦਿੰਦੇ ਉਹ ਆਪਣੇ ਕੰਮ ਨਾਲ ਹੀ ਵਿਰੋਧੀਆਂ ਨੂੰ ਜਵਾਬ ਦੇ ਰਹੇ ਹਨ। ਭਾਵੇਂ ਇਲਾਕੇ ਵਿੱਚ ਵੱਖ ਵੱਖ ਪਾਰਟੀਆਂ ਦੇ ਅਹੁਦੇਦਾਰ ਅਤੇ ਨੇਤਾ ਆ ਕੇ ਇਸ ਮੌਕੇ ਦਾ ਰਾਜਨੀਤੀਕਰਨ ਕਰਦੇ ਹਨ ਪਰ ਉਹ ਇਹਨਾਂ ਨੂੰ ਮੀਡੀਆ ਰਾਹੀਂ ਜਵਾਬ ਨਹੀਂ ਦੇ ਰਹੇ ਬਲਕਿ ਕੰਮ ਕਰਕੇ ਵਿਖਾ ਰਹੇ ਹਨ।
ਉਹਨਾਂ ਦੇ ਨਾਲ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਟੀਮਾਂ ਵੀ ਨਿਰੰਤਰ ਲੋਕਾਂ ਨੂੰ ਰਾਸ਼ਨ, ਪੀਣ ਵਾਲਾ ਪਾਣੀ, ਪਸ਼ੂਆਂ ਦਾ ਚਾਰਾ ਅਤੇ ਦਵਾਈਆਂ ਪਹੁੰਚਾਉਣ ਲਈ ਕੰਮ ਕਰ ਰਹੀਆਂ ਹਨ। ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕੀਤੇ ਜਾ ਰਹੇ ਇਸ ਕੰਮ ਦੀ ਚਰਚਾ ਸੋਸ਼ਲ ਮੀਡੀਆ ਉਤੇ ਵੀ ਹੋਣ ਲੱਗੀ ਹੈ। ਉਹ ਅਕਸਰ ਆਪਣਾ ਕੰਮ ਕਰਦੇ ਹੋਏ ਮੀਡੀਏ ਨੂੰ ਵੀ ਅਣਗੌਲਿਆਂ ਕਰਦੇ ਹਨ ਤਾਂ ਜੋ ਵੱਧ ਤੋਂ ਵੱਧ ਸਮਾਂ ਲੋਕਾਂ ਦੀ ਸੇਵਾ ਵਿੱਚ ਲਗਾਇਆ ਜਾ ਸਕੇ । ਹਲਕੇ ਵਿੱਚ ਟੁੱਟੀ ਨਹਿਰ ਨੂੰ ਬੰਨਣ ਤੱਕ ਵੀ ਉਹ ਮੌਕੇ ਉੱਤੋਂ ਨਹੀਂ ਹਟੇ ਅਤੇ ਨਾਲ ਲੱਗ ਕੇ ਕਹੀ ਅਤੇ ਟੋਕਰੀ ਦੀ ਸੇਵਾ ਬਰਾਬਰ ਕਰਦੇ ਰਹੇ ।
ਉਹਨਾਂ ਦੀਆਂ ਇਹਨਾਂ ਕੋਸ਼ਿਸ਼ਾਂ ਸਦਕਾ ਹੀ ਹਲਕਾ ਅਜਨਾਲਾ ਵਿੱਚ 1700 ਤੋਂ ਵੱਧ ਬੰਦਿਆਂ ਨੂੰ ਰੈਸਕਿਊ ਕਰਕੇ ਸੁਰੱਖਿਤ ਥਾਵਾਂ ਉੱਤੇ ਪਹੁੰਚਾਇਆ ਜਾ ਚੁੱਕਾ ਹੈ ਅਤੇ ਹਜ਼ਾਰਾਂ ਹੀ ਬੰਦਿਆਂ ਨੂੰ ਲੰਗਰ ਅਤੇ ਰਾਸਨ ਦੀ ਸੁਵਿਧਾ ਪਹੁੰਚ ਸਕੀ ਹੈ। ਸ਼ਾਇਦ ਕੁਲਦੀਪ ਸਿੰਘ ਧਾਲੀਵਾਲ ਦੀ ਹਾਂ ਪੱਖੀ ਸੋਚ ਸਦਕਾ ਹੀ ਵੱਖ ਵੱਖ ਨਾਮੀ ਹਸਤੀਆਂ, ਜਿਨਾਂ ਵਿੱਚ ਗਾਇਕ ਸਤਿੰਦਰ ਸਰਤਾਜ, ਗਾਇਕ ਜਸਬੀਰ ਜੱਸੀ, ਖਾਲਸਾ ਏਡ, ਸਰਬੱਤ ਦਾ ਭਲਾ ਅਤੇ ਅੰਮ੍ਰਿਤਸਰ ਸ਼ਹਿਰ ਦੀਆਂ ਹੋਰ ਵੱਡੀਆਂ ਸੰਸਥਾਵਾਂ ਇਸ ਇਲਾਕੇ ਵਿੱਚ ਆ ਕੇ ਲੋਕਾਂ ਦੀ ਸੇਵਾ ਕਰ ਰਹੀਆਂ ਹਨ।
ਸੇਵਾ ਦੇ ਨਾਲ ਨਾਲ ਉਹਨਾਂ ਨੇ ਇਸ ਮੌਕੇ ਮੀਡੀਏ ਨਾਲ ਜੇਕਰ ਕਿਧਰੇ ਗੱਲ ਕੀਤੀ ਹੈ ਤਾਂ ਉਹ ਆਪਣੇ ਲੋਕਾਂ ਲਈ ਰਾਹਤ ਪੈਕਜ ਲੈਣ ਦੀ ਹੀ ਕੀਤੀ ਹੈ। ਚਾਹੇ ਉਨ੍ਹਾਂ ਇਹ ਬਿਆਨ ਭਾਜਪਾ ਲਈ ਕੀਤਾ ਹੈ ਜਾਂ ਕਿਸੇ ਹੋਰ ਲਈ।