Big Breaking: ਰਾਣਾ ਸੋਢੀ ਦਾ ਸਾਬਕਾ PA ਅਤੇ ਕਾਂਗਰਸੀ ਲੀਡਰ ਦੀ ਕਥਿਤ ਰਿਸ਼ਵਤ ਲੈਣ-ਦੇਣ ਬਾਰੇ ਡੀਲ ਦਾ ਵੀਡੀਓ ਵਾਇਰਲ, FIR ਦਰਜ
ਵੀਡੀਓ ਨੂੰ ਤੋੜ–ਮਰੋੜ ਕੇ ਪੇਸ਼ ਕੀਤਾ ਗਿਆ ਹੈ: ਗੁਰਦੀਪ ਢਿੱਲੋਂ
ਫਿਰੋਜ਼ਪੁਰ, 30 ਅਗਸਤ 2025: ਭਾਜਪਾਈ ਲੀਡਰ ਰਾਣਾ ਗੁਰਮੀਤ ਸਿੰਘ ਸੋਢੀ ਦਾ ਸਾਬਕਾ ਪੀਏ ਅਤੇ ਕਾਂਗਰਸੀ ਲੀਡਰ ਗੁਰਦੀਪ ਸਿੰਘ ਢਿੱਲੋਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕਥਿਤ ਤੌਰ 'ਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਨਾਮ 'ਤੇ ਪੈਸੇ ਲੈ ਕੇ ਕੋਈ ਮਾਮਲਾ ਸੈਟਲ ਕਰਨ ਦੀ ਗੱਲ ਕਰਦੇ ਦਿੱਖ ਰਹੇ ਹਨ।
ਵਾਇਰਲ ਵੀਡੀਓ ਵਿੱਚ ਢਿੱਲੋਂ ਇਹ ਕਹਿੰਦੇ ਸੁਣੇ ਜਾ ਰਹੇ ਹਨ ਕਿ ਮਾਮਲੇ ਨੂੰ ਸੈਟਲ ਕਰਨ ਲਈ ਡਿਪਟੀ ਕਮਿਸ਼ਨਰ 2 ਲੱਖ ਰੁਪਏ ਮੰਗ ਰਹੇ ਹਨ, ਪਰ ਇਹ ਕੰਮ 40–50 ਹਜ਼ਾਰ ਰੁਪਏ ਵਿੱਚ ਵੀ ਹੋ ਸਕਦਾ ਹੈ। ਵੀਡੀਓ ਵਿੱਚ ਢਿੱਲੋਂ ਨੂੰ ਪੈਸੇ ਲੈਂਦੇ ਹੋਏ ਵੀ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਇੱਕ ਲੱਖ ਰੁਪਏ ਤੋਂ ਵੱਧ ਦੀ ਰਕਮ ਦਿਖਾਈ ਦੇ ਰਹੀ ਹੈ। ਇਸ ਤੋਂ ਬਾਅਦ ਕੁਝ ਗੱਲਬਾਤ ਵੀ ਰਿਕਾਰਡ ਕੀਤੀ ਗਈ ਹੈ।
ਵਾਇਰਲ ਵੀਡੀਓ 'ਤੇ ਪ੍ਰਤੀਕ੍ਰਿਆ ਦਿੰਦਿਆਂ ਗੁਰਦੀਪ ਸਿੰਘ ਢਿੱਲੋਂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ। ਉਸਨੇ ਕਿਹਾ ਕਿ ਇਹ ਕਲਿੱਪ “ਪੁਰਾਣੀ, ਤੋੜੀ–ਮਰੋੜੀ ਹੋਈ ਤੇ ਭ੍ਰਮਿਤ ਕਰਨ ਵਾਲੀ” ਹੈ, ਜਿਸਨੂੰ ਉਨ੍ਹਾਂ ਦੀ ਬਦਨਾਮੀ ਲਈ ਫੈਲਾਇਆ ਗਿਆ ਹੈ। ਢਿੱਲੋਂ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਕਦੇ ਵੀ ਡਿਪਟੀ ਕਮਿਸ਼ਨਰ ਦੇ ਨਾਮ 'ਤੇ ਪੈਸੇ ਨਹੀਂ ਲਏ।
ਰਿਪੋਰਟਾਂ ਮੁਤਾਬਕ, ਇਸ ਮਾਮਲੇ ਵਿੱਚ ਇੱਕ ਐਫ਼ਆਈਆਰ ਵੀ ਦਰਜ ਕੀਤੀ ਗਈ ਹੈ। ਇਹ ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਇਹ ਵੀਡੀਓ ਪੰਜਾਬ ਦੀ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਢਿੱਲੋਂ ਦੇ ਅਨੁਸਾਰ, ਇਹ ਉਨ੍ਹਾਂ ਦੀ ਛਵੀ ਖਰਾਬ ਕਰਨ ਲਈ ਇੱਕ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਪੂਰਾ ਸੱਚ ਸਾਹਮਣੇ ਆਵੇਗਾ।