‘47 ਦੇ ਹੱਲਿਆਂ ਦੇ ਗਵਾਹ ਰਹੇ ਬਾਪੂ ਰਾਮ ਕ੍ਰਿਸ਼ਨ ਸਿੰਘ ਨਮਿਤ ਅਰਦਾਸ ਮੌਕੇ ਸ਼ਰਧਾਂਜਲੀਆਂ ਅਰਪਿਤ
- ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਤੇ ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ
- ਬਾਪੂ ਰਾਮ ਕ੍ਰਿਸ਼ਨ ਸਿੰਘ ਦੀ ਯਾਦ ਸਦੀਵੀ ਬਣਾਉਣ ਲਈ ਪਿੰਡ ਢੈਂਠਲ ਦੇ ਵਿਕਾਸ ਕਾਰਜਾਂ ‘ਚ ਕੋਈ ਕਸਰ ਨਹੀਂ ਛੱਡੀ ਜਾਵੇਗੀ- ਜੌੜਾਮਾਜਰਾ
- ਬਾਪੂ ਰਾਮ ਕ੍ਰਿਸ਼ਨ ਸਿੰਘ ਦਾ ਜੀਵਨ ਸਮਾਜ ਲਈ ਚਾਨਣ ਮੁਨਾਰਾ- ਡਾ. ਪ੍ਰੀਤੀ ਯਾਦਵ
ਸਮਾਣਾ, ਪਟਿਆਲਾ, 6 ਜੁਲਾਈ 2025 - 1947 ਦੇ ਹੱਲਿਆਂ ਦੇ ਚਸ਼ਮਦੀਦ ਗਵਾਹ ਰਹੇ ਬਾਪੂ ਰਾਮ ਕ੍ਰਿਸ਼ਨ ਸਿੰਘ ਗਹੀਰ ਜੋ ਕਿ 102 ਸਾਲਾਂ ਦੀ ਤੰਦਰੁਸਤ ਜਿੰਦਗੀ ਹੰਢਾ ਕੇ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਨਮਿਤ ਅੰਤਿਮ ਅਰਦਾਸ ਮੌਕੇ ਪਿੰਡ ਢੈਂਠਲ ਵਿਖੇ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਨੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਪਤਨੀ ਸਿਮਰਜੀਤ ਕੌਰ ਪਠਾਣਮਾਜਰਾ, ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਵਿਧਾਇਕ ਰਜਿੰਦਰ ਸਿੰਘ, ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਚੜ੍ਹਦੀਕਲਾ ਟਾਈਮ ਟੀਵੀ ਦੇ ਚੇਅਰਮੈਨ ਪਦਮਸ਼੍ਰੀ ਜਗਜੀਤ ਸਿੰਘ ਦਰਦੀ, ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਐਡਵੋਕੇਟ ਸਤਨਾਮ ਸਿੰਘ ਕਲੇਰ, ਪੰਜਾਬ ਕਾਂਗਰਸ ਦੇ ਬੁਲਾਰੇ ਸੰਦੀਪ ਸਿੰਗਲਾ, ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ, ਜ਼ਿਲ੍ਹਾ ਲੋਕ ਸੰਪਰਕ ਅਫਸਰ ਭੁਪੇਸ਼ ਚੱਠਾ, ਏਪੀਆਰਓ ਜਸਤਰਨ ਸਿੰਘ, ਸਾਬਕਾ ਡੀਐਸਪੀ ਨਾਹਰ ਸਿੰਘ, ਪਟਿਆਲਾ ਜ਼ਿਲ੍ਹੇ ਦੇ ਪੱਤਰਕਾਰਾਂ ਸਮੇਤ ਹੋਰ ਵੱਡੀ ਗਿਣਤੀ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਜਥੇਦਾਰ ਭਾਈ ਗੁਰਸੇਵਕ ਸਿੰਘ ਅਲੌਹਰਾ ਸਾਹਿਬ ਨੇ ਵੈਰਾਗਮਈ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ।
ਇਸ ਮੌਕੇ ਪਰਿਵਾਰ ਵੱਲੋਂ ਸੰਗਤ ਦਾ ਧੰਨਵਾਦ ਕਰਦਿਆਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਬਾਪੂ ਰਾਮ ਕ੍ਰਿਸ਼ਨ ਨੇ ਇਕ ਸਦੀ ਤੋਂ ਵੱਧ ਸਮੇਂ ਤੱਕ ਆਪਣੀ ਜ਼ਿੰਦਗੀ ਬਹੁਤ ਵਧੀਆ ਢੰਗ ਨਾਲ ਬਿਤਾਈ ਹੈ ਅਤੇ ਉਨ੍ਹਾਂ ਦਾ ਸਮੁੱਚਾ ਜੀਵਨ ਸਾਡੇ ਲਈ ਸੇਧ ਦੇਣ ਵਾਲਾ ਹੈ। ਉਨ੍ਹਾਂ ਕਿਹਾ ਕਿ ਐਨੀ ਲੰਬੀ ਉਮਰ ਕਿਸੇ ਵਿਰਲੇ ਵਿਅਕਤੀ ਨੂੰ ਹੀ ਮਿਲਦੀ ਹੈ ਅਤੇ ਇਹ ਖੁਸ਼ੀ ਵਾਲੀ ਗੱਲ ਹੈ ਕਿ ਬਾਪੂ ਰਾਮ ਕ੍ਰਿਸ਼ਨ ਦੀ ਵਿਰਾਸਤ ਨੂੰ ਉਨ੍ਹਾਂ ਦੇ ਪੋਤਰੇ ਏਪੀਆਰਓ ਹਰਦੀਪ ਸਿੰਘ ਸਮੇਤ ਸਮੁੱਚਾ ਪਰਿਵਾਰ ਵਧੀਆ ਤਰੀਕੇ ਨਾਲ ਅੱਗੇ ਵਧਾ ਰਹੇ ਹਨ।
ਜੌੜਾਮਾਜਰਾ ਨੇ ਕਿਹਾ ਕਿ ਬਾਪੂ ਰਾਮ ਕ੍ਰਿਸ਼ਨ ਸਿੰਘ ਦੀ ਯਾਦ ਸਦੀਵੀ ਬਣਾਉਣ ਲਈ ਪਿੰਡ ਢੈਂਠਲ ਦੇ ਵਿਕਾਸ ਕਾਰਜਾਂ ‘ਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਬਾਪੂ ਜੀ ਦਾ ਜੀਵਨ ਸਮਾਜ ਲਈ ਇੱਕ ਚਾਨਣ ਮੁਨਾਰਾ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਾਦਾ ਜੀਵਨ ਬਤੀਤ ਕਰਦਿਆਂ ਸਮਾਜ ਨੂੰ ਨਵੀਆਂ ਸੇਧਾਂ ਦਿੱਤੀਆਂ ਅਤੇ ਅੰਤਲੇ ਸਵਾਸਾਂ ਤੱਕ ਉਹ ਆਪਣੀ ਮਿੱਟੀ ਨਾਲ ਜੁੜੇ ਰਹੇ।
ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ, ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਸਕੱਤਰ ਸੂਚਨਾ ਤੇ ਲੋਕ ਸੰਪਰਕ ਸ੍ਰੀ ਰਾਮਬੀਰ, ਪਟਿਆਲਾ ਦੇ ਡੀਆਈਜੀ ਡਾ ਨਾਨਕ ਸਿੰਘ ਤੇ ਐਸਐਸਪੀ ਵਰੁਣ ਸ਼ਰਮਾ, ਰਾਮਗੜ੍ਹੀਆ ਅਕਾਲ ਜੱਥੇਬੰਦੀ ਦੇ ਸੂਬਾ ਚੇਅਰਮੈਨ ਜਗਜੀਤ ਸਿੰਘ ਸੱਗੂ, ਭਾਈ ਲਾਲੋ ਫਾਊਡੇਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਰਾਮਗੜ੍ਹੀਆ, ਪਟਿਆਲਾ ਮੀਡੀਆ ਕਲੱਬ, ਜਰਨਲਿਸਟ ਪ੍ਰੈਸ ਕਲੱਬ ਸਮਾਣਾ ਸਮੇਤ ਹੋਰ ਵੱਖ-ਵੱਖ ਜਥੇਬੰਦੀਆਂ ਨੇ ਸ਼ੋਕ ਮਤੇ ਭੇਜੇ।