Punjab News: ਮਸ਼ਹੂਰ ਅਦਾਕਾਰਾ ਤਾਨੀਆ ਦੇ ਪਿਤਾ ਡਾ. ਅਨਿਲ ਕੰਬੋਜ ਦੀ ਗੋਲੀਆਂ ਲੱਗਣ ਮਗਰੋਂ ਹਾਲਤ ਗੰਭੀਰ, ਸਿਹਤ ਮੰਤਰੀ ਨੇ ਜਾਣਿਆ ਹਾਲ
ਸਿਹਤ ਮੰਤਰੀ ਵੱਲੋਂ ਡਾ. ਅਨਿਲ ਕੰਬੋਜ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ
ਸਿਹਤ ਮੰਤਰੀ ਨੇ ਮਸ਼ਹੂਰ ਅਦਾਕਾਰਾ ਤਾਨੀਆ ਦੇ ਪਿਤਾ ਡਾ ਅਨਿਲ ਕੰਬੋਜ ਦੀ ਸਿਹਤ ਦਾ ਮੋਗਾ ਪਹੁੰਚ ਕੇ ਜਾਣਿਆ ਹਾਲ*
ਪੰਜਾਬ ਅੰਦਰ ਕਾਨੂੰਨ ਵਿਵਸਥਾ ਭੰਗ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ-ਸਿਹਤ ਮੰਤਰੀ
ਡਾ. ਅਨਿਲ ਕੰਬੋਜ ਨੂੰ ਮਿਲ ਰਿਹੈ ਅਤਿ ਉੱਤਮ ਇਲਾਜ, ਪੰਜਾਬ ਸਰਕਾਰ ਦੇ ਰਹੀ ਪੂਰਨ ਯੋਗਦਾਨ
ਡੀ ਐਮ ਸੀ ਦੇ ਮਾਹਿਰ ਡਾਕਟਰਾਂ ਦੀ ਟੀਮ ਵੀ ਜਲਦੀ ਆਵੇਗੀ ਮੋਗਾ
ਦੋਸ਼ੀਆਂ ਨੂੰ ਜਲਦੀ ਫੜ੍ਹਕੇ ਦਿੱਤੀਆਂਂ ਜਾਣਗੀਆਂ ਮਿਸਾਲੀ ਸਜਾਵਾਂ
ਮੋਗਾ, 6 ਜੁਲਾਈ 2025- ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਭੰਗ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਉੱਤੇ ਬਖਸ਼ਇਆ ਨਹੀ ਜਾ ਰਿਹਾ ਬੀਤੇ ਦਿਨੀਂ ਮੋਗਾ ਵਿਖੇ ਮਸ਼ਹੂਰ ਅਦਾਕਾਰਾ ਤਾਨੀਆ ਦੇ ਪਿਤਾ ਡਾ. ਅਨਿਲ ਕੰਬੋਜ ਉਪਰ ਹੋਏ ਜਾਨਲੇਵਾ ਹਮਲੇ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ ਅਤੇ ਪੰਜਾਬ ਸਰਕਾਰ ਇਸਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ੇਗੀ ਨਹੀਂ ਭਾਵੇਂ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਛੁਪ ਜਾਣ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਮੋਗਾ ਦੇ ਸੁਪਰ ਮੈਡੀਸਿਟੀ ਤੇ ਸੁਪਰ ਸਪੈਸ਼ਲਲਿਟੀ ਹਸਪਤਾਲ ਵਿੱਚ ਡਾ. ਅਦਾਕਾਰਾ ਤਾਨੀਆ ਦੇ ਪਿਤਾ ਅਨਿਲ ਕੰਬੋਜ ਦੀ ਸਿਹਤ ਦਾ ਹਾਲ ਚਾਲ ਜਾਣਨ ਲਈ ਵਿਸ਼ੇਸ਼ ਤੌਰ ਤੇ ਪਹੁੰਚਣ ਮੌਕੇ ਕੀਤਾ। ਉਹਨਾਂ ਕਿਹਾ ਕਿ ਇੱਕ ਨਕਲੀ ਮਰੀਜ ਬਣਕੇ ਡਾਕਟਰ ਉਪਰ ਗੋਲੀਆਂ ਚਲਾਉਣੀਆਂ ਕੋਈ ਇਨਸਾਨੀਅਤ ਵਾਲੀ ਗੱਲ ਨਹੀਂ ਹੈ। ਡਾ. ਅਨਿਲ ਕੰਬੋਜ ਦੀ ਜਾਨ ਬਚਾਉਣ ਲਈ ਉਹਨਾਂ ਸਭ ਤੋਂ ਉੱਤਮ ਦਰਜੇ ਦਾ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਇਲਾਜ ਲਈ ਪੰਜਾਬ ਸਰਕਾਰ ਹਰ ਸੰਭਵ ਮੱਦਦ ਕਰ ਰਹੀ ਹੈ। ਇਸ ਮੌਕੇ ਉਹਨਾਂ ਡੀ ਐਮ ਸੀ ਐਚ ਦੇ ਹੈੱਡ ਅਤੇ ਪ੍ਰਸਿੱਧ ਪ੍ਰੋਫੈਸਰ ਕਾਰਡੀਓਲਾਜੀ ਡਾ ਬਿਸ਼ਵ ਮੋਹਨ ਤੋਂ ਆਨਲਾਈਨ ਡਾ. ਅਨਿਲ ਕੰਬੋਜ ਦੀ ਸਿਹਤ ਸਬੰਧੀ ਡਾਕਟਰੀ ਸੁਝਾਅ ਲਿਆ। ਉਹਨਾਂ ਕਿਹਾ ਕਿ ਡੀ ਐਮ ਸੀ ਦੇ ਮਾਹਿਰ ਡਾਕਟਰਾਂ ਦੀ ਟੀਮ ਵੀ ਜਲਦੀ ਹੀ ਇੱਥੇ ਪਹੁੰਚੇਗੀ। ਸਮੁੱਚੀ ਲੀਡਰਸ਼ਿਪ ਦੀਆਂ ਦੁਆਵਾਂ ਵੀ ਉਹਨਾਂ ਦਾ ਨਾਲ ਹਨ ਅਤੇ ਪਰਮਾਤਮਾ ਦੀ ਕਿਰਪਾ ਨਾਲ ਉਹ ਜਲਦੀ ਸਿਹਤਯਾਬ ਹੋਣਗੇ। ਉਹਨਾਂ ਕਿਹਾ ਕਿ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਵੀ ਉਹਨਾਂ ਦੀ ਰੋਜਾਨਾ ਸਿਹਤ ਸਬੰਧੀ ਅਪਡੇਟ ਲੈ ਰਹੇ ਹਨ। ਉਹਨਾਂ ਕਿਹਾ ਕਿ ਜਿਨਾਂ ਨੇ ਇਸ ਘਨੌਣੀ ਹਰਕਤ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੂੰ ਮਿਸਾਲੀ ਸਜਾਵਾਂ ਦਿੱਤੀਆਂ ਜਾਣਗੀਆਂ। ਪੰਜਾਬ ਸਰਕਾਰ ਡਾਕਟਰ ਅਤੇ ਉਹਨਾਂ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਹਨਾਂ ਡਾ. ਅਨਿਲ ਕੰਬੋਜ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਹੌਂਸਲੇ ਤੋਂ ਕੰਮ ਲੈਣ ਲਈ ਕਿਹਾ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਡਾਕਟਰਾਂ ਦੀ ਸੁਰੱਖਿਆ ਲਈ ਉੱਚੇਚੇ ਯਤਨ ਕੀਤੇ ਜਾ ਰਹੇ ਹਨ ਹਸਪਤਾਲਾਂ ਦੀ ਨੇੜੇ ਦੇ ਪੁਲਿਸ ਸਟੇਸ਼ਨਾਂ ਨਾਲ ਮੈਪਿੰਗ ਕੀਤੀ ਗਈ ਹੈ।ਮੈਡੀਕਲ ਸਟਾਫ ਨਾਲ ਦੁਰਵਿਵਹਾਰ ਕਰਨ ਵਾਲਾ ਕੋਈ ਵੀ ਵਿਅਕਤੀ ਬਖਸ਼ਿਆ ਨਹੀਂ ਜਾ ਰਿਹਾ ਇਸ ਸਬੰਧੀ ਜ਼ਿਲ੍ਹਾ ਪੱਧਰੀ ਕਮੇਟੀਆਂ ਵੀ ਬਣਾਈਆਂ ਗਈਆ ਹਨ।
ਇਸ ਮੌਕੇ ਉਹਨਾਂ ਨਾਲ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਧਰਮਕੋਟ ਡਾ. ਦਵਿੰਦਰਜੀਤ ਸਿੰਘ ਲਾਡੀ ਢੋਸ, ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਚਾਰੂਮਿਤਾ, ਐਸ.ਐਸ.ਪੀ. ਮੋਗਾ ਸ਼੍ਰੀ ਅਜੇ ਗਾਂਧੀ ਤੇ ਹੋਰ ਵੀ ਰਾਜਨੀਤਿਕ ਲੋਕ ਤੇ ਪ੍ਰਸ਼ਾਸ਼ਨਿਕ ਅਧਿਕਾਰੀ ਹਾਜਰ ਰਹੇ।