ਬਠਿੰਡਾ ਆਰਮੀ ਏਰੀਏ 'ਚ ਭਲਕੇ ਤਰਕਾਲਾਂ ਵੇਲੇ ਹੋਵੇਗੀ ਮੌਕ ਡਰਿੱਲ, ਨਾਲ ਹੀ ਛਾ ਜਾਵੇਗਾ ਘੁੱਪ ਹਨ੍ਹੇਰਾ
ਲੋਕਾਂ ਨੂੰ ਨਾ ਘਬਰਨਾਉਣ ਦੀ ਕੀਤੀ ਅਪੀਲ
ਅਸ਼ੋਕ ਵਰਮਾ
ਬਠਿੰਡਾ, 30 ਮਈ 2025: ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਕਿਸੇ ਵੀ ਅਗਾਊਂ ਸਥਿਤੀ ਨਾਲ ਨਜਿੱਠਣ ਅਤੇ ਜ਼ਿਲ੍ਹਾ ਵਾਸੀਆਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਸ਼ਾਸਨ ਵੱਲੋਂ ਆਰਮੀ ਖੇਤਰ ਤੇ ਗਣਪਤੀ ਕਲੋਨੀ ਦੇ ਨਜ਼ਦੀਕੀ ਇਲਾਕੇ ਵਿੱਚ 31 ਮਈ ਸ਼ਾਮ 6 ਵਜ੍ਹੇ ਮੋਕ ਡਰਿੱਲ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ 31 ਮਈ ਨੂੰ ਪੂਰੇ ਜ਼ਿਲ੍ਹੇ ਵਿੱਚ ਸ਼ਾਮ 8:30 ਤੋਂ 8:40 ਤੱਕ ਬਲੈਕ ਆਊਟ ਵੀ ਰਹੇਗਾ।
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਦੌਰਾਨ ਕਿਸੇ ਵੀ ਘਬਰਾਹਟ ਵਿਚ ਨਾ ਆਉਣ, ਬਲਕਿ ਜ਼ਿਲ੍ਹਾ ਪ੍ਸ਼ਾਸਨ ਨਾਲ ਸਹਿਯੋਗ ਕਰਨ। ਉਨ੍ਹਾਂ ਦੱਸਿਆ ਕਿ ਅਜਿਹੀ ਸਥਿਤੀ ਦੌਰਾਨ ਸਾਇਰਨ ਵੱਜੇਗਾ, ਜਿਸਦੀ ਹਰੇਕ ਨਾਗਰਿਕ ਵੱਲੋਂ ਪਾਲਣਾ ਕਰਨੀ ਲਾਜ਼ਮੀ ਬਣਾਈ ਜਾਵੇ।
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ 31 ਮਈ ਸ਼ਾਮ 6 ਵਜ਼ੇ ਹੋਣ ਵਾਲੇ ਮੋਕ ਡਰਿੱਲ ਦਾ ਮੁੱਖ ਮਕਸਦ ਭਵਿੱਖ ਅੰਦਰ ਕਿਸੇ ਵੀ ਸਥਿਤੀ ਨੂੰ ਨਜਿੱਠਣ ਲਈ ਇਕ ਅਭਿਆਸ ਹੈ। ਉਨ੍ਹਾਂ ਦੱਸਿਆ ਸਾਇਰਨ ਦੀ ਆਵਾਜ਼ ਸੁਣਕੇ ਲੋਕ ਖੁਦ ਘਰਾਂ ਦੀਆਂ ਲਾਈਟਾਂ ਬੰਦ ਕਰਨੀਆਂ ਯਕੀਨੀ ਬਣਾਉਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਕੰਚਨ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ ਨਰਿੰਦਰ ਸਿੰਘ, ਐਸਡੀਐਮ ਬਠਿੰਡਾ ਬਲਕਰਨ ਸਿੰਘ ਮਾਹਲ, ਐਸਡੀਐਮ ਤਲਵੰਡੀ ਸਾਬੋ ਸ੍ਰੀ ਪੰਕਜ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।