Ludhiana: ਗੋਗੀ ਦੇ ਭਤੀਜੇ ਪਰਮਵੀਰ, ਕੌਂਸਲਰ ਤੇ ਪੇਡਾ ਦੇ ਸਾਬਕਾ ਚੇਅਰਮੈਨ ਕਾਂਗਰਸ 'ਚ ਹੋਏ ਸ਼ਾਮਲ
ਚੰਨੀ, ਰਾਣਾ, ਪ੍ਰਗਟ, ਵੇਰਕਾ ਨੇ ਆਸ਼ੂ ਦੀ ਮੌਜੂਦਗੀ ਵਿੱਚ ਕਾਂਗਰਸ ਪਰਿਵਾਰ ਵਿੱਚ ਸ਼ਾਮਲ ਹੋਏ ਆਗੂਆਂ ਦਾ ਕੀਤਾ ਸਵਾਗਤ
ਆਸ਼ੂ ਨੇ ਕਿਹਾ, ਨਾਮਜ਼ਦਗੀ ਸਮੇਂ ਕਾਂਗਰਸ ਦੀ ਤਾਕਤ ਨੂੰ ਦੇਖ ਬਿਖਰਣ ਲਗਾ ਝਾੜੂ
ਲੁਧਿਆਣਾ, 30 ਮਈ 2025- ਦਿੱਲੀ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਡੁੱਬਦੇ ਜਹਾਜ਼ ਨੂੰ ਛੱਡ ਕੇ ’ਆਪ’ ਦੇ ਵਾਰਡ-58 ਦੇ ਕੌਂਸਲਰ ਸੰਨੀ ਮਾਸਟਰ (ਸਤਨਾਮ ਸਿੰਘ), ਸਾਬਕਾ ਵਿਧਾਇਕ ਸਵ. ਗੁਰਪ੍ਰੀਤ ਗੋਗੀ ਦੇ ਭਤੀਜੇ ਪਰਮਵੀਰ, ਭਾਜਪਾ ਆਗੂ ਅਤੇ ਪੇਡਾ ਦੇ ਸਾਬਕਾ ਚੇਅਰਮੈਨ ਕਰਨ ਵੜਿੰਗ ਅਪਣੀਆਂ-ਅਪਣੀਆਂ ਪਾਰਟੀਆਂ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਉਪਰੋਕਤ ਲੋਕਾਂ ਦੀ ਘਰ ਵਾਪਸੀ ਨਾਲ ਪੱਛਮੀ ਵਿਧਾਨ ਸਭਾ ਵਿੱਚ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਸਥਿਤੀ ਮਜ਼ਬੂਤ ਹੋ ਗਈ। ਸਾਬਕਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ, ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਪ੍ਰਗਟ ਸਿੰਘ, ਸਾਬਕਾ ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ,ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ,ਇਸ਼ਵਰਜੋਤ ਚੀਮਾ ਨੇ ਆਸ਼ੂ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਵਾਪਸ ਪਰਤੇ ਨੌਜਵਾਨ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਚਰਨਜੀਤ ਚੰਨੀ ਨੇ ਪੰਜਾਬ ਵਿੱਚ ਲਗਾਤਾਰ ਵਧਦੀਆਂ ਫਿਰੌਤੀ, ਡਕੈਤੀਆਂ ਅਤੇ ਬੰਬ ਧਮਾਕਿਆਂ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਿੱਲੀ ਦੇ ਲੋਕਾਂ ਵੱਲੋਂ ਪੰਜਾਬ ਵਿੱਚ ਸੱਤਾ ’ਤੇ ਕਬਜ਼ਾ ਕਰਨ ਤੋਂ ਦੁਖੀ ਹੋ ਕੇ ਵਾਰਡ-58 ਦੇ ’ਆਪ’ ਕੌਂਸਲਰ ਸੰਨੀ ਮਾਸਟਰ (ਸਤਨਾਮ ਸਿੰਘ), ਸਾਬਕਾ ਵਿਧਾਇਕ ਸਵ. ਗੋਗੀ ਦੇ ਭਤੀਜੇ ਪਰਮਵੀਰ ਨੇ ’ਆਪ’ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਪੱਛਮੀ ਵਿਧਾਨ ਸਭਾ ਵਿੱਚ ਕਾਂਗਰਸ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ, ਭਾਜਪਾ ਆਗੂ ਅਤੇ ਪੇਡਾ ਦੇ ਸਾਬਕਾ ਚੇਅਰਮੈਨ ਕਰਨ ਵੜਿੰਗ ਨੇ ਘਰ ਵਾਪਸ ਪਰਤਣ ਦਾ ਫੈਸਲਾ ਕੀਤਾ ਹੈ। ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਪਹੁੰਚੇ ਕਾਂਗਰਸੀਆਂ ਦੀ ਭੀੜ ਦੀ ਤਾਕਤ ਨੂੰ ਦੇਖਦਿਆਂ, ਝਾੜੂ ਬਿਖਰਣਾ ਸ਼ੁਰੂ ਹੋ ਗਿਆ ਹੈ । 19 ਜੂਨ ਤੱਕ ਝਾੜੂ ਪੂਰੀ ਤਰ੍ਹਾਂ ਬਿੱਖਰ ਜਾਵੇਗਾ। ’ਆਪ’ ਦੇ ਵਾਰਡ-58 ਦੇ ਕੌਂਸਲਰ ਸੰਨੀ ਮਾਸਟਰ ਨੇ ਨੌਜਵਾਨਾਂ ਆਪ ਦੇ ਨਕਲੀ ਇੰਕਲਾਬ ਤੋਂ ਸੁਚੇਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਨਕਲਾਬ ਦੇ ਨਾਮ ’ਤੇ ਭਾਵੁਕ ਹੋਣ ਤੋਂ ਬਾਅਦ ਆਪ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਸਥਾਨਕ ਲੋਕਾਂ, ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਨਕਲੀ ਇਨਕਲਾਬੀਆਂ ਤੋਂ ਸਾਵਧਾਨ ਰਹਿਣ ਅਤੇ ਕਾਂਗਰਸੀ ਉਮੀਦਵਾਰ ਆਸ਼ੂ ਦੇ ਹੱਕ ਵਿੱਚ ਵੋਟ ਪਾਉਣ।