ਇੰਗਲੈਂਡ ਤੋਂ ਪਰਤੇ ਨੌਜਵਾਨ ਨੇ ਸਲਫਾਸ ਖਾ ਕੀਤੀ ਆਤਮਹੱਤਿਆ
ਸਹੁਰੇ ਪਰਿਵਾਰ ਨੇ ਕੀਤਾ ਮਰਨ ਲਈ ਮਜਬੂਰ ਮਾਮਲਾ ਦਰਜ
ਦੀਪਕ ਜੈਨ
ਜਗਰਾਉਂ, 30 ਮਈ 2025 - ਨੇੜਲੇ ਪਿੰਡ ਕੋਠੇ ਪੋਨੇ ਦੇ ਰਹਿਣ ਵਾਲੇ ਇੱਕ 23 ਸਾਲਾ ਨੌਜਵਾਨ ਨੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾਂ ਸਮਾਪਤ ਕਰ ਲਈ। ਇਸ ਘਟਨਾਂ ਨੇ ਸਮਾਜ ਵਿੱਚ ਇੱਕ ਵਾਰ ਫਿਰ ਤੋਂ ਲਵ ਮੈਰਿਜਾਂ ਦੇ ਮਾਮਲੇ ਵਿੱਚ ਚਿੰਤਾ ਪੈਦਾ ਕੀਤੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਅਮਨਿੰਦਰ ਸਿੰਘ ਵਾਸੀ ਪਿੰਡ ਕੋਠੇ ਪੋਨੇ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰੁਸ ਕੇ ਪੇਕੇ ਗਈ ਆਪਣੀ ਪਤਨੀ ਨੂੰ ਵਾਪਸ ਲੈਣ ਗਏ ਅਮਨਿੰਦਰ ਸਿੰਘ ਨੇ ਸੋਹਰੇ ਘਰ ਪਿੰਡ ਰਸੂਲਪੁਰ ਵਿਖੇ ਆਪਣੀ ਪਤਨੀ ਅਤੇ ਸਹੁਰਿਆਂ ਨਾਲ ਹੋਈ ਤੂੰ ਤੂੰ ਮੈਂ ਮੈਂ ਤੋਂ ਬਾਅਦ ਸੋਹਰੇ ਘਰ ਹੀ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ।
ਦੱਸ ਦਈਏ ਕਿ ਮ੍ਰਿਤਕ ਨੌਜਵਾਨ ਅਮਨਿੰਦਰ ਸਿੰਘ ਬੀਤੀ 24 ਅਪ੍ਰੈਲ 2025 ਨੂੰ ਵਿਦੇਸ਼ ਤੋਂ ਵਾਪਸ ਭਾਰਤ ਪਰਤਿਆ ਸੀ। ਮ੍ਰਿਤਕ ਦੇ ਪਿਤਾ ਪਰਮਿੰਦਰ ਸਿੰਘ ਨੇ ਦੁਖੀ ਮਨ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਦੇ ਦੋ ਬੱਚੇ ਹਨ ਇੱਕ ਬੇਟੀ ਅਤੇ ਇੱਕ ਬੇਟਾ ਉਹਨਾਂ ਦੀ ਬੇਟੀ ਵਿਦੇਸ਼ ਵਿੱਚ ਰਹਿੰਦੀ ਹੈ ਅਤੇ ਬੇਟਾ ਵੀ ਸਟਡੀ ਵਿਜੇ ਤੇ ਇੰਗਲੈਂਡ ਗਿਆ ਹੋਇਆ ਸੀ। ਜੋ ਕਿ ਬੀਤੇ 24 ਅਪ੍ਰੈਲ ਨੂੰ ਹੀ ਵਾਪਸ ਭਾਰਤ ਪਰਤਿਆ ਸੀ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸਦੇ ਲੜਕੇ ਨੇ ਲਵ ਮੈਰਿਜ ਕਰਵਾਈ ਸੀ ਸਾਡਾ ਪਰਿਵਾਰ ਤਾਂ ਆਪਣੇ ਲੜਕੇ ਦੀ ਲਵ ਮੈਰਿਜ ਕਰਵਾਉਣ ਤੇ ਉਸ ਨਾਲ ਰਜਾਮੰਦ ਸੀ ਜਦਕਿ ਉਸਦੀ ਸੱਸ ਤੇ ਸੋਹਰਾ ਇਸ ਵਿਆਹ ਦੇ ਹੱਕ ਵਿੱਚ ਨਹੀਂ ਸੀ। ਉਹਨਾਂ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਜਦੋਂ ਉਹਨਾਂ ਦਾ ਲੜਕਾ ਇੰਗਲੈਂਡ ਚਲਾ ਗਿਆ ਤਾਂ ਉਹਨਾਂ ਦੀ ਨੂੰਹ ਬਾਰ-ਬਾਰ ਫੋਨ ਕਰ ਮੁੰਡੇ ਨੂੰ ਤੰਗ ਪਰੇਸ਼ਾਨ ਕਰਦੀ ਸੀ ਜਿਸ ਤੋਂ ਤੰਗ ਆ ਕੇ ਹੀ ਉਹਨਾਂ ਦਾ ਲੜਕਾ ਵਾਪਸ ਆ ਗਿਆ ਤੇ ਵਾਪਸ ਆ ਕੇ ਵੀ ਉਸਦੀ ਆਪਣੀ ਪਤਨੀ ਨਾਲ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਅਣਬਣ ਰਹਿੰਦੀ ਸੀ ਅਤੇ ਇਸੇ ਅਣਬਣ ਦੇ ਚਲਦਿਆਂ ਉਸਦੀ ਪਤਨੀ ਉਸ ਨਾਲ ਗੁੱਸੇ ਹੋ ਕੇ ਆਪਣੇ ਪੇਕੇ ਘਰ ਚਲੀ ਗਈ ਜਦੋਂ ਬੀਤੇ ਵੀਰਵਾਰ ਉਹਨਾਂ ਦਾ ਲੜਕਾ ਸਵੇਰੇ 10 ਵਜੇ ਦੇ ਕਰੀਬ ਆਪਣੀ ਯੂਪੀਟਰ ਸਕੂਟਰੀ ਤੇ ਆਪਣੀ ਪਤਨੀ ਨੂੰ ਲੈਣ ਆਪਣੇ ਸੋਹਰੇ ਪਿੰਡ ਰਸੂਲਪੁਰ ਗਿਆ ਸੀ।
ਉਸਨੇ ਆਪਣੀ ਪਤਨੀ ਨੂੰ ਉਸ ਨਾਲ ਵਾਪਸ ਘਰ ਚੱਲਣ ਲਈ ਆਖਿਆ ਤਾਂ ਉਸਦੀ ਪਤਨੀ ਨੇ ਉਸ ਨੂੰ ਸਾਫ ਇਨਕਾਰ ਕਰ ਦਿੱਤਾ ਅਤੇ ਉਸਦੇ ਸੱਸ ਸੋਹਰੇ ਨੇ ਵੀ ਉਸਨੂੰ ਕਾਫੀ ਤਾਨੇ ਮੈਣੇ ਮਾਰੇ ਜਿਸ ਤੋਂ ਤੰਗ ਪਰੇਸ਼ਾਨ ਹੋ ਕੇ ਉਸ ਨੇ ਆਪਣੀ ਪਤਨੀ ਨੂੰ ਕਿਹਾ ਕਿ ਜੇਕਰ ਤੂੰ ਮੇਰੇ ਨਾਲ ਵਾਪਸ ਨਾ ਚੱਲੀ ਤਾਂ ਮੈਂ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਵਾਂਗਾ ਜਿਸ ਤੇ ਉਸਦੀ ਪਤਨੀ ਨੇ ਉਸ ਨੂੰ ਕਿਹਾ ਕਿ ਤੂੰ ਜੋ ਕਰਨਾ ਹੈ ਕਰ ਕਹਿੰਦੀ ਹੋਈ ਨੀ ਪਾਣੀ ਦਾ ਗਿਲਾਸ ਲਿਆ ਕੇ ਫੜਾ ਦਿੱਤਾ।
ਜਿਸ ਤੋਂ ਬਾਅਦ ਉਹਨਾਂ ਦੇ ਲੜਕੇ ਨੇ ਆਪਣੇ ਸੋਹਰੇ ਘਰ ਵਿੱਚ ਹੀ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਇਸ ਘਟਨਾ ਦੀ ਵੀਡੀਓ ਬਣਾ ਕੇ ਉਹਨਾਂ ਦੇ ਲੜਕੇ ਨੇ ਉਹਨਾਂ ਨੂੰ ਭੇਜੀ ਹੈ। ਇਸ ਮਾਮਲੇ ਵਿੱਚ ਥਾਣਾ ਸਦਰ ਪੁਲਿਸ ਦੇ ਮੁਖੀ ਸੁਰਜੀਤ ਸਿੰਘ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਮ੍ਰਿਤਕ ਲੜਕੇ ਦੇ ਪਿਤਾ ਦੇ ਬਿਆਨਾਂ ਦੇ ਅਧਾਰ ਤੇ ਮ੍ਰਿਤਕ ਲੜਕੇ ਦੇ ਸੱਸ ਅਤੇ ਸਹੁਰੇ ਦੇ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।