ਪੰਜਾਬ ਦੇ ਲੋਕਾਂ ਦੇ ਸਹਿਯੋਗ ਨਾਲ ਨਸ਼ੇ ਨੂੰ ਜੜੋਂ ਖਤਮ ਕੀਤਾ ਜਾਵੇਗਾ : ਜਗਦੀਪ ਸਿੰਘ ਕਾਕਾ ਬਰਾੜ
ਨਸ਼ਾ ਮੁਕਤੀ ਯਾਤਰਾ ਤਹਿਤ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡਾਂ ‘ਚ ਕਰਵਾਏ ਜਾਗਰੂਕਤਾ ਸਮਾਗਮ
ਸ੍ਰੀ ਮੁਕਤਸਰ ਸਾਹਿਬ/ਲੰਬੀ, 30 ਮਈ 2025 :
ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਗਈ ਨਸ਼ਾ ਮੁਕਤੀ ਯਾਤਰਾ ਤਹਿਤ ਅੱਜ ਹਲਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ ਸ੍ਰੀ ਜਗਦੀਪ ਸਿੰਘ ਕਾਕਾ ਬਰਾੜ ਨੇ ਹਲਕੇ ਦੇ ਪਿੰਡ ਜੰਡੋਕੇ, ਬੁੱਢੀਮਾਲ ਤੇ ਰੰਧਾਵਾ ਵਿਖੇ ਪਿੰਡ ਵਾਸੀਆਂ ਨੂੰ ਸੰਬੋਧਨ ਕੀਤਾ।
ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ‘ਚ ਧਕੇਲਣ ਲਈ ਕੋਈ ਕਸਰ ਨਹੀਂ ਛੱਡੀ, ਪਰ ਹੁਣ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਵਿਆਪਕ ਤੌਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਸਹਿਯੋਗ ਨਾਲ ਨਸ਼ੇ ਦੀ ਭੈੜੀ ਅਲਾਮਤ ਨੂੰ ਜੜੋਂ ਖਤਮ ਕੀਤਾ ਜਾਵੇਗਾ।
ਹਲਕਾ ਲੰਬੀ ਦੇ ਪਿੰਡ ਅਰਨੀਵਾਲਾ ਵਜ਼ੀਰਾ, ਫੁੱਲੂਖੇੜਾ, ਦਿਉਣ ਖੇੜਾ ਅਤੇ ਸ਼ੇਰਾਂਵਾਲੀ ਵਿਖੇ ਸ. ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਗੂਆਂ ਨੇ ਸੰਬੋਧਨ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਵਿੱਦਿਅਕ ਮੁਕਾਬਲਿਆਂ, ਖੇਡਾਂ, ਸੱਭਿਆਚਾਰ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਜੋ ਵੀ ਸਾਡਾ ਨੋਜਵਾਨ ਭਰਾ ਨਸ਼ੇ ਦੀ ਬਿਮਾਰੀ ਦੀ ਲਪੇਟ ਵਿੱਚ ਆ ਚੁੱਕਾ ਹੈ ਉਸ ਨੂੰ ਵੀ ਘਬਰਾਉਣ ਦੀ ਲੋੜ ਨਹੀਂ, ਬਲਕਿ ਪੰਜਾਬ ਸਰਕਾਰ ਉਸਦਾ ਮੁਫਤ ਇਲਾਜ ਕਰਵਾ ਰਹੀ ਹੈ ਤੇ ਸਮਾਜ ਦੀ ਮੁੱਖ ਧਾਰਾ ਨਾਲ ਜੋੜ ਰਹੀ ਹੈ।
ਇਸ ਮੌਕੇ ਯੂਥ ਆਗੂ ਅਮੀਤ ਸਿੰਘ ਖੁੱਡੀਆਂ, ਨਸ਼ਾ ਮੁਕਤੀ ਮੋਰਚੇ ਦੇ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਕੋਆਰਡੀਨੇਟਰ ਜਗਸੀਰ ਸਿੰਘ ਸਰਪੰਚ, ਹਲਕਾ ਲੰਬੀ ਮੋਰਚੇ ਦੇ ਇੰਚਾਰਜ ਪਰਮਪਾਲ ਸਿੰਘ ਤੋਂ ਇਲਾਵਾ ਪਿੰਡਾਂ ਦੇ ਪੰਚ-ਸਰਪੰਚ, ਪਿੰਡ ਪੱਧਰੀ ਰੱਖਿਆ ਕਮੇਟੀਆਂ ਦੇ ਮੈਂਬਰ, ਸਿਹਤ ਵਿਭਾਗ, ਪੰਚਾਇਤ ਵਿਭਾਗ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।