ਨਰਿੰਦਰਦੀਪ ਸਿੰਘ ਦੇ ਪੁਲਿਸ ਹਿਰਾਸਤ ਵਿੱਚ ਕਤਲ ਖ਼ਿਲਾਫ਼ ਗੋਨੇਆਣਾ ਮੁਕੰਮਲ ਬੰਦ
ਅਸ਼ੋਕ ਵਰਮਾ
ਬਠਿੰਡਾ, 30 ਮਈ 2025:ਸੀ ਆਈ ਏ ਸਟਾਫ ਬਠਿੰਡਾ 2 ਵੱਲੋਂ ਪੁਲਿਸ ਹਿਰਾਸਤ ਵਿੱਚ ਕਤਲ ਕੀਤੇ ਗੋਨਿਆਣਾ ਮੰਡੀ ਦੇ ਆਈਲੈਟਸ ਅਧਿਆਪਕ ਨਰਿੰਦਰਦੀਪ ਦੇ ਕਾਤਲ ਦੋਸ਼ੀ ਪੁਲਿਸ ਮੁਲਾਜ਼ਮਾਂ ਤੇ ਕਤਲ ਦਾ ਪਰਚਾ ਦਰਜ਼ ਕਰਕੇ ਗ੍ਰਿਫ਼ਤਾਰ ਕਰਨ, ਸਮੁੱਚੇ ਕੇਸ ਦੀ ਸਮਾਂ ਬੱਧ ਤਰੀਕੇ ਨਾਲ ਜ਼ੁਡੀਸ਼ੀਅਲ ਜਾਂਚ ਕਰਨ, ਪੀੜਤ ਪਰਿਵਾਰ ਨੂੰ ਯੋਗ ਮੁਆਵਜ਼ਾ ਅਤੇ ਨਰਿੰਦਰਦੀਪ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਨੂੰ ਲੈਕੇ ਗੋਨਿਆਣਾ ਮੰਡੀ ਦੇ ਬਾਜ਼ਾਰ ਮੁਕੰਮਲ ਬੰਦ ਰੱਖੇ ਗਏ। ਇਸ ਮੌਕੇ ਧਰਨਾ ਦੇਣ ਤੋਂ ਬਾਅਦ ਕਿਸਾਨਾਂ ,ਮਜ਼ਦੂਰਾਂ ,ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ , ਦੁਕਾਨਦਾਰਾਂ ਅਤੇ ਪਰਿਵਾਰ ਵੱਲੋਂ ਗੋਨਿਆਣਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਆਗੂ ਸ਼ਿੰਗਾਰਾ ਸਿੰਘ ਮਾਨ,ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ ਨੇ ਕਿਹਾ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਲਈ ਯਤਨਸ਼ੀਲ ਹਨ। ਮ੍ਰਿਤਕ ਨਰਿੰਦਰਦੀਪ ਦੀ ਪਤਨੀ ਨੈਨਸੀ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਹੁਣ ਤੱਕ ਅਨੇਕਾਂ ਲੋਕਾਂ ਨੂੰ ਪੁਲਿਸ ਹਿਰਾਸਤ ਵਿੱਚ ਕਤਲ ਕੀਤਾ ਜਾ ਚੁੱਕਿਆ, ਇਸੇ ਤਰ੍ਹਾਂ ਹੀ ਮੇਰੇ ਪਤੀ ਜੋ ਕਿ ਕਾਬਲ ਅਧਿਆਪਕ ਸਨ 23 ਮਈ ਨੂੰ ਘਰੋਂ ਰੋਜ਼ਾਨਾ ਦੀ ਤਰ੍ਹਾਂ ਕੰਮ ਤੇ ਗਏ ਸਨ ਉਸਨੂੰ ਸੀ ਆਈ ਏ ਸਟਾਫ ਬਠਿੰਡਾ 2 ਵੱਲੋਂ ਬਿਨਾਂ ਕਿਸੇ ਕੇਸ ਤੋਂ ਚੱਕ ਕੇ ਬੇਤਹਾਸ਼ਾ ਤਸ਼ੱਦਦ ਢਾਹਿਆ ਗਿਆ ਅਤੇ ਕਰੰਟ ਲਾ ਕੇ ਕਤਲ ਕਰ ਦਿੱਤਾ ਜਿਸਦੀ ਪੁਸ਼ਟੀ ਮ੍ਰਿਤਕ ਨਰਿੰਦਰਦੀਪ ਦੀ ਪੋਸਟਮਾਰਟਮ ਰਿਪੋਰਟ ਤੋਂ ਵੀ ਹੁੰਦੀ ਹੈ।
ਜਸਵੀਰ ਕੌਰ ਨੱਤ ਪ੍ਰਗਤੀਸ਼ੀਲ ਇਸਤਰੀ ਸਭਾ,ਲੋਕ ਮੋਰਚਾ ਪੰਜਾਬ ਦੇ ਆਗੂ ਜਗਮੇਲ ਸਿੰਘ ਬਠਿੰਡਾ ,ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਮੰਗਾ ਆਜ਼ਾਦ, ਪੰਜਾਬ ਸਟੂਡੈਂਟਸ ਯੂਨੀਅਨ ਦੇ ਹਰਵੀਰ ਕੌਰ ਗੰਧੜ ਸ਼ਹਿਰ ਨਿਵਾਸੀ ਰਮੇਸ਼ ਕੁਮਾਰ ਵੱਟੂ, ਸੰਦੀਪ ਪਾਠਕ, ਵਿਪਿਨ ਕੁਮਾਰ ਗਰਗ, ਨੇ ਕਿਹਾ ਕਿ ਹੁਣ ਤੱਕ ਪੁਲਿਸ ਵੱਲੋਂ ਦੋਸ਼ੀਆਂ ਤੇ ਕਤਲ ਦਾ ਮੁਕੱਦਮਾ ਦਰਜ਼ ਨਹੀ ਕੀਤਾ ਹੈ ਅਤੇ ਨਾ ਹੀ ਕੋਈ ਗ੍ਰਿਫ਼ਤਾਰੀ ਹੋਈ ਹੈ ਪੁਲਿਸ ਸੀ ਆਈ ਏ ਸਟਾਫ ਦੇ ਇੰਚਾਰਜ ਕਰਨਦੀਪ ਸਿੰਘ ਅਤੇ ਦੂਜੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਲਈ ਲੱਗੀ ਹੋਈ ਹੈ ਜਿਸ ਖਿਲਾਫ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕਤਲ ਖ਼ਿਲਾਫ਼ ਦੁਕਾਨਦਾਰਾਂ ਨੇ ਗੋਨੇਆਣਾ ਦੇ ਬਜ਼ਾਰ ਬਿਲਕੁਲ ਬੰਦ ਕੀਤੇ ਹਨ। ਉਨਾਂ ਕਿਹਾ ਕਿ ਕੱਲ੍ਹ ਮਿਤੀ 31 ਮਈ ਨੂੰ ਮ੍ਰਿਤਕ ਨਰਿੰਦਰਦੀਪ ਦੇ ਭੋਗ ਤੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਅਤੇ ਪੂਰਨ ਤੌਰ ਤੇ ਇਨਸਾਨ ਲੈਣ ਲਈ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਵਰਿੰਦਰਪਾਲ ਸਿੰਘ ਐਕਸ ਪ੍ਰਧਾਨ ਨਗਰ ਕੌਂਸਲ, ਜਸਵੀਰ ਸਿੰਘ ਐਮ ਸੀ, ਸੁਰਜੀਤ ਸਿੰਘ ਐਮ ਸੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਮਨਦੀਪ ਸਿੰਘ, ਬੇਅੰਤ ਸਿੰਘ ਬੀ ਕੇ ਯੂ ਮਾਨਸਾ, ਦਲਜੀਤ ਖੁਰਮੀ, ਵਿਨੋਦ ਕੁਮਾਰ, ਸੰਦੀਪ ਕੁਮਾਰ ਬਿੱਟਾ, ਪ੍ਰੇਮ ਸਿੰਘ ਫੌਜੀ, ਆਰ ਟੀ ਆਈ ਕਾਰਕੁਨਾਂ ਮਾਨਿਕ ਗੋਇਲ , ਵਰਿੰਦਰ ਧਿੰਗੜਾਂ ਲਾਈਨਜ ਕਲੱਬ , ਪ੍ਰਿਤਪਾਲ ਸਿੰਘ ਜਮਹੂਰੀ ਅਧਿਕਾਰ ਸਭਾ , ਸਰਪੰਚ ਕੁਲਦੀਪ ਸਿੰਘ ਚੰਦਭਾਨ, ਡੀ ਟੀ ਐਫ਼ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ, ਕੰਟਰੈਕਟਰ ਵਰਕਰ ਯੂਨੀਅਨ ਦੇ ਗੁਰਵਿੰਦਰ ਸਿੰਘ, ਬੀ ਕੇ ਯੂ ਡਕੌਂਦਾ ਦੇ ਅਮਰਜੀਤ ਹਨੀ, ਸੁਖਪਾਲ ਖਿਆਲੀ ਵਾਲਾ, ਅਮੀ ਲਾਲ ਮਜ਼ਦੂਰ ਮੁਕਤੀ ਮੋਰਚਾ, ਰਜਿੰਦਰ ਸਿਵੀਆ, ਸਰਬਜੀਤ ਮੌੜ ਨੌਜਵਾਨ ਭਾਰਤ ਸਭਾ , ਸੱਤਪਾਲ ਸਿੰਘ, ਡਾ ਨਵਦੀਪ ਸਿੰਘ ਆਦਿ ਤੋਂ ਇਲਾਵਾ ਆਗੂਆਂ ਨੇ ਆਪਣੇ ਵਿਚਾਰ ਰੱਖੇ। ਸਟੇਜ ਦੀ ਕਾਰਵਾਈ ਜਸਵੀਰ ਸਿੰਘ ਆਕਲੀਆ ਨੇ ਚਲਾਈ ।