ਸੁਖਬੀਰ ਵੱਲੋਂ ਪਟਾਕਾ ਫੈਕਟਰੀ ਧਮਾਕੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖਮੀਆਂ ਲਈ ਮੁਆਵਜੇ ਦੀ ਮੰਗ
ਅਸ਼ੋਕ ਵਰਮਾ
ਮੁਕਤਸਰ, 30 ਮਈ 2025: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਬੀਤੀ ਰਾਤ ਲੰਬੀ ਹਲਕੇ ਦੇ ਪਿੰਡ ਫਤੂਹੀਵਾਲਾ ਵਿਚ ਪਟਾਖਾ ਫੈਕਟਰੀ ’ਚ ਹੋਏ ਧਮਾਕੇ ਵਿਚ ਮਾਰੇ ਗਏ ਅਤੇ ਫੱਟੜ ਹੋਏ ਲੋਕਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ।
ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਇਥੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਵਿਚ ਫੱਟੜਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦਾ ਹਾਲ-ਚਾਲ ਜਾਣਿਆ, ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਫੱਟੜਾਂ ਦੇ ਪਰਿਵਾਰਾਂ ਦੀ ਕੋਈ ਮਦਦ ਨਹੀਂ ਕੀਤੀ।ਉਹਨਾਂ ਕਿਹਾ ਕਿ ਜ਼ਖ਼ਮੀਆਂ ਨੂੰ ਫੈਕਟਰੀ ਮਾਲਕ ਨੇ ਵੀ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਅਤੇ ਉਹਨਾਂ ਨੂੰ ਤੁਰੰਤ ਵਿੱਤੀ ਮਦਦ ਦੀ ਜ਼ਰੂਰਤ ਹੈ।
ਸਰਦਾਰ ਬਾਦਲ ਨੇ ਹਾਦਸੇ ਵਿਚ ਜਿਉਂਦੇ ਬਚੇ ਕੁਝ ਵਰਕਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪਟਾਖਾ ਫੈਕਟਰੀ ਵਿਚ ਕੋਈ ਵੀ ਸੁਰੱਖਿਆ ਯੰਤਰ ਨਹੀਂ ਲੱਗੇ ਸਨ। ਉਹਨਾਂ ਨੇ ਘਟਨਾ ਦੀ ਡੂੰਘਾਈ ਨਾਲ ਜਾਂਚ ਮੰਗੀ ਅਤੇ ਕਿਹਾ ਕਿ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਹਨਾਂ ਨੇ ਸੁਰੱਖਿਆ ਯੰਤਰ ਲਗਾਏ ਬਗੈਰ ਪਟਾਖਾ ਫੈਕਟਰੀ ਸ਼ੁਰੂ ਕਰਨ ਦੀ ਆਗਿਆ ਦਿੱਤੀ ਗਈ। ਉਹਨਾਂ ਇਹ ਵੀ ਮੰਗ ਕੀਤੀ ਕਿ ਸਾਰੇ 30 ਜ਼ਖ਼ਮੀ ਜੋ ਏਮਜ਼ ਵਿਚ ਜੇਰੇ ਇਲਾਜ ਹਨ, ਦਾ ਇਲਾਜ ਬਿਲਕੁਲ ਮੁਫਤ ਹੋਣਾ ਚਾਹੀਦਾ ਹੈ।ਸਰਦਾਰ ਬਾਦਲ ਨੇ ਪਿੰਡ ਬਾਦਲ ਵਿਖੇ ਸਿਵਲ ਹਸਪਤਾਲ ਦਾ ਦੌਰਾ ਵੀ ਕੀਤਾ ਜਿਥੇ ਪੰਜ ਜ਼ਖ਼ਮੀ ਦਾਖਲ ਹਨ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਡਾਕਟਰਾਂ ਤੋਂ ਫੱਟੜਾਂ ਦਾ ਹਾਲ ਚਾਲ ਵੀ ਜਾਣਿਆ।