ਨਬੀਪੁਰ ਕੱਟ ਡਰੇਨ ਨੂੰ ਪੱਕਿਆਂ ਕਰਨ ਤੋਂ ਬਾਅਦ ਕਿਨਾਰਿਆਂ ਉੱਪਰ ਰੇਲਿੰਗ ਲਗਾਉਣ ਦਾ ਕੰਮ ਸ਼ੁਰੂ
ਚੇਅਰਮੈਨ ਰਮਨ ਬਹਿਲ ਨੇ ਜਾਇਜਾ ਲਿਆ,ਗੁਰਦਾਸਪੁਰ ਦੀ ਤਰੱਕੀ ਤੇ ਖ਼ੂਬਸੂਰਤੀ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ - ਰਮਨ ਬਹਿਲ
ਰੋਹਿਤ ਗੁਪਤਾ
ਗੁਰਦਾਸਪੁਰ, 30 ਮਈ 2025- ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਵੱਲੋਂ 7.18 ਕਰੋੜ ਰੁਪਏ ਦੀ ਲਾਗਤ ਨਾਲ ਗੁਰਦਾਸਪੁਰ ਸ਼ਹਿਰ ਵਿਚੋਂ ਲੰਘਦੀ ਨਬੀਪੁਰ ਕੱਟ ਡਰੇਨ ਨੂੰ ਪੱਕਿਆਂ ਕਰਨ ਕੰਮ ਜੰਗੀ ਪੱਧਰ `ਤੇ ਜਾਰੀ ਹੈ। ਨਬੀਪੁਰ ਕੱਟ ਡਰੇਨ ਨੂੰ ਪੱਕਿਆਂ ਕਰਨ ਦੇ ਨਾਲ ਹੁਣ ਇਸ ਡਰੇਨ ਦੇ ਕਿਨਾਰਿਆਂ ਉੱਪਰ ਰੇਲਿੰਗ (ਕਰੈਸ਼ ਬੇਰੀਅਰ) ਲਗਾਉਣ ਦਾ ਕੰਮ ਵੀ ਅਰੰਭ ਕਰ ਦਿੱਤਾ ਗਿਆ ਹੈ।
ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਅੱਜ ਨਬੀਪੁਰ ਕੱਟ ਡਰੇਨ ਦੇ ਕਿਨਾਰੇ ਉੱਪਰ ਰੇਲਿੰਗ ਲਗਾਉਣ ਦੇ ਕੰਮ ਦਾ ਜਾਇਜਾ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਜਲ ਸਰੋਤ ਵਿਭਾਗ ਦੇ ਐੱਸ.ਡੀ.ਓ. ਪਰਮਬੀਰ ਸਿੰਘ, ਨਗਰ ਸੁਧਾਰ ਟਰੱਸਟ ਦੇ ਟਰੱਸਟੀ ਅਤੇ ਬਲਾਕ ਪ੍ਰਧਾਨ ਸ੍ਰੀ ਹਿਤੇਸ਼ ਮਹਾਜਨ ਤੇ ਹੋਰ ਆਗੂ ਵੀ ਹਾਜ਼ਰ ਸਨ।
ਰੇਲਿੰਗ ਲਗਾਉਣ ਦੇ ਪ੍ਰੋਜੈਕਟ ਦਾ ਜਾਇਜਾ ਲੈਣ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਸੰਨ 1960 ਵਿੱਚ ਬਣੀ ਨਬੀਪੁਰ ਡਰੇਨ ਦੇ ਗੁਰਦਾਸਪੁਰ ਸ਼ਹਿਰ ਵਿੱਚ ਪੈਂਦੇ 3.50 ਕਿੱਲੋਮੀਟਰ ਹਿੱਸੇ ਨੂੰ ਪੰਜਾਬ ਸਰਕਾਰ ਵੱਲੋਂ 7.18 ਕਰੋੜ ਰੁਪਏ ਦੀ ਲਾਗਤ ਨਾਲ ਪੱਕਿਆਂ ਕੀਤਾ ਜਾ ਰਿਹਾ ਹੈ ਜਿਸਦਾ ਕੰਮ ਲਗਭਗ ਮੁਕੰਮਲ ਹੋਣ ਦੇ ਨੇੜੇ ਹੈ। ਉਨ੍ਹਾਂ ਕਿਹਾ ਕਿ ਇਸੇ ਪ੍ਰੌਜੈਕਟ ਤਹਿਤ ਬਾਬਾ ਟਹਿਲ ਸਿੰਘ ਕਲੋਨੀ ਵੱਲੋਂ ਡਰੇਨ ਦੇ ਕਿਨਾਰਿਆਂ ਉੱਪਰ ਰੇਲਿੰਗ ਲਗਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਇਸ ਦੀ ਬਿਊਟੀਫਿਕੇਸ਼ਨ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਗੁਰਦਾਸਪੁਰ ਸ਼ਹਿਰ ਵਿੱਚਲੇ ਡਰੇਨ ਦੇ ਹਿੱਸੇ ਨੂੰ ਪੱਕਾ ਕਰਕੇ ਰੇਲਿੰਗ ਲਗਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਬੀਪੁਰ ਡਰੇਨ ਜੋ ਪਹਿਲਾਂ ਗੰਦੇ ਨਾਲੇ ਵਜੋਂ ਜਾਣੀ ਜਾਂਦੀ ਸੀ ਹੁਣ ਪੱਕਿਆਂ ਹੋਣ ਤੋਂ ਬਾਅਦ ਸ਼ਹਿਰ ਦੀ ਖ਼ੂਬਸੂਰਤੀ ਵਿੱਚ ਵਾਧਾ ਕਰੇਗੀ।
ਇਸੇ ਦੌਰਾਨ ਬਾਬਾ ਟਹਿਲ ਸਿੰਘ ਕਲੋਨੀ ਦੇ ਵਸਨੀਕਾਂ ਨੇ ਚੇਅਰਮੈਨ ਸ੍ਰੀ ਰਮਨ ਬਹਿਲ ਕੋਲੋਂ ਨਬੀਪੁਰ ਡਰੇਨ ਦੇ ਕਿਨਾਰਿਆਂ ਉੱਪਰ ਰੇਲਿੰਗ ਲਗਾਉਣ `ਤੇ ਬਿਊਟੀਫਿਕੇਸ਼ਨ ਦੇ ਪ੍ਰੋਜੈਕਟ ਨੂੰ ਗਲੀ ਨੰਬਰ 4 ਤੱਕ ਵਧਾਉਣ ਦੀ ਮੰਗ ਕੀਤੀ, ਜਿਸਨੂੰ ਮੰਨਦਿਆਂ ਸ੍ਰੀ ਰਮਨ ਬਹਿਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀ ਇਸ ਮੰਗ ਨੂੰ ਵੀ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੀ ਬਿਹਤਰੀ ਲਈ ਜੋ ਕੰਮ ਜ਼ਰੂਰੀ ਹਨ ਉਹ ਪਹਿਲ ਦੇ ਅਧਾਰ `ਤੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਗੁਰਦਾਸਪੁਰ ਦੀ ਤਰੱਕੀ ਤੇ ਖ਼ੂਬਸੂਰਤੀ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।