ਡਾ ਤੇਜਿੰਦਰ ਸਿੰਘ ਰਿਆੜ ਨੂੰ ਪਸਾਰ ਕਾਰਜਾਂ ਲਈ ਮੇਘਾਲਿਆ ਵਿੱਚ ਸਨਮਾਨਿਤ ਕੀਤਾ ਗਿਆ
ਲੁਧਿਆਣਾ, 29 ਮਈ, 2025 - ਪੰਜਾਬ ਐਗਰੀਕਲਚਰਲ ਯੂਨੀਵਰਸਿਟੀਵਿਚ ਅਪਰ ਨਿਰਦੇਸ਼ਕ ਸੰਚਾਰ ਵਜੋਂ ਕਾਰਜਸ਼ੀਲ ਡਾ. ਤੇਜਿੰਦਰ ਸਿੰਘ ਰਿਆੜ ਨੂੰ ਬੀਤੇ ਦਿਨੀਂ ਉਮਿਆਮ, ਮੇਘਾਲਿਆ ਵਿਖੇ ਆਯੋਜਿਤ "ਭਵਿੱਖ ਦੀ ਖੇਤੀਬਾੜੀ: ਤਕਨਾਲੋਜੀ, ਸਥਿਰਤਾ ਤੋਂ ਵੀ ਅਗਾਂਹ" ਵਿਸ਼ੇ 'ਤੇ 12ਵੇਂ ਰਾਸ਼ਟਰੀ ਸੈਮੀਨਾਰ ਦੌਰਾਨ ਕਮਿਊਨਿਟੀ ਮੋਬੀਲਾਈਜ਼ੇਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਉਨ੍ਹਾਂ ਨੂੰ ਪਸਾਰ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਵਲੋਂ ਪਾਏ ਯੋਗਦਾਨ ਲਈ ਦਿੱਤਾ ਗਿਆ। ਯਾਦ ਰਹੇ ਕਿ ਇਹ ਸੈਮੀਨਾਰ ਸੋਸਾਇਟੀ ਫਾਰ ਕਮਿਊਨਿਟੀ ਮੋਬੀਲਾਈਜ਼ੇਸ਼ਨ ਫਾਰ ਸਸਟੇਨੇਬਲ ਡਿਵੈਲਪਮੈਂਟ (ਮੋਬੀਲਾਈਜ਼ੇਸ਼ਨ) ਦੁਆਰਾ ਸੈਂਟਰਲ ਐਗਰੀਕਲਚਰਲ ਯੂਨੀਵਰਸਿਟੀ , ਇੰਫਾਲ, ਅਤੇ ਭਾਰਤੀ ਖੇਤੀ ਖੋਜ ਪਰਿਸ਼ਦ ਉੱਤਰ ਪੂਰਬ ਹਿੱਲ, ਉਮਿਆਮ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਡਾ. ਰਿਆੜ ਨੇ ਇੱਕ ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਵੀ ਇਸ ਸੈਮੀਨਾਰ ਦੌਰਾਨ ਕੀਤੀ।
ਪੀ ਏ ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ.ਏ. ਐੱਸ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗਰੈਜੂਏਟ-ਸਟਡੀਜ਼ ਡਾ. ਮਾਨਵ ਇੰਦਰ ਸਿੰਘ ਗਿੱਲ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੋੜਾ,ਖੇਤੀਬਾੜੀ ਕਾਲਜ ਦੇ ਡੀਨ ਡਾ ਚਰਨਜੀਤ ਸਿੰਘ ਔਲਖ ਅਤੇ ਪਸਾਰ ਸਿੱਖਿਆ ਦੇ ਮੁੱਖੀ ਡਾ. ਵਿਪਨ ਕੁਮਾਰ ਰਾਮਪਾਲ ਨੇ ਡਾ. ਰਿਆੜ ਨੂੰ ਇਸ ਪ੍ਰਾਪਤੀ ਅਤੇ ਪਸਾਰ ਸਿੱਖਿਆ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਵਧਾਈ ਦਿੱਤੀ।