ਵਿਧਾਇਕ ਚੱਢਾ ਨੇ ਡੂਮੇਵਾਲ ਵਿਖੇ ਕੀਤਾ ਲੋਕਾਂ ਨੂੰ ਨਸ਼ਿਆਂ ਸਬੰਧੀ ਜਾਗਰੂਕ
ਪ੍ਰਮੋਦ ਭਾਰਤੀ
ਨੂਰਪੁਰ ਬੇਦੀ 19 ਮਈ ,2025
ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵੱਲੋਂ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਨਸ਼ਾ ਮੁਕਤੀ ਯਾਤਰਾ ਦੀ ਆਰੰਭਤਾ ਕੀਤੀ ਗਈ ਹੈ । ਜਿਸ ਤਹਿਤ ਹਲਕਾ ਵਿਧਾਇਕ ਦਿਨੇਸ਼ ਚੱਢਾ ਅਤੇ ਉਨਾਂ ਦੀ ਟੀਮ ਹਲਕੇ ਦੇ ਪਿੰਡ-ਪਿੰਡ ਜਾ ਕੇ ਨਸ਼ਿਆਂ ਦੇ ਖਾਤਮੇ ਲਈ ਅਲਖ ਜਗਾ ਰਹੇ ਹਨ। ਇਸ ਮੁਹਿੰਮ ਦੇ ਅਗਲੇ ਦਿਨ ਵੀ ਵਿਧਾਨ ਸਭਾ ਹਲਕਾ ਰੂਪਨਗਰ ਵਿੱਚ ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਦੀ ਅਗਵਾਈ ਵਿੱਚ ਨਸ਼ਿਆਂ ਖਿਲਾਫ ਅਲਖ ਜਗਾਉਂਦੀ ਇਹ ਯਾਤਰਾ ਅੱਜ ਪਿੰਡ ਡੂਮੇਵਾਲ ਵਿਖੇ ਪਹੁੰਚੀ।
ਇਸ ਦੌਰਾਨ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਬੀਤੀਆਂ ਸਰਕਾਰਾਂ ਵੱਲੋਂ ਪੰਜਾਬ ਅੰਦਰ ਨਸ਼ੇ ਦੇ ਸੌਦਾਗਰਾਂ ਨੂੰ ਹਮੇਸ਼ਾਂ ਸ਼ਹਿ ਦਿੱਤੀ ਜਾਂਦੀ ਸੀ। ਜਿਸ ਨਾਲ ਸੂਬੇ ਅੰਦਰ ਨਸ਼ਾ ਖਤਮ ਤਾਂ ਕੀ ਹੋਣਾ ਸੀ ਬਲਕਿ ਦਿਨ ਪਤੀ ਦਿਨ ਇਹ ਮੱਕੜ ਜਾਲ ਵੱਧਦਾ ਹੀ ਜਾ ਰਿਹਾ ਸੀ ਜਿਸਦੇ ਸਿੱਟੇ ਵਜੋਂ ਸਾਡੀ ਪੰਜਾਬ ਦੀ ਰੰਗਲੀ ਜਵਾਨੀ ਨਸ਼ੇ ਦੀ ਦਲਦਲ ਚ ਧਸਦੀ ਜਾ ਰਹੀ ਸੀ। ਪ੍ਰੰਤੂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਇਹ ਮੁਹਿੰਮ ਮੁੜ ਤੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵੇਗੀ ਤੇ ਪੰਜਾਬ ਦਾ ਨੌਜਵਾਨ ਮੁੜ ਤੋਂ ਪੰਜਾਬ ਦੇ ਖੇਡ ਮੈਦਾਨਾਂ ਚ ਆਪਣੀ ਜੋਰ ਅਜਮਾਇਸ਼ ਕਰਦਾ ਦਿਖਾਈ ਦੇਵੇਗਾ। ਪਰ ਇਸ ਵਿੱਚ ਲੋਕਾਂ ਦਾ ਸਹਿਯੋਗ ਵੀ ਜਰੂਰੀ ਹੈ। ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਵੱਡੇ ਪੱਧਰ ਤੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜਿਆ ਗਿਆ ਹੈ ਪਰ ਲੋਕ ਵੀ ਨਸ਼ਾ ਤਸਕਰਾਂ ਦੀ ਸੂਚਨਾ ਦੇਣ।
ਉਨਾਂ ਕਿਹਾ ਕਿ ਜੇਕਰ ਤੁਹਾਡੇ ਨਜ਼ਦੀਕ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਦਿੱਤੀ ਜਾਵੇ, ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਜੇਕਰ ਕੋਈ ਨਸ਼ੇ ਤੋਂ ਪੀੜਤ ਹੈ ਤਾਂ ਉਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ, ਸਰਕਾਰ ਵੱਲੋਂ ਉਸਦਾ ਮੁਫਤ ਨਸ਼ਾ ਛੁੜਾਇਆ ਜਾਵੇਗਾ ਅਤੇ ਇਲਾਜ ਕਰਵਾਇਆ ਜਾਵੇਗਾ। ਇਸ ਮੌਕੇ ਜ਼ਿਲਾ ਕੋਆਰਡੀਨੇਟਰ ਅਵਤਾਰ ਸਿੰਘ ਕੂਨਰ, ਬੀਡੀਪੀਓ ਨੂਰਪੁਰ ਬੇਦੀ ਰਵਿੰਦਰ ਸਿੰਘ, ਐਸਐਚ ਓ ਨੂਰਪੁਰ ਬੇਦੀ ਗੁਰਵਿੰਦਰ ਸਿੰਘ ਢਿੱਲੋਂ, ਐਸਐਮਓ ਅਮਰਜੀਤ ਸਿੰਘ ਸਰਪੰਚ ਪਰਮਿੰਦਰ ਸਿੰਘ, ਰਿੰਕਾ ਡੂਮੇਵਾਲ, ਸ਼ਿਵ ਕੁਮਾਰ, ਕਿਸ਼ਨ ਸਿੰਘ ਮੋੜ, ਸੁਖਬੀਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।