ਸਟੇਟ ਪੱਧਰੀ ਕੁਸ਼ਤੀ ਮੁਕਾਬਲੇ ਦੀ ਜੇਤੂ ਪਹਿਲਵਾਨ ਦਾ ਢਾਹਾਂ ਕਲੇਰਾਂ ਸਕੂਲ ਪੁੱਜਣ ਤੇ ਸਵਾਗਤ
ਬੰਗਾ 24 ਸਤੰਬਰ () ਸਿੱਖਿਆ ਤੇ ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲੀ ਵਿਦਿਅਕ ਸੰਸਥਾ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀ ਹੋਣਹਾਰ ਵਿਦਿਆਰਥਣ ਅਤੇ ਪੰਜਾਬ ਪੱਧਰ ’ਤੇ ਸਿਲਵਰ ਮੈਡਲ ਜੇਤੂ ਪਹਿਲਵਾਨ ਸਰਗੁਣ ਕੌਰ ਢਾਹਾਂ ਦਾ ਸਕੂਲ ਪਹੁੰਚਣ ’ਤੇ ਬਹੁਤ ਹੀ ਧੂਮ-ਧਾਮ ਸਵਾਗਤ ਕੀਤਾ ਗਿਆ । ਬੀਤੇ ਦਿਨੀਂ ਜ਼ਿਲ੍ਹਾ ਫਾਜ਼ਿਲਕਾ ਵਿਖੇ ਆਯੋਜਿਤ ਹੋਈਆਂ 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੀ ਸਟੇਟ ਪੱਧਰੀ ਕੁਸ਼ਤੀ ਮੁਕਾਬਲਿਆਂ ਦੀ ਸਿਲਵਰ ਮੈਡਲ ਜੇਤੂ ਪਹਿਲਵਾਨ ਸਰਗੁਣ ਕੌਰ ਸਕੂਲ ਪਹੁੰਚੀ ਤਾਂ ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਦਾ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ । ਇਸ ਮੌਕੇ ਵਿਦਿਆਰਥਣ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿੱਥੇ ਮੈਡਲ ਜੇਤੂ ਖਿਡਾਰਨ ਨੂੰ ਹਾਰ ਪਾ ਕੇ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਾਮਨਿਤ ਕੀਤਾ ਗਿਆ ।
ਸ. ਕੁਲਵਿੰਦਰ ਸਿੰਘ ਢਾਹਾਂ (ਪ੍ਰਧਾਨ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ) ਨੇ ਇਸ ਮੌਕੇ ਵਿਸ਼ੇਸ਼ ਤੌਰ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ । ਉਨ੍ਹਾਂ ਦੱਸਿਆ ਕਿ ਪਿੰਡ ਢਾਹਾਂ ਦੀ ਸਰਗੁਣ ਕੌਰ ਢਾਹਾਂ ਪੁੱਤਰੀ ਬਲਜੀਤ ਸਿੰਘ ਅਤੇ ਡਾ. ਰਮਨਦੀਪ ਕੌਰ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਅੰਡਰ-14 ਸਾਲ ਉਮਰ ਵਰਗ ਦੇ 54 ਕਿਲੋ ਭਾਰ ਵਰਗ ਵਿੱਚ ਸੂਬਾ ਪੱਧਰ ’ਤੇ ਸਿਲਵਰ ਮੈਡਲ ਹਾਸਲ ਕਰਕੇ ਆਪਣੇ ਮਾਪਿਆਂ, ਸਕੂਲ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਪੂਰੇ ਸੂਬੇ ਵਿੱਚ ਚਮਕਾਇਆ ਹੈ । ਉਨ੍ਹਾਂ ਕਿਹਾ ਕਿ ਸਰਗੁਣ ਕੌਰ ਦੀ ਇਹ ਕਾਮਯਾਬੀ ਬਾਕੀ ਵਿਦਿਆਰਥੀਆਂ ਖਾਸ ਕਰਕੇ ਧੀਆਂ ਲਈ ਖੇਡਾਂ ਵਿੱਚ ਅੱਗੇ ਵਧਣ ਵਾਸਤੇ ਪ੍ਰੇਰਣਾ ਦਾ ਵੱਡਾ ਸਰੋਤ ਬਣੇਗੀ। ਟਰੱਸਟ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਨੇ ਆਸ ਪ੍ਰਗਟਾਈ ਕਿ ਇਹ ਹੋਣਹਾਰ ਖਿਡਾਰਨ ਆਉਣ ਵਾਲੇ ਸਮੇਂ ਵਿੱਚ ਰਾਸ਼ਟਰੀ ਪੱਧਰ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਵੀ ਪੰਜਾਬ ਦਾ ਨਾਮ ਉੱਚਾ ਕਰੇਗੀ। ਇਸ ਮੌਕੇ ਉਹਨਾਂ ਨੇ ਸਰਗੁਣ ਕੌਰ ਦੀ ਸਾਰੇ ਸਾਲ ਦੀ ਸਕੂਲ ਫੀਸ ਮਾਫ ਕਰਨ ਦੇ ਨਾਲ ਖੇਡ ਸਹੂਲਤਾਂ ਲਈ ਹੋਰ ਮਦਦ ਕਰਨ ਦਾ ਐਲਾਨ ਵੀ ਕੀਤਾ ।
ਇਸ ਖੁਸ਼ੀ ਭਰੇ ਮਾਹੌਲ ਵਿੱਚ ਸਕੂਲ ਦੇ ਪ੍ਰਿੰਸੀਪਲ ਵਨੀਤਾ ਚੋਟ ਨੇ ਵੀ ਜੇਤੂ ਖਿਡਾਰਨ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਸਰਗੁਣ ਕੌਰ ਦੀ ਇਹ ਸ਼ਾਨਦਾਰ ਪ੍ਰਾਪਤੀ ਸਕੂਲ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਲਈ ਬੇਹੱਦ ਮਾਣ ਵਾਲੀ ਗੱਲ ਹਨ। ਇਸ ਸ਼ਾਨਦਾਰ ਸਵਾਗਤ ਅਤੇ ਸਨਮਾਨ ਸਮਾਰੋਹ ਦੌਰਾਨ ਸ.ਜਗਜੀਤ ਸਿੰਘ ਸੋਢੀ ਮੀਤ ਸਕੱਤਰ, ਸ.ਦਵਿੰਦਰ ਸਿੰਘ ਢਿੱਲੋਂ ਟਰੱਸਟ ਮੈਂਬਰ, ਭਾਈ ਜੋਗਾ ਸਿੰਘ, ਸ੍ਰੀ ਰਮਨ ਕੁਮਾਰ ਵਾਈਸ ਪ੍ਰਿੰਸੀਪਲ, ਮੈਡਮ ਜਸਵੀਰ ਕੌਰ, ਮੈਡਮ ਕੋਮਲ ਅਤੇ ਸ੍ਰੀ ਕੁਲਜੀਤ ਸਿੰਘ (ਸਾਰੇ ਖੇਡ ਅਧਿਆਪਕ), ਸਮੂਹ ਸਕੂਲ ਸਟਾਫ ਅਤੇ ਸਕੂਲ ਵਿਦਿਆਰਥੀ ਹਾਜ਼ਰ ਸਨ