ਏਸ਼ੀਅਨ ਖੇਡਾਂ 2026: ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ 'ਚ ਜਿੱਤਿਆ ਚਾਂਦੀ ਦਾ ਤਗਮਾ
ਬਾਬੂਸ਼ਾਹੀ ਬਿਊਰੋ
ਆਈਚੀ-ਨਾਗੋਆ (ਜਾਪਾਨ), 21 ਸਤੰਬਰ, 2026 : ਜਾਪਾਨ ਦੇ ਆਈਚੀ-ਨਾਗੋਆ ਵਿੱਚ ਚੱਲ ਰਹੀਆਂ ਏਸ਼ੀਅਨ ਖੇਡਾਂ 2026 ਵਿੱਚ ਭਾਰਤੀ ਨਿਸ਼ਾਨੇਬਾਜ਼ਾਂ ਦੀ ਤਗਮੇ ਜਿੱਤਣ ਦੀ ਮੁਹਿੰਮ ਲਗਾਤਾਰ ਜਾਰੀ ਹੈ। ਰੁਦਰਾਂਕਸ਼ ਪਾਟਿਲ, ਪਾਰਥ ਮਾਨੇ ਅਤੇ ਹਿਮਾਂਸ਼ੂ ਢਿਲੋਂ ਦੀ ਭਾਰਤੀ ਤਿੱਕੜੀ ਨੇ ਸੋਮਵਾਰ ਨੂੰ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿੱਚ 1890.1 ਦੇ ਸਕੋਰ ਨਾਲ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਇਸ ਈਵੈਂਟ ਵਿੱਚ ਚੀਨ ਨੇ 1899.0 ਦੇ ਸਕੋਰ ਨਾਲ ਸੋਨੇ ਦਾ ਅਤੇ ਦੱਖਣੀ ਕੋਰੀਆ ਨੇ 1841.4 ਦੇ ਸਕੋਰ ਨਾਲ ਕਾਂਸੀ ਦਾ ਤਗਮਾ ਜਿੱਤਿਆ। ਏਸ਼ੀਆਈ ਖੇਡਾਂ 2026 ਵਿੱਚ ਭਾਰਤ ਦਾ ਇਹ ਤੀਜਾ ਤਗਮਾ ਹੈ ਅਤੇ ਇਹ ਤਿੰਨੋਂ ਹੀ ਨਿਸ਼ਾਨੇਬਾਜ਼ੀ ਵਿੱਚ ਚਾਂਦੀ ਦੇ ਤਗਮੇ ਵਜੋਂ ਆਏ ਹਨ।
ਕੁਆਲੀਫਾਇੰਗ ਗੇੜ ਦੌਰਾਨ ਰੁਦਰਾਂਕਸ਼ ਪਾਟਿਲ 631.8 ਦੇ ਸਕੋਰ ਨਾਲ ਤੀਜੇ ਅਤੇ ਹਿਮਾਂਸ਼ੂ ਢਿਲੋਂ 630.0 ਦੇ ਸਕੋਰ ਨਾਲ ਸੱਤਵੇਂ ਸਥਾਨ 'ਤੇ ਰਹਿ ਕੇ ਵਿਅਕਤੀਗਤ ਫਾਈਨਲ ਵਿੱਚ ਜਗ੍ਹਾ ਬਣਾਉਣ 'ਚ ਸਫਲ ਰਹੇ। ਪਾਰਥ ਮਾਨੇ 628.3 ਦੇ ਸਕੋਰ ਨਾਲ 11ਵੇਂ ਸਥਾਨ 'ਤੇ ਰਿਹਾ। ਰੁਦਰਾਂਕਸ਼ ਨੇ ਆਪਣੀਆਂ ਛੇ ਲੜੀਵਾਂ 'ਚ ਬਹਤਰੀਨ ਪ੍ਰਦਰਸ਼ਨ ਕਰਦਿਆਂ ਕ੍ਰਮਵਾਰ 104.2, 210.2, 315.9, 421.6, 527.1 ਅਤੇ 631.8 ਦਾ ਸਕੋਰ ਬਣਾਇਆ, ਜਦਕਿ ਹਿਮਾਂਸ਼ੂ ਨੇ 105.3 ਨਾਲ ਸ਼ੁਰੂਆਤ ਕਰਦੇ ਹੋਏ ਅੰਤ 'ਚ 630.0 ਦਾ ਯੋਗਦਾਨ ਦਿੱਤਾ।
ਇਸ ਤੋਂ ਪਹਿਲਾਂ ਐਤਵਾਰ ਨੂੰ ਮਹਿਲਾ ਨਿਸ਼ਾਨੇਬਾਜ਼ਾਂ ਨੇ ਵੀ ਭਾਰਤ ਲਈ ਦੋ ਚਾਂਦੀ ਦੇ ਤਗਮੇ ਜਿੱਤੇ ਸਨ। ਇਲਾਵੇਨਿਲ ਵਾਲਾਰਿਵਾਨ ਨੇ 10 ਮੀਟਰ ਏਅਰ ਰਾਈਫਲ ਦੇ ਵਿਅਕਤੀਗਤ ਫਾਈਨਲ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ, ਜਦੋਂ ਕਿ ਵਾਲਾਰਿਵਾਨ, ਸੋਨਮ ਉੱਤਮ ਮਾਸਕਰ ਅਤੇ ਵਿਦਰਸਾ ਕੋਚਲੁਮਕਲ ਵਿਨੋਦ ਦੀ ਟੀਮ ਨੇ ਮਹਿਲਾ ਟੀਮ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦੀ ਤਗਮਾ ਸੂਚੀ ਦੀ ਸ਼ੁਰੂਆਤ ਕੀਤੀ ਸੀ।