ਮੇਰਾ ਖ਼ਜ਼ਾਨਾ ...ਤਾਂ ਕਿ ਰਸੀਦੀ ਟਿਕਟ ਦੀ ਰਸੀਦ ਰਹੇ ..
ਪਿਛਲੇ ਦਿਨਾਂ ਤੋਂ ਮੈਂ ਆਪਣੇ ਰਿਕਾਰਡ ਦੀ ਫਰੋਲ-ਫਰਾਲੀ ਕਰ ਰਿਹਾ ਹਾਂ। ਇਸ ਵਿੱਚੋਂ ਕੁਝ ਇੱਕ-ਇੱਕ ਰੁਪਏ ਵਾਲੀਆਂ ਰਸੀਦੀ ਟਿਕਟਾਂ ਨਿਕਲ ਆਈਆਂ। ਇੱਕ ਡਾਇਰੀ ਵੀ ਮਿਲੀ, ਜਿਸ ਵਿੱਚ 1998-99 ਦੌਰਾਨ ਆਪਣੇ ਸਟਾਫ਼ ਨੂੰ ਰਸੀਦੀ ਟਿਕਟ ਲਾ ਕੇ ਦਿੱਤੀਆਂ ਅਦਾਇਗੀਆਂ ਦਾ ਰਿਕਾਰਡ ਹੈ।
ਉਸ ਸਮੇਂ ਮੈਂ Indo-Canadian Times, Canada ਅਤੇ ਦੇਸ ਪਰਦੇਸ, ਲੰਦਨ ਲਈ ਕੰਮ ਕਰਦਾ ਸੀ। ਇਸ ਲਈ ਮੈਂ ਕੰਪਿਊਟਰ ਅਪਰੇਟਰ ਵਜੋਂ ਕੰਮ ਕਰਨ ਵਾਲੇ ਕਰਮਚਾਰੀ ਆਪਣੇ ਨਾਲ ਜੋੜਦਾ ਸਾਂ। ਉਨ੍ਹਾਂ ਨੂੰ ਪੇਮੈਂਟ ਰਸੀਦੀ ਟਿਕਟਾਂ ਲਾ ਕੇ ਦਿੰਦੇ ਸਾਂ।
ਇਹ ਪੁਰਾਣਾ ਰਿਕਾਰਡ ਦੇਖ ਕੇ ਯਾਦ ਆਇਆ ਕਿ ਹੁਣ ਰਸੀਦੀ ਟਿਕਟਾਂ ਦੀ ਸ਼ਾਇਦ ਹੀ ਕੋਈ ਲੋੜ ਪੈਂਦੀ ਹੈ। Google Pay ਅਤੇ ਹੋਰ e-payments ਨੇ ਇਨ੍ਹਾਂ ਦੀ ਵੁਕਤ ਬਹੁਤ ਘਟਾ ਦਿੱਤੀ ਹੈ। ਪਤਾ ਨਹੀਂ ਹੁਣ ਇਹ ਡਾਕਖਾਨੇ ਵਿੱਚੋਂ ਮਿਲਦੀਆਂ ਵੀ ਹਨ ਜਾਂ ਨਹੀਂ।
ਮੇਰਾ ਖ਼ਿਆਲ ਹੈ ਕਿ ਸਰਕਾਰ ਵੱਲੋਂ ਡਾਕ ਲਈ ਵਰਤੇ ਜਾਂਦੇ ਖਾਕੀ ਲਿਫਾਫਿਆਂ ’ਤੇ ਵੀ ਰਸੀਦੀ ਟਿਕਟ ਲੱਗੀ ਹੁੰਦੀ ਸੀ।
ਰਸੀਦੀ ਟਿਕਟ ਦੇਖਦਿਆਂ ਹੀ ਨਾਮਵਰ ਸਾਹਿਤਕ ਅਤੇ ਅਦਬੀ ਹਸਤੀ ਸਵਰਗੀ ਅਮ੍ਰਿਤਾ ਪ੍ਰੀਤਮ ਵੱਲੋਂ ਲਿਖੀ “ਰਸੀਦੀ ਟਿਕਟ” ਦੇ Title ਹੇਠ ਕਲਮਬੱਧ ਕੀਤੀ ਆਪਣੀ ਸਵੈ-ਜੀਵਨੀ ਯਾਦ ਆ ਜਾਂਦੀ ਹੈ, ਜਿਸ ਨੇ ਰਸੀਦੀ ਟਿਕਟ ਦੇ ਅਰਥ ਹੀ ਬਦਲ ਕੇ ਰੱਖ ਦਿੱਤੇ ਸਨ।
ਇਸ ਦਾ ਪਹਿਲਾ ਪ੍ਰਕਾਸ਼ਨ 1976 ਵਿੱਚ ਹੋਇਆ ਸੀ।
ਇਸ ਨਾਲ ਜੁੜੀ ਇੱਕ ਕਹਾਣੀ ਪ੍ਰਚਲਤ ਹੈ ਕਿ ਖੁਸ਼ਵੰਤ ਸਿੰਘ ਨੇ ਇੱਕ ਵਾਰ ਮਜ਼ਾਕ ਵਿੱਚ ਅਮ੍ਰਿਤਾ ਪ੍ਰੀਤਮ ਨੂੰ ਕਿਹਾ ਸੀ ਕਿ ਉਸ ਦੀ ਜ਼ਿੰਦਗੀ ਦੀ ਕਹਾਣੀ ਤਾਂ ਰਸੀਦੀ ਟਿਕਟ ਦੇ ਪਿੱਛੇ ਵੀ ਲਿਖੀ ਜਾ ਸਕਦੀ ਹੈ। ਬਾਅਦ ਵਿੱਚ ਅਮ੍ਰਿਤਾ ਨੇ ਇਸ ਟਿੱਪਣੀ ਨੂੰ ਹੀ ਚੁਣੌਤੀ ਮੰਨ ਲਿਆ ਅਤੇ ਆਪਣੀ ਸਵੈ-ਜੀਵਨੀ ਦਾ ਨਾਮ “ਰਸੀਦੀ ਟਿਕਟ” ਰੱਖ ਦਿੱਤਾ। ਇਹ ਕਿੱਸਾ ਕਈ ਥਾਵਾਂ ’ਤੇ ਦਰਜ ਹੈ, ਹਾਲਾਂਕਿ ਇਸ ਖਾਸ ਟਿੱਪਣੀ ਦਾ ਕੋਈ ਪੱਕਾ ਮੂਲ ਸਰੋਤ ਸਪਸ਼ਟ ਨਹੀਂ ਮਿਲਦਾ।
ਮੋਟਾ ਜਿਹਾ ਹੀ ਯਾਦ ਹੈ ਕਿ ਅਮ੍ਰਿਤਾ ਨੇ ਇਸ ਵਿੱਚ ਆਪਣੇ ਬਚਪਨ, ਵਿਆਹ, ਸਾਹਿਤਕ ਸਫ਼ਰ, ਨਿੱਜੀ ਸੰਘਰਸ਼, ਪਿਆਰ, ਰਿਸ਼ਤਿਆਂ ਅਤੇ ਵੰਡ ਦੇ ਤਜਰਬਿਆਂ ਨੂੰ ਬਹੁਤ ਨਿੱਜੀ ਅਤੇ ਬੇਬਾਕ ਅੰਦਾਜ਼ ਵਿੱਚ ਪੇਸ਼ ਕੀਤਾ। ਇਸ ਨੂੰ ਪੰਜਾਬੀ ਸਾਹਿਤ ਦੀਆਂ ਮਹੱਤਵਪੂਰਨ ਆਤਮਕਥਾਵਾਂ ਵਿੱਚ ਗਿਣਿਆ ਜਾਂਦਾ ਹੈ।
ਖਾਸ ਤੌਰ ’ਤੇ ਸਾਹਿਰ ਲੁਧਿਆਣਵੀ ਨਾਲ ਉਸ ਦੇ ਜਜ਼ਬਾਤੀ ਰਿਸ਼ਤੇ ਅਤੇ ਬਾਅਦ ਵਿੱਚ ਇਮਰੋਜ਼ ਨਾਲ ਉਸ ਦੀ ਲੰਮੀ ਸਾਂਝ—ਜਿਸ ਨੂੰ ਅੱਜਕੱਲ੍ਹ Live-in relationship ਕਿਹਾ ਜਾਂਦਾ ਹੈ—ਬਾਰੇ ਉਸ ਦੀਆਂ ਲਿਖਤਾਂ ਨੇ “ਰਸੀਦੀ ਟਿਕਟ” ਨੂੰ ਬਹੁਤ ਚਰਚਿਤ ਬਣਾਇਆ।
ਅੰਗਰੇਜ਼ੀ ਵਿੱਚ ਇਸ ਦਾ ਨਾਮ “The Revenue Stamp” ਕੀਤਾ ਗਿਆ ਹੈ।
ਲੱਗਦਾ ਹੈ, ਪੋਸਟਕਾਰਡ, ਚਿੱਠੀਆਂ ਵਾਲੇ ਨੀਲੇ ਲਿਫਾਫੇ ਅਤੇ ਟੈਲੀਗ੍ਰਾਮ ਵਾਂਗ ਰਸੀਦੀ ਟਿਕਟ ਵੀ ਹੌਲੀ-ਹੌਲੀ ਅਲੋਪ ਹੋ ਰਹੀ ਹੈ, ਜਾਂ ਸ਼ਾਇਦ ਇਸ ਦਾ ਰੂਪ ਬਦਲ ਜਾਵੇਗਾ, ਜਿਵੇਂ ਅਸ਼ਟਾਮ ਪੇਪਰ ਦਾ ਬਦਲ ਗਿਆ ਹੈ।
ਰਸੀਦੀ ਟਿਕਟ ਦੀ ਰਸੀਦ ਰਿਕਾਰਡ ’ਤੇ ਰਹੇ—“ਮੇਰਾ ਖ਼ਜ਼ਾਨਾ” ਦੀ ਇਹ ਲਿਖਤ ਵੀ ਇਸੇ ਮੰਤਵ ਲਈ ਹੈ।

-
ਬਲਜੀਤ ਬੱਲੀ, ਸੰਪਾਦਕ
tirshinazar@gmail.com
1234567
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.