ਸੜਕ ਹਾਦਸੇ 'ਚ ਮਾਰੇ ਮਨਰੇਗਾ ਕਾਮਿਆਂ ਦੇ ਪ੍ਰੀਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਦੇਣ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ,19 ਅਕਤੂਬਰ 2026 : ਦਿਹਾਤੀ ਮਜ਼ਦੂਰ ਸਭਾ ਨੇ ਬੀਤੇ ਕੱਲ੍ਹ ਸੰਗਰੂਰ ਜਿਲ੍ਹੇ ਦੇ ਪਿੰਡ ਅਲੀਸ਼ੇਰ ਕਲਾਂ ਵਿਖੇ ਇਕ ਮੰਦਭਾਗੇ ਸੜਕ ਹਾਦਸੇ 'ਚ ਜਾਨਾਂ ਗੁਆਉਣ ਵਾਲੇ ਮਗਨਰੇਗਾ ਕਾਮਿਆਂ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਅਖ਼ਬਾਰੀ ਰਿਪੋਰਟਾਂ ਅਨੁਸਾਰ ਇਸ ਹਾਦਸੇ 'ਚ ਥਾਏਂ ਮਾਰੇ ਗਏ ਨੌ ਕਿਰਤੀਆਂ ਚੋਂ ਜ਼ਿਆਦਾਤਰ ਔਰਤਾਂ ਹਨ।ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਪ੍ਰੈਸ ਸਕੱਤਰ ਬਲਦੇਵ ਸਿੰਘ ਨੂਰਪੁਰੀ, ਖਜ਼ਾਨਚੀ ਸ਼ਮਸ਼ੇਰ ਸਿੰਘ ਬਟਾਲਾ ਨੇ ਅੱਜ ਇਕ ਸਾਂਝੇ ਬਿਆਨ ਰਾਹੀਂ ਸੂਬੇ ਦੀ ਭਗਵੰਤ ਸਿੰਘ ਮਾਨ ਸਰਕਾਰ ਅਤੇ ਪੁਲਸ-ਪ੍ਰਸ਼ਾਸਨ ਵਲੋਂ ਇਸ ਦਿਲ ਕੰਬਾਊ ਘਟਨਾ ਸਬੰਧੀ ਅਪਣਾਈ ਸੰਵੇਦਨ ਹੀਣ ਪਹੁੰਚ 'ਤੇ ਵੀ ਡੂੰਘਾ ਰੋਸ ਜ਼ਾਹਿਰ ਕੀਤਾ ਹੈ।
ਉਨ੍ਹਾਂ ਦੋਸ਼ ਲਾਇਆ ਹੈ ਕਿ ਪੁਲਸ ਤੇ ਮੈਡੀਕਲ ਟੀਮਾਂ ਘਟਨਾ ਵਾਪਰਨ ਤੋਂ ਕਾਫੀ ਦੇਰ ਪਿੱਛੋਂ ਪੁੱਜੀਆਂ ਸਨ। ਮਜ਼ਦੂਰ ਆਗੂਆਂ ਨੇ ਮ੍ਰਿਤਕਾਂ ਦੇ ਵਾਰਿਸਾਂ ਨੂੰ ਘੱਟੋ-ਘੱਟ 50 ਲੱਖ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਅਤੇ ਦੋਸ਼ੀਆਂ ਨੂੰ ਫੌਰੀ ਸਖ਼ਤ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਆਗੂਆਂ ਨੇ ਜ਼ਖ਼ਮੀਆਂ ਦੇ ਸਰਕਾਰੀ ਖਰਚੇ 'ਤੇ ਇਲਾਜ ਅਤੇ ਮੁੜ ਵਸੇਬੇ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਪੀੜਤਾਂ ਦੇ ਵਾਰਿਸਾਂ ਨੂੰ ਇਨਸਾਫ ਨਾ ਮਿਲਣ ਦੀ ਸੂਰਤ ਚ ਜਥੇਬੰਦੀ ਆਜ਼ਾਦਾਨਾ ਤੇ ਸਾਂਝੇ ਘੋਲ ਵੱਲ ਪੇਸ਼ਕਦਮੀ ਕਰੇਗੀ।