ਅੰਮ੍ਰਿਤਸਰ: ਮਾਂ ਪੁੱਤ ਦਾ ਬੇਰਹਿਮੀ ਨਾਲ ਕਤਲ; ਸ਼ੱਕ ਦੀ ਸੂਈ ਗਾਇਬ ਹੋਈ ਘਰ ਦੀ ਮੈਂਬਰ 'ਤੇ
ਬੰਦ ਘਰ ਵਿੱਚੋਂ ਬਦਬੂ ਆਉਣ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਕੀਤਾ ਪੁਲਿਸ ਨੂੰ ਸੂਚਿਤ, ਮੌਕੇ ਤੇ ਪਹੁੰਚੇ ਏਡੀਸੀਪੀ ਸ਼੍ਰੀਵਨੇਲਾ
ਕੁਲਵਿੰਦਰ ਸਿੰਘ
ਅੰਮ੍ਰਿਤਸਰ 18 ਅਕਤੂਬਰ 2026- ਅੰਮ੍ਰਿਤਸਰ ਦੇ ਮਜੀਠਾ ਰੋਡ ਰਾਮਨਗਰ ਗਲੀ ਨੰਬਰ ਚਾਰ ਵਿਖੇ ਕੁਝ ਇਲਾਕਾ ਵਾਸੀਆਂ ਨੂੰ ਪਿਛਲੇ ਕੁਝ ਦਿਨਾਂ ਤੋਂ ਬੰਦ ਇੱਕ ਘਰ ਦੇ ਅੱਗੋਂ ਲੰਘਣ ਤੇ ਬਦਬੂ ਦਾ ਅਹਿਸਾਸ ਹੁੰਦਾ ਹੈ ਤਾਂ ਸ਼ੱਕ ਦੇ ਆਧਾਰ ਤੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ। ਥਾਣਾ ਸਦਰ ਦੀ ਪੁਲਿਸ ਅਤੇ ਏਡੀਸੀਪੀ ਸ਼੍ਰੀ ਵਨੇਲਾ ਸਣੇ ਏਸੀਪੀ ਗਗਨਦੀਪ ਸਿੰਘ ਮੌਕੇ ਤੇ ਪਹੁੰਚਦੇ ਹਨ ਅਤੇ ਆਲੇ ਦੁਆਲੇ ਪੁਲਿਸ ਵੱਲੋਂ ਸੇਫਟੀ ਟੇਪ ਲਗਾ ਕੇ ਰਾਹ ਬੰਦ ਕਰ ਦਿੱਤਾ ਜਾਂਦਾ ਹੈ। ਕੁਝ ਦੇਰ ਤਫਤੀਸ਼ ਕਰਨ ਤੋਂ ਬਾਅਦ ਪੁਲਿਸ ਨੂੰ ਉਥੋਂ ਗੌਰਵ (35) ਅਤੇ ਉਸ ਦੀ ਮਾਤਾ ਰੀਤੂ (70) ਦੀ ਮਾੜੇ ਹਾਲਾਤਾਂ ਵਿੱਚ ਪਈਆਂ ਲਾਸ਼ਾਂ ਮਿਲਦੀਆਂ ਹਨ।
ਇਸ ਬਾਰੇ ਤਫਤੀਸ਼ ਕਰਨ ਲਈ ਪਹੁੰਚੇ ਪੁਲਿਸ ਅਧਿਕਾਰੀ ਏਡੀਸੀਪੀ ਸ਼੍ਰੀ ਵਨੇਲਾ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮੁਹੱਲਾ ਨਿਵਾਸੀਆਂ ਵੱਲੋਂ ਉਹਨਾਂ ਨੂੰ ਸ਼ੱਕ ਹੋਣ ਤੇ ਸੂਚਿਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਕਰੀਬ ਸਾਢੇ ਵਜੇ ਪੁਲਿਸ ਪਾਰਟੀ ਵੱਲੋਂ ਇਥੇ ਤਫਤੀਸ਼ ਸ਼ੁਰੂ ਕੀਤੀ ਗਈ ਅਤੇ ਪੁਲਿਸ ਨੂੰ ਦੋ ਲਾਸ਼ਾਂ ਬਰਾਮਦ ਹੋਈਆਂ ਹਨ।
ਲਾਸ਼ਾਂ ਦੀ ਹਾਲਤ ਤੋਂ ਲੱਗਦਾ ਹੈ ਕਿ ਲਾਸ਼ਾਂ ਪਿਛਲੇ ਦੋ ਤਿੰਨ ਦਿਨ ਪੁਰਾਣੀਆਂ ਹਨ ਏਡੀਸੀਪੀ ਨੇ ਸ਼ੱਕ ਜਾਹਰ ਕਰਦੇ ਹੋਏ ਕਿਹਾ ਕਿ ਘਰ ਦੀ ਨੂੰਹ ਜਿਸ ਦਾ ਨਾਮ ਮਨੀਸ਼ਾ ਹੈ ਘਰੋਂ ਗਾਇਬ ਹੈ ਅਤੇ ਮੌਕੇ ਦੇ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਮਨੀਸ਼ਾ ਉੱਤੇ ਹੀ ਦੋਹਾਂ ਮਾਂ ਪੁੱਤ ਦੇ ਕਤਲ ਦੇ ਸ਼ੱਕ ਦੀ ਸੁਈ ਘੁੰਮਦੀ ਨਜ਼ਰ ਆਉਂਦੀ ਹੈ। ਫਿਲਹਾਲ ਪੁਲਿਸ ਵੱਲੋਂ ਥਾਣਾ ਸਦਰ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
- Download Babushahi App
-
-