Babushahi Special ਝੋਟਾ ਕਤਲ: ਲਾਅਨਤ ਪੱਤਰ ਲਾਉਣ ਮੌਕੇ ਲੱਖਾ ਸਿਧਾਣਾ ਤੇ ਅਕਾਲੀ ਆਗੂ ’ਚ ਤਿੱਖੀ ਬਹਿਸ
ਤਲਵੰਡੀ ਸਾਬੋ ’ਚ ਕਿਸਾਨਾਂ ਤੇ ਪੁਲਿਸ ’ਚ ਟਕਰਾਅ
ਅਸ਼ੋਕ ਵਰਮਾ
ਬਠਿੰਡਾ , 19 ਅਕਤੂਬਰ 2026 : ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਨੂੰ ਲੈਕੇ ਅੱਜ ਐਕਸ਼ਨ ਕਮੇਟੀ ਅਤੇ ਝੋਟਾ ਦੇ ਸਮਰਥਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕਰਨ ਦੇ ਫੈਸਲੇ ਤਹਿਤ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੇ ਵਿਧਾਇਕਾਂ ਦੇ ਘਰਾਂ ਅੱਗੇ ਧਰਨਾ ਦੇਣ ਤੋਂ ਬਾਅਦ ਲਾਅਨਤ ਪੱਤਰ ਚਿਪਕਾਏ। ਬਠਿੰਡਾ ਜ਼ਿਲ੍ਹੇ ਦੇ ਮੌੜ ’ਚ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦੇ ਘਰ ਦੇ ਬਾਹਰ ਲਾਏ ਧਰਨੇ ਦੌਰਾਨ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਹਲਕਾ ਇੰਚਾਰਜ ਲੱਖਾ ਸਿਧਾਣਾ ਅਤੇ ਸ਼੍ਰੋਮਣੀ ਅਕਾਲੀ ਦਲ ( ਬਾਦਲ ) ਦੇ ਇੱਕ ਵਰਕਰ ਵਿਚਾਲੇ ਤਿੱਖੀ ਬਹਿਸ ਹੋ ਗਈ। ਇਸ ਸਬੰਧ ’ਚ ਸੋਸ਼ਲ ਮੀਡੀਆ ’ਤੇ ਵੀਡੀਓ ਵੀ ਵਾਇਰਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬਹਿਸ ਲੱਖਾ ਸਿਧਾਣਾ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰੇ ਸਬੰਧੀ ਦਿੱਤੇ ਜਾ ਰਹੇ ਬਿਆਨ ਕਾਰਨ ਹੋਈ ਹੈ।
ਇਸ ਮੌਕੇ ਦੋਵਾਂ ਧਿਰਾਂ ਵਿਚਾਲੇ ਪੰਜਾਬ ਦੀਆਂ ਵੱਖ-ਵੱਖ ਸਰਕਾਰਾਂ ਦੇ ਕੰਮਕਾਜ , ਪਿਛਲੀ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਕੁੱਝ ਫ਼ੈਸਲਿਆਂ ਅਤੇ ਭਾਜਪਾ ਨਾਲ ਗੱਠਜੋੜ ਵਰਗੇ ਮੁੱਦਿਆਂ ਨੂੰ ਲੈ ਕੇ ਤਿੱਖੀ ਨੋਕ-ਝੋਕ ਹੋਈ। ਲੱਖਾ ਸਿਧਾਣਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੱਤਕਾਲੀ ਮੈਂਬਰ ਅਮਰਜੀਤ ਸਿੰਘ ਚਾਵਲਾ ਨਾਲ ਜੁੜੇ ਕਥਿਤ ਰੇਪ ਕਾਂਡ ਨੂੰ ਲੈਕੇ ਵੀ ਅਕਾਲੀ ਦਲ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਤਲਵੰਡੀ ਸਾਬੋ ਦੀ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਦੀ ਕੋਠੀ ਅੱਗੇ ਲਾਅਨਤ ਪੱਤਰ ਚਿਪਕਾਉਣ ਪੁੱਜੀਆਂ ਕਿਸਾਨ ਧਿਰਾਂ , ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਬੈਰੀਕੇਡਿੰਗ ਪੱਟ ਦਿੱਤਾ ਜਿਸ ਨਾਲ ਆਹਮੋ-ਸਾਹਮਣੇ ਵਾਲੀ ਸਥਿਤੀ ਬਣ ਗਈ। ਕਿਸਾਨ ਬੈਰੀਕੇਡ ਤੋੜ ਕੇ ਅੱਗੇ ਵਧ ਗਏ ਅਤੇ ਵਿਧਾਇਕ ਦੀ ਕੋਠੀ ’ਤੇ ਲਾਹਨਤ ਪੱਤਰ ਚਿਪਕਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਿਸੇ ਸੁਤੰਤਰ ਕੇਂਦਰੀ ਏਜੰਸੀ ਤੋਂ ਕਰਵਾਉਣੀ ਜ਼ਰੂਰੀ ਹੈ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।
ਇਸ ਮੌਕੇ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਸਮਰਥਕਾਂ ਨੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਹ ਸਿਰਫ਼ ਕਤਲ ਦਾ ਮਾਮਲਾ ਨਹੀਂ , ਸਗੋਂ ਨਸ਼ਿਆਂ ਖ਼ਿਲਾਫ਼ ਲੜਨ ਵਾਲੇ ਵਿਅਕਤੀ ਨੂੰ ਨਿਸ਼ਾਨਾ ਬਣਾਕੇ ਕੀਤੀ ਗਈ ਹੱਤਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮਸਲੇ ਦਾ ਹੱਲ ਕਰਨ ਲਈ ਘੇਸਲ ਵੱਟ ਲਈ ਹੈ ਜਿਸ ਦੇ ਚੱਲਦਿਆਂ ਹੁਣ ਵਿਰੋਧ ਪ੍ਰਦਰਸ਼ਨਾਂ ਦਾ ਰੁਖ਼ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਤੱਕ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਇਹ ਇਕੱਲੀ ਪਰਵਿੰਦਰ ਝੋਟੇ ਦੀ ਨਹੀਂ , ਸਗੋਂ ਸਮੁੱਚੇ ਪੰਜਾਬ ਦੇ ਲੋਕਾਂ ਦੀ ਲੜਾਈ ਹੈ। ਇਸੇ ਕੜੀ ਤਹਿਤ ਅੱਜ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਘਰ ਲਾਗੇ ਵੀ ਪ੍ਰਦਰਸ਼ਨਕਾਰੀਆਂ ਨੇ ਆਪਣਾ ਰੋਸ ਜ਼ਾਹਰ ਕੀਤਾ। ਇਸ ਤੋਂ ਇਲਾਵਾ ਹਲਕਾ ਭੁੱਚੋ ਮੰਡੀ ਤੋਂ ਵਿਧਾਇਕ ਮਾਸਟਰ ਜਗਸੀਰ ਸਿੰਘ ਅਤੇ ਰਾਮਪੁਰਾ ਤੋਂ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਘਰਾਂ ਦਾ ਵੀ ਘਿਰਾਓ ਕੀਤੇ ਗਏ।
ਪ੍ਰਦਰਸ਼ਨਾਂ ਦੌਰਾਨ ਐਕਸ਼ਨ ਕਮੇਟੀ ਅਤੇ ਝੋਟਾ ਦੇ ਸਮਰਥਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਦੇ ਬਾਹਰ ‘ਲਾਹਨਤ ਪੱਤਰ’ ਵੀ ਚਿਪਕਾਏ ਗਏ। ਇਸ ਕਤਲ ਮਾਮਲੇ ’ਚ ਬਣੀ ਐਕਸ਼ਨ ਕਮੇਟੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਡੀਜੀਪੀ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ। ਕਮੇਟੀ ਦੇ ਮੈਂਬਰ ਇਨ੍ਹਾਂ ਮੰਗਾਂ ਦੀ ਪੂਰਤੀ ਤੋਂ ਬਿਨਾਂ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਨਾ ਕਰਵਾਉਣ ’ਤੇ ਅੜੇ ਹੋਏ ਹਨ। ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਪਿਛਲੇ ਸੱਤ ਦਿਨਾਂ ਤੋਂ ਮਾਨਸਾ ਦੇ ਹਸਪਤਾਲ ਵਿੱਚ ਰੱਖੀ ਹੋਈ ਹੈ। ਜ਼ਿਕਰਯੋਗ ਹੈ ਕਿ 13 ਅਕਤੂਬਰ ਨੂੰ ਮਾਨਸਾ ਦੇ ਇੱਕ ਮੈਡੀਕਲ ਸਟੋਰ ’ਤੇ ਕਥਿਤ ਤੌਰ ’ਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਨੂੰ ਲੈਕੇ ਹੋਈ ਬਹਿਸ ਤੋਂ ਬਾਅਦ ਝੋਟਾ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਉਪਰੰਤ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਨੂੰ ਲੈਕੇ ਧਰਨੇ ਪ੍ਰਦਰਸ਼ਨ ਸ਼ੁਰੂ ਹੋ ਗਏ ਜੋ ਲਗਾਤਾਰ ਜਾਰੀ ਹਨ।
ਪੱਤਰ ਵਿੱਚ ਦਰਜ ਨੌਂ ਮੰਗਾਂ
ਮੁੱਖ ਮੰਤਰੀ ਭਗਵੰਤ ਮਾਨ ਦਾ ਇਖ਼ਲਾਕੀ ਆਧਾਰ ’ਤੇ ਅਸਤੀਫ਼ਾ
ਪੰਜਾਬ ਦੇ ਡੀਜੀਪੀ ਦਾ ਅਸਤੀਫ਼ਾ
ਪੀਜੀਆਈ ਦੇ ਸੀਨੀਅਰ ਡਾਕਟਰਾਂ ਦੇ ਪੈਨਲ ਤੋਂ ਪੋਸਟਮਾਰਟਮ
ਕਤਲ ਕਾਂਡ ਅਤੇ ਪੁਲੀਸ-ਸਿਆਸਤਦਾਨ-ਤਸਕਰ ਗਠਜੋੜ ਦੀ ਸੀਬੀਆਈ ਜਾਂਚ
ਜਿਸ ਦੁਕਾਨ ’ਤੇ ਕਤਲ ਹੋਇਆ ਉੱਥੇ ਝੋਟਾ ਦਾ ਬੁੱਤ ਲਾਉਣਾ
ਮਾਨਸਾ ਦੇ ਦੋ ਐੱਸਐੱਚਓਜ਼, ਡੀਐੱਸਪੀ ਅਤੇ ਡਰੱਗ ਇੰਸਪੈਕਟਰ ਨੂੰ ਬਰਖ਼ਾਸਤ ਕਰਨਾ
ਪਿੰਡ ਖਿਆਲਾ ਕਲਾਂ ਵਿਖੇ ਝੋਟਾ ਦੇ ਨਾਂ ’ਤੇ ਟਰਾਮਾ ਸੈਂਟਰ ਦੀ ਸਥਾਪਨਾ
ਫਾਸਟ ਟਰੈਕ ਅਦਾਲਤ ਵਿੱਚ ਮੁਕੱਦਮਾ ਚਲਾ ਕੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣਾ
ਫਾਇਰਿੰਗ ਵਿੱਚ ਜ਼ਖ਼ਮੀ ਹੋਏ ਚਾਰ ਵਿਅਕਤੀਆਂ ਦਾ ਮੁਫ਼ਤ ਸਰਕਾਰੀ ਇਲਾਜ ਤੇ 20-20 ਲੱਖ ਰੁਪਏ ਦਾ ਮੁਆਵਜ਼ਾ ਸ਼ਾਮਲ ਹੈ।
- Download Babushahi App
-
-