Political Special-- ਨਹਿਰੀ ਪਟਵਾਰੀ ਵੱਲੋਂ SDM ਦੇ ‘ਸਿਆਸੀ ਮੋਘੇ’ ’ਚ ‘ਅਕਾਲੀ ਇੱਟ ਲਾਉਣ’ ਦੀ ਤਿਆਰੀ
ਅਸ਼ੋਕ ਵਰਮਾ
ਬਠਿੰਡਾ , 18 ਅਕਤੂਬਰ 2026 : ਸ਼੍ਰੋਮਣੀ ਅਕਾਲੀ ਦਲ ਨੇ ਐੱਸਸੀ ਵਰਗ ਲਈ ਰਾਖਵੇਂ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਵਿੱਚ ਸੇਵਾਮੁਕਤ ਨਹਿਰੀ ਪਟਵਾਰੀ ਜਸਕਰਨ ਸਿੰਘ ਗਹਿਰੀ ਬੁੱਟਰ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਹੈ । ਰਾਜਸੀ ਪੱਖ ਤੋਂ ਅਹਿਮ ਸਮਝੇ ਜਾਂਦੇ ਇਸ ਹਲਕੇ ’ਚ ਅਗਾਮੀ ਚੋਣਾਂ ਦੌਰਾਨ ਭਾਵੇਂ ਕਈ ਸਿਆਸੀ ਧਿਰਾਂ ਮੈਦਾਨ ਵਿੱਚ ਹੋਣਗੀਆਂ ਪਰ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਰੌਸ਼ਨੀ ’ਚ ਮੁੱਖ ਮੁਕਾਬਲਾ ਸੇਵਾਮੁਕਤ ਪਟਵਾਰੀ ਜਸਕਰਨ ਸਿੰਘ ਅਤੇ ਸਾਬਕਾ ਐਸਡੀਐਮ ਤੇ ‘ਆਪ’ ਦੇ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਵਿਚਕਾਰ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਭਾਜਪਾ ਤਰਫੋਂ ਐਨਐਫਐਲ ਦੇ ਸਾਬਕਾ ਜਰਨਲ ਮੈਨੇਜਰ ਦਰਸ਼ਨ ਸਿੰਘ ਕੋਟਫੱਤਾ ਦੇ ਚੋਣ ਮੈਦਾਨ ’ਚ ਨਿਤਰਨ ਦੀ ਗੱਲ ਸਾਹਮਣੇ ਆ ਰਹੀ ਹੈ ਪਰ ਪਾਰਟੀ ਨੇ ਫਿਲਹਾਲ ਇਸ ਸਬੰਧੀ ਕੋਈ ਰਸਮੀ ਐਲਾਨ ਨਹੀਂ ਕੀਤਾ ਹੈ। ਇਸ ਹਲਕੇ ਲਈ ਕਾਂਗਰਸ ਅਤੇ ਹੋਰਨਾਂ ਪਾਰਟੀਆਂ ਵੱਲੋਂ ਸਿਆਸੀ ਪੱਤੇ ਖੋਲ੍ਹਣੇ ਬਾਕੀ ਹਨ।
ਹੁਣ 2027 ਦੌਰਾਨ ਦਿਹਾਤੀ ਹਲਕੇ ’ਚ ਸੇਵਾਮੁਕਤ ਪਟਵਾਰੀ ਜਸਕਰਨ ਸਿੰਘ ਗਹਿਰੀ ਬੱਟਰ ਇੱਕ ਸਿਆਸੀ ਨੇਤਾ ਵਜੋਂ ਕੀ ਰੰਗ ਬੰਨ੍ਹਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਉਨ੍ਹਾਂ ਦੀ ਨਿਯੁਕਤੀ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੀਆਂ ਸਿਆਸੀ ਸਰਗਰਮੀਆਂ ਅਚਾਨਕ ਤੇਜੀ ਫੜ ਗਈਆਂ ਹਨ। ਹੁਣ ਰਤਾ ਪਿੱਛੇ ਚੱਲਦੇ ਹਾਂ ਜਦੋਂ ਕਰੀਬ 15 ਸਾਲ ਪਹਿਲਾਂ ‘ਸਧਾਰਨ ਜਿਹਾ ਮੁੰਡਾ’ ਜਸਕਰਨ ਸਿੱਖਿਆ ਵਿਭਾਗ ’ਚ ਏਆਈਈ ਵਲੰਟੀਅਰ ਵਜੋਂ ਤਾਇਨਾਤ ਸੀ। ਉਦੋਂ ਪੰਜਾਬ ’ਚ ਅਕਾਲੀ ਭਾਜਪਾ ਗਠਜੋੜ ਸਰਕਾਰ ਸੀ ਅਤੇ ਕੇਂਦਰੀ ਸਕੀਮ ਤਹਿਤ ਕੰਮ ਕਰਦੇ ਏਆਈਈ ਅਤੇ ਈਜੀਐਸ ਆਦਿ ਵਲੰਟੀਅਰਾਂ ਨੇ ਆਪਣੀ ਨੌਕਰੀ ਪੱਕੀ ਕਰਨ ਲਈ ਸੰਘਰਸ਼ ਵਿੱਢਿਆ ਸੀ। ਬਾਦਲਾਂ ਦੀ ਸਿਆਸੀ ਰਾਜਧਾਨੀ ਬਠਿੰਡਾ ’ਚ ਜਸਕਰਨ ਸਿੰਘ ਨੇ ਸਰਕਾਰ ਖਿਲਾਫ ਸਾਥੀਆਂ ਦੇ ਸਹਿਯੋਗ ਨਾਲ ਨਿੱਠਕੇ ਲੜਾਈ ਲੜੀ ਅਤੇ ਸਫਲਤਾ ਵੀ ਹੋਇਆ । ਜਦੋਂ ਪੰਜਾਬ ਸਰਕਾਰ ਨੇ ਨਹਿਰੀ ਪਟਵਾਰੀ ਦੀਆਂ ਅਸਾਮੀਆਂ ਕੱਢੀਆਂ ਤਾਂ ਜਸਕਰਨ ਸਿੰਘ ਪੱਕੇ ਰੁਜਗਾਰ ਵਜੋਂ ਪਟਵਾਰੀ ਭਰਤੀ ਹੋ ਗਿਆ।
ਜਸਕਰਨ ਸਿੰਘ ਦੇ ਹੱਕਾਂ ਪ੍ਰਤੀ ਲੜਨ ਦੇ ਜਜਬੇ ਨੂੰ ਦੇਖਦਿਆਂ ਨੂੰ 2017 ’ਚ ਉਸ ਨੂੰ ਪੰਜਾਬ ਨਹਿਰੀ ਪਟਵਾਰ ਯੂਨੀਅਨ ਦਾ ਸੂਬਾ ਪ੍ਰਧਾਨ ਬਣਾ ਦਿੱਤਾ ਗਿਆ ਅਤੇ ਸੇਵਾਮੁਕਤੀ ਤੱਕ ਉਹ ਇਸ ਅਹੁਦੇ ’ਤੇ ਰਿਹਾ। ਆਪਣੇ ਸਾਥੀ ਪਟਵਾਰੀਆਂ ਦੀਆਂ ਹੱਕੀ ਮੰਗਾਂ ਦੀ ਲੜਾਈ ਦੌਰਾਨ ਜਸਕਰਨ ਨਾ ਲਿਫਿਆ ਨਾਂ ਝਿਪਿਆ ਅਤੇ ਨਾਂ ਹੀ ਸਰਕਾਰਾਂ ਦੀ ਈਨ ਮੰਨੀ ਜਿਸ ਕਰਕੇ ਉਹ ਹਕੂਮਤ ਦੀਆਂ ਅੱਖਾਂ ’ਚ ਰੜਕਦਾ ਰਿਹਾ। ਇਹੋ ਕਾਰਨ ਹੈ ਕਿ ਗਹਿਰੀ ਬੁੱਟਰ ਨੂੰ ਜੱਥੇਬੰਦਕ ਹਲਕਿਆਂ ’ਚ ਇੱਕ ਖਾੜਕੂ ਆਗੂ ਵਜੋਂ ਜਾਣਿਆ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਅਨੁਸਾਰ , ਸਾਲ 2024 ਵਿੱਚ ਜਸਕਰਨ ਸਿੰਘ ਗਹਿਰੀ ਬੁੱਟਰ ਨੇ ਜਦੋਂ ਭਗਵੰਤ ਮਾਨ ਸਰਕਾਰ ਵੱਲੋਂ ਨਹਿਰੀ ਸਿੰਜਾਈ ਦੇ ਵਧਾ - ਚੜ੍ਹਾ ਕੇ ਅੰਕੜੇ ਦਰਜ ਕਰਨ ਸਬੰਧੀ ਦਿੱਤੇ ਨਿਰਦੇਸ਼ਾਂ ਦਾ ਵਿਰੋਧ ਜਤਾਇਆ ਤਾਂ ਉਨ੍ਹਾਂ ਨੂੰ ਮੁਅੱਤਲੀ ਸਮੇਤ ਵਿਭਾਗੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ, ਪਰ ਉਨ੍ਹਾਂ ਖੁਦ ਨੂੰ ਆਪਣੇ ਸਟੈਂਡ ’ਤੇ ਕਾਇਮ ਰੱਖਿਆ ਸੀ।
ਹੁਣ ਇਸ ਸੇਵਾਮੁਕਤ ਪਟਵਾਰੀ ਨੇ ਸਰਕਾਰੀ ਸੇਵਾ ਤੋਂ ਅਸਤੀਫ਼ਾ ਦੇਕੇ ਰਸਮੀ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਹੈ। ਅਕਾਲੀ ਦਲ ਇਸ ਸਿਆਸੀ ਜੰਗ ’ਚ ਆਮ ਆਦਮੀ ਪਾਰਟੀ ਨੂੰ ਆਪਣੀ ਮੁੱਖ ਵਿਰੋਧੀ ਮੰਨਦਾ ਹੈ ਜਿਸ ਦਾ ਹਲਕਾ ਇੰਚਾਰਜ ਸਾਬਕਾ ਪੀਸੀਐਸ ਅਧਿਕਾਰੀ ਗੋਪਾਲ ਸਿੰਘ ਹੈ। ਅਫਸਰ ਬਣਨ ਤੋਂ ਪਹਿਲਾਂ ਉਹ ਮਾਲ ਵਿਭਾਗ ਬਠਿੰਡਾ ’ਚ ਤਾਇਨਾਤ ਰਿਹਾ ਹੈ। ਸੇਵਾਮੁਕਤੀ ਪਿੱਛੋਂ ਗੋਪਾਲ ਸਿੰਘ ਦਿਹਾਤੀ ਹਲਕੇ ’ਚ ਨੌਜਵਾਨਾਂ ਨੂੰ ਸਾਹਿਤ ਦੇ ਲੜ ਲਾ ਰਿਹਾ ਸੀ ਤਾਂ ਜੋ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ। ਗੋਪਾਲ ਸਿੰਘ ਸਾਫ਼ ਸੁਥਰੀ ਦਿੱਖ ਵਾਲੇ ਚਿਹਰੇ ਵਜੋਂ ਜਾਣੇ ਜਾਂਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵੀ ਅਜਿਹੇ ਚਿਹਰੇ ਦੀ ਭਾਲ ’ਚ ਸਨ ਜੋ ਕਿਰਤੀ ਜਮਾਤ ਚੋਂ ਹੋਵੇ ਅਤੇ ਸਮਾਜਿਕ ਤੌਰ ’ਤੇ ਚੰਗਾ ਰਸੂਖ਼ ਰੱਖਦਾ ਹੋਵੇ। ਆਮ ਆਦਮੀ ਪਾਰਟੀ ਨੇ ਕਈ ਸਰਵੇਖਣਾ ਮਗਰੋਂ ਵਿਧਾਇਕ ਅਮਿਤ ਰਤਨ ਦੀ ਥਾਂ ਗੋਪਾਲ ਸਿੰਘ ਦੀ ਚੋਣ ਕੀਤੀ ਸੀ।
ਭਾਜਪਾ ਦੀ ਥਾਂ ਨਿੱਜੀ ‘ਦਰਸ਼ਨ’
ਬੇਸ਼ੱਕ ਫੈਸਲਾ ਭਾਰਤੀ ਜੰਤਾ ਪਾਰਟੀ ਵੱਲੋਂ ਕੀਤਾ ਜਾਣਾ ਹੈ ਪਰ ਚਰਚਿਆਂ ਮੁਤਾਬਕ ਬਠਿੰਡਾ ਦਿਹਾਤੀ ਹਲਕੇ ਤੋਂ ਦਰਸ਼ਨ ਸਿੰਘ ਕੋਟਫੱਤਾ ਭਾਜਪਾ ਉਮੀਦਵਾਰ ਵਜੋਂ ਚੋਣ ਲੜਨਗੇ। ਦਰਸ਼ਨ ਸਿੰਘ ਕੋਟਫੱਤਾ 2012 ’ਚ ਅਕਾਲੀ ਉਮੀਦਵਾਰ ਵਜੋਂ ਤਕਰੀਬਨ 5 ਹਜ਼ਾਰ ਦੇ ਫਰਕ ਨਾਲ ਚੋਣ ਜਿੱਤੇ ਸਨ ਅਤੇ ਉਨ੍ਹਾਂ ਨੂੰ 41.57 ਫੀਸਦੀ ਵੋਟਾਂ ਪਈਆਂ ਸਨ। ਸਿਆਸੀ ਮਾਹਿਰਾਂ ਮੁਤਾਬਕ ਦਰਸ਼ਨ ਸਿੰਘ ਕੋਟ ਫੱਤਾ ਦਾ ਹਲਕੇ ’ਚ ਭਾਜਪਾ ਨਾਲੋਂ ਆਪਣਾ ਨਿੱਜੀ ਅਸਰ ਰਸੂਖ ਜਿਆਦਾ ਹੈ। ਉਨ੍ਹਾਂ ਦੀ ਧਰਮਪਤਨੀ ਡਾਕਟਰ ਅਮਰਜੀਤ ਕੌਰ ਕੋਟਫੱਤਾ ਸੇਵਾਮੁਕਤ ਜਿਲ੍ਹਾ ਸਿੱਖਿਆ ਅਫਸਰ ਹਨ ਜੋ ਹਲਕੇ ਦੇ ਪਿੰਡਾਂ ਖਾਸ ਤੌਰ ’ਤੇ ਪੜ੍ਹੀਆਂ ਲਿਖੀਆਂ ਔਰਤਾਂ ’ਚ ਚੰਗਾ ਪ੍ਰਭਾਵ ਰੱਖਦੇ ਹਨ।
ਹੋਰ ਸਿਆਸੀ ‘ਰਤਨ’ ਕੌਣ ਕੌਣ
ਦਿਹਾਤੀ ਹਲਕੇ ’ਚ ਵਿਧਾਇਕ ਅਮਿਤ ਰਤਨ ਵੱਲ ਦੇ ਪੱਤਿਆਂ ਵੀ ਨਜ਼ਰਾਂ ਟਿਕੀਆਂ ਹੋਈਆਂ ਹਨ ਜੋ ਪਿਛਲੀ ਵਾਰ ਬੰਪਰ ਬਹੁਮੱਤ ਨਾਲ ਜਿੱਤੇ ਸਨ। ਹਲਕੇ ’ਚ ਵਾਰਿਸ ਪੰਜਾਬ ਦੇ ਉਮੀਦਵਾਰ ਦਾ ਵੀ ਇੰਤਜ਼ਾਰ ਹੈ ਜਿਸ ਦੀ ਸਿੱਧੀ ਟੱਕਰ ਸ਼ੋਮਣੀ ਅਕਾਲੀ ਦਲ ਨਾਲ ਮੰਨੀ ਜਾ ਰਹੀ ਹੈ। ਕਾਂਗਰਸ ਵੱਲੋਂ ਵੀ ਕਈ ਨਵੇਂ ਨਕੋਰ ਚਿਹਰੇ ਅਤੇ ਚੱਲੇ ਕਾਰਤੂਸ ਵੀ ਕਾਂਗਰਸੀ ਟਿਕਟ ਲਈ ਜੋਰ ਅਜਮਾਈ ਕਰ ਰਹੇ ਹਨ। ਸਿਆਸੀ ਬੇਰ ਕਿਸ ਦੀ ਝੋਲੀ ਡਿਗਦੇ ਹਨ ਇਹ ਫਿਲਹਾਲ ਭੇਦ ਬਣਿਆ ਹੋਇਆ ਹੈ।
- Download Babushahi App
-
-