ਰੋਡ ਸੇਫਟੀ ਸੋਸਾਇਟੀ ਵਲੋਂ ਸੜਕ ਸੁਰੱਖਿਆ ਜਾਗਰੂਕਤਾ ਵਾਸਤੇ ਰੈਲੀਆਂ ਤੇ ਵਿਦਿਅਕ ਅਦਾਰਿਆਂ ਵਿੱਚ ਜਾਗਰੂਕਤਾ ਪ੍ਰੋਜੈਕਟ ਕਰਨ ਦਾ ਫੈਸਲਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 25 ਸਤੰਬਰ, 2026- ਸਥਾਨਕ ਰੋਡ ਸੇਫਟੀ ਅਵੇਰਨੈੱਸ ਸੋਸਾਇਟੀ ਵਲੋਂ ਸੜਕ ਸੁਰੱਖਿਆ ਜਾਗਰੂਕਤਾ ਤੇ ਵਿਸ਼ੇਸ਼ ਧਿਆਨ ਜਾਰੀ ਰਹੇਗਾ। ਇਸ ਸਬੰਧੀ 30 ਸਤੰਬਰ ਨੂੰ ਜਾਗਰੂਕਤਾ ਰੈਲੀ ਕੀਤੀ ਜਾਵੇਗੀ। ਇਹ ਫੈਸਲਾ ਜੀ.ਐਸ.ਤੂਰ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਦੀ ਕਾਰਵਾਈ ਦਾ ਸੰਚਾਲਨ ਕਰਦਿਆਂ ਸਕੱਤਰ ਜੇ.ਐਸ.ਗਿੱਦਾ ਨੇ ਕਿਹਾ ਕਿ ਵਿਦਿਅਕ ਅਦਾਰਿਆਂ ਵਿੱਚ ਉਪਲੱਬਧ ਪੀੜ੍ਹੀ ਨੇ ਹੀ ਭਵਿੱਖ ਦੇ ਡਰਾਈਵਰ ਤੇ ਯਾਤਰੀ ਬਣ ਕੇ ਅਹਿਮ ਜ਼ਿੰਮੇਵਾਰੀਆਂ ਨਿਭਾਉਣੀਆਂ ਹਨ। ਇਸ ਵਾਸਤੇ ਵਿਦਿਅਕ ਅਦਾਰਿਆਂ ਵਿੱਚ ਸਵੇਰ ਦੀ ਅਸੈਂਬਲੀ ਵੇਲੇ ਇੱਕ ਅਧਿਆਪਕ ਜਾ ਵਿਦਿਆਰਥੀ ਇਸ ਵਿਸ਼ੇ ਤੇ ਜਾਗਰੂਕਤਾ ਭਾਸ਼ਨ ਕਰਿਆ ਕਰੇ ਤਾਂ ਸੁੰਦਰ ਭਵਿੱਖ ਤਿਆਰ ਕੀਤਾ ਜਾ ਸਕਦਾ ਹੈ। ਹਰ ਸਕੂਲ ਕਾਲਜ ਵਿੱਚ ਰੋਡ ਸੇਫਟੀ ਕਲੱਬਾਂ ਦੀ ਚੱਲ ਰਹੀ ਸਥਾਪਨਾ ਜਾਰੀ ਰੱਖੀ ਜਾਵੇਗੀ। ਸੜਕਾਂ ਤੇ ਫੌਰੀ ਕਰਨਯੋਗ ਕੰਮਾਂ ਲਈ ਸੋਸਾਇਟੀ ਦਾ ਇੱਕ ਵਫਦ ਲਿਖਤੀ ਮੰਗ ਪੱਤਰ ਲੈ ਕੇ ਡਿਪਟੀ ਕਮਿਸ਼ਨਰ ਤੇ ਜਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਲੇਗਾ। ਮੀਟਿੰਗ ਵਿੱਚ ਹਾਜ਼ਰ ਭਗਤ ਪੂਰਨ ਸਿੰਘ ਲੋਕ ਸੇਵਾ ਟਰਸੱਟ ਬਰਨਾਲਾ ਕਲਾਂ ਤੇ ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਨਵਾਂਸ਼ਹਿਰ ਦੇ ਪ੍ਰਤੀਨਿਧਾਂ ਵਲੋਂ ਸੜਕ ਸੁਰੱਖਿਆ ਜਾਗਰੂਕਤਾ ਲਈ ਭਰਪੂਰ ਸਹਿਯੋਗ ਦੇਣ ਦਾ ਵਾਅਦਾ ਕੀਤਾ। ਮੌਕੇ ਤੇ ਪ੍ਰਧਾਨ ਜੀ.ਐਸ.ਤੂਰ,ਮੀਤ ਪ੍ਰਧਾਨ ਹਰਪ੍ਰਭਮਹਿਲ ਸਿੰਘ, ਸਕੱਤਰ ਜੇ.ਐਸ.ਗਿੱਦਾ, ਕੈਸ਼ੀਅਰ ਨਰਿੰਦਰਪਾਲ ਤੂਰ, ਐਡਵਾਈਜ਼ਰਜ ਡਾ: ਅਜੇ ਬੱਗਾ, ਦਿਲਬਾਗ ਸਿੰਘ ਰਿਟਾ: ਡੀਈ.ਓ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਮਹਿੰਦਰ ਸਿੰਘ ਦੁਆਬਾ ਮਾਰਬਲ, ਮਨਮੀਤ ਸਿੰਘ ਮੈਨੇਜਰ ਤੇ ਸੁਮੀਤ ਗਿੱਲ ਹਾਜਰ ਸਨ।