ਸਵੱਛਤਾ ਹੀ ਸੇਵਾ ਪੰਦਰਵਾੜੇ ਦੀ ਕਾਲਜ ਵਿੱਚ ਸ਼ਾਨਦਾਰ ਸ਼ੁਰੂਆਤ
400 ਦੇ ਕਰੀਬ ਵਿਦਿਆਰਥੀਆਂ ਨੇ ਕੱਢੀ ਸਵੱਛਤਾ ਰੈਲੀ, ਸਾਫ਼-ਸੁਥਰੇ ਕੈਂਪਸ ਅਤੇ ਸਿੰਗਲ-ਯੂਜ਼ ਪਲਾਸਟਿਕ ਮੁਕਤ ਵਾਤਾਵਰਨ ਦਾ ਲਿਆ ਸੰਕਲਪ
ਰੋਹਿਤ ਗੁਪਤਾ
ਗੁਰਦਾਸਪੁਰ, 25 ਸਤੰਬਰ:ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ (ਅਸ਼ੋਕ ਚੱਕਰ) ਸਰਕਾਰੀ ਕਾਲਜ, ਗੁਰਦਾਸਪੁਰ ਵਿਖੇ ‘ਸਵੱਛਤਾ ਹੀ ਸੇਵਾ ਪੰਦਰਵਾੜੇ’ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਗਈ। ਕਾਲਜ ਦੇ ਫਿਜ਼ੀਕਲ ਐਜੂਕੇਸ਼ਨ ਵਿਭਾਗ, ਐਨ.ਐਸ.ਐਸ. ਅਤੇ ਇੰਸਟੀਚਿਊਸ਼ਨਲ ਇਨੋਵੇਸ਼ਨ ਕੌਂਸਲ (IIC) ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਇਹ ਸਵੱਛਤਾ ਅਭਿਆਨ 2 ਅਕਤੂਬਰ 2026 ਤੱਕ ਜਾਰੀ ਰਹੇਗਾ।
ਪੰਦਰਵਾੜੇ ਦੀ ਸ਼ੁਰੂਆਤ ਮੌਕੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੀ ਮੁਖੀ ਪ੍ਰੋਫੈਸਰ ਰਾਜ ਕੌਰ ਅਤੇ ਪ੍ਰੋਫੈਸਰ ਬਲਜੀਤ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਸਵੱਛਤਾ ਦੀ ਸਹੁੰ ਚੁਕਾਈ ਗਈ। ਵਿਦਿਆਰਥੀਆਂ ਨੂੰ ਸਵੱਛਤਾ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਗਿਆ ਕਿ ਸਾਫ਼-ਸੁਥਰਾ ਕੈਂਪਸ ਨਾ ਸਿਰਫ਼ ਸਿਹਤਮੰਦ ਵਾਤਾਵਰਨ ਦੀ ਨਿਸ਼ਾਨੀ ਹੈ, ਸਗੋਂ ਇਹ ਸਾਡੀ ਜ਼ਿੰਮੇਵਾਰੀ, ਅਨੁਸ਼ਾਸਨ ਅਤੇ ਚੰਗੀ ਨਾਗਰਿਕ ਸੋਚ ਦਾ ਪ੍ਰਤੀਕ ਵੀ ਹੈ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਅਸ਼ਵਨੀ ਕੁਮਾਰ ਭੱਲਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਲਜ ਕੈਂਪਸ ਨੂੰ ਸਾਫ਼-ਸੁਥਰਾ ਰੱਖਣਾ ਹਰ ਵਿਦਿਆਰਥੀ ਅਤੇ ਕਰਮਚਾਰੀ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਕੈਂਪਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੂੜਾ-ਕਰਕਟ ਇਕੱਠਾ ਨਾ ਹੋਣ ਦਿੱਤਾ ਜਾਵੇ ਅਤੇ ਜਿੱਥੇ ਵੀ ਪਲਾਸਟਿਕ ਦੇ ਗਲਾਸ, ਪਲਾਸਟਿਕ ਦੀਆਂ ਥੈਲੀਆਂ, ਲਿਫ਼ਾਫ਼ੇ ਜਾਂ ਹੋਰ ਸਿੰਗਲ-ਯੂਜ਼ ਪਲਾਸਟਿਕ ਨਜ਼ਰ ਆਵੇ, ਉਸ ਨੂੰ ਤੁਰੰਤ ਡਸਟਬਿਨ ਵਿੱਚ ਪਾਇਆ ਜਾਵੇ।
ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਘੱਟ ਤੋਂ ਘੱਟ ਕਰਨ ਲਈ ਵਿਦਿਆਰਥੀਆਂ ਅਤੇ ਸਮੂਹ ਕਾਲਜ ਭਾਈਚਾਰੇ ਨੂੰ ਲਗਾਤਾਰ ਜਾਗਰੂਕ ਕੀਤਾ ਜਾਵੇਗਾ। ਵਿਦਿਆਰਥੀਆਂ ਨੂੰ ਆਪਣੇ ਕਲਾਸਰੂਮਾਂ ਦੇ ਨਾਲ-ਨਾਲ ਖੇਡ ਮੈਦਾਨਾਂ ਅਤੇ ਕੈਂਪਸ ਦੇ ਹਰ ਕੋਨੇ ਨੂੰ ਸਾਫ਼ ਰੱਖਣ ਲਈ ਵੀ ਪ੍ਰੇਰਿਤ ਕੀਤਾ ਗਿਆ।
ਇਸ ਉਪਰੰਤ ਲਗਭਗ 400 ਵਿਦਿਆਰਥੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਸਵੱਛਤਾ ਰੈਲੀ ਕੱਢੀ ਗਈ। ਰੈਲੀ ਕਾਲਜ ਕੈਂਪਸ ਤੋਂ ਸ਼ੁਰੂ ਹੋ ਕੇ ਅੰਦਰੂਨੀ ਬਾਜ਼ਾਰ ਵਿੱਚੋਂ ਹੁੰਦੀ ਹੋਈ ਮੁੜ ਕਾਲਜ ਕੈਂਪਸ ਵਿੱਚ ਆ ਕੇ ਸਮਾਪਤ ਹੋਈ। ਵਿਦਿਆਰਥੀਆਂ ਨੇ “ਸਵੱਛਤਾ ਹੀ ਸੇਵਾ”, “ਸਾਡਾ ਕਾਲਜ—ਸਾਫ਼ ਕਾਲਜ” ਅਤੇ ਸਾਫ਼-ਸੁਥਰੇ ਵਾਤਾਵਰਨ ਸਬੰਧੀ ਵੱਖ-ਵੱਖ ਨਾਅਰੇ ਲਗਾ ਕੇ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕੀਤਾ।
ਸਵੱਛਤਾ ਰੈਲੀ ਦੀ ਅਗਵਾਈ ਪ੍ਰੋਫੈਸਰ ਰਾਜ ਕੌਰ ਅਤੇ ਪ੍ਰੋਫੈਸਰ ਬਲਜੀਤ ਸਿੰਘ ਨੇ ਕੀਤੀ। ਰੈਲੀ ਵਿੱਚ ਵਿਦਿਆਰਥੀਆਂ ਦੀ ਭਰਵੀਂ ਸ਼ਮੂਲੀਅਤ ਨੇ ਕੈਂਪਸ ਨੂੰ ਸਾਫ਼ ਅਤੇ ਵਾਤਾਵਰਨ-ਪੱਖੀ ਬਣਾਉਣ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਇਆ।
ਰੈਲੀ ਦੀ ਸਮਾਪਤੀ ਉਪਰੰਤ ਵਿਦਿਆਰਥੀਆਂ ਲਈ ‘ਸਵੱਛਤਾ ਖੇਡਾਂ’ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ।