ਮਹਾਰਾਣਾ ਪ੍ਰਤਾਪ ਭਵਨ ਦੀਆਂ ਚਾਬੀਆਂ ਮੰਗਣ ਦੇ ਮਾਮਲੇ ਨੇ ਤੂਲ ਫੜਿਆ
ਰਾਜਪੂਤ ਭਾਈਚਾਰੇ ਵੱਲੋਂ ਵੱਡਾ ਇਕੱਠ ,ਨਗਰ ਕੌਂਸਲ ਅਮਲੇ ਵੱਲੋਂ ਗੋਲ ਮੋਲ ਜਵਾਬ
ਮਲਕੀਤ ਸਿੰਘ ਮਲਕਪੁਰ
ਲਾਲੜੂ, 23 ਸਤੰਬਰ 2026 : ਨਗਰ ਕੌਂਸਲ ਲਾਲੜੂ ਦੇ ਦਫ਼ਤਰੀ ਅਮਲੇ ਵੱਲੋਂ ਸਥਾਨਕ ਮਹਾਰਾਣਾ ਪ੍ਰਤਾਪ 23 ਸਤੰਬਰ 2026: ਭਵਨ ਦੀਆਂ ਚਾਬੀਆਂ ਮੰਗਣ ਦਾ ਮਾਮਲਾ ਭਖਦਾ ਜਾ ਰਿਹਾ ਹੈ । ਰਾਜਪੂਤ ਭਾਈਚਾਰੇ ਵੱਲੋਂ ਜਿੱਥੇ ਇਸ ਸਬੰਧ ਵਿੱਚ ਭਵਨ ਅੰਦਰ ਵੱਡਾ ਇਕੱਠ ਕਰ ਕੇ ਚਾਬੀਆਂ ਨਗਰ ਕੌਂਸਲ ਸਮੇਤ ਕਿਸੇ ਨੂੰ ਵੀ ਨਾ ਸੌਂਪਣ ਦਾ ਮਤਾ ਪਾਸ ਕੀਤਾ ਗਿਆ,ਉੱਥੇ ਹੀ ਨਗਰ ਕੌਂਸਲ ਦਾ ਅਮਲਾ ਇਸ ਮਾਮਲੇ ਵਿਚ ਵੱਖੋ-ਵੱਖਰਾ ਜਵਾਬ ਦੇ ਰਿਹਾ ਹੈ । ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮਹਾਰਾਣਾ ਪ੍ਰਤਾਪ ਭਵਨ ਦੇ ਪ੍ਰਧਾਨ ਸੰਜੀਵ ਕੁਮਾਰ ਰਾਣਾ ਤੇ ਜਨਰਲ ਸਕੱਤਰ ਮਾਸਟਰ ਮੋਹਨ ਸਿੰਘ ਨੇ ਦੱਸਿਆ ਉਨ੍ਹਾਂ ਕੋਲ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਚਾਬੀਆਂ ਨਗਰ ਕੌਂਸਲ ਨੂੰ ਸੌਂਪਣ ਸੰਬਧੀ ਫੋਨ ਆਇਆ ਸੀ ਪਰ ਉਨ੍ਹਾਂ ਇਹ ਮਸਲਾ ਸਮੂਹ ਰਾਜਪੂਤ ਭਾਈਚਾਰੇ ਮੂਹਰੇ ਰੱਖਣ ਦਾ ਫੈਸਲਾ ਲਿਆ। ਇਕੱਠ ਉਪਰੰਤ ਦੋਹਾਂ ਅਹੁਦੇਦਾਰਾਂ ਨੇ ਕਿਹਾ ਕਿ ਕਰੀਬ ਵੀਹ ਸਾਲ ਪਹਿਲਾਂ ਬਣਾਉਣਾ ਸ਼ੁਰੂ ਕੀਤੇ ਗਏ ਇਸ ਭਵਨ ਵਾਲੀ ਥਾਂ ਉਤੇ ਦੱਸ -ਪੰਦਰਾਂ ਫੁੱਟ ਡੂੰਘਾ ਤਾਲਾਬ ਸੀ, ਜੋ ਉਸ ਸਮੇਂ ਦੇ ਰਾਜਪੂਤ ਭਾਈਚਾਰੇ ਦੇ ਮੋਹਤਬਰਾਂ ਨੇ ਆਪਣੇ ਸਥਾਨਕ ਤੇ ਗੁਆਂਢ ਵਾਲੇ ਭਾਈਚਾਰੇ ਤੋਂ ਇੱਕ-ਇੱਕ ਰੁਪਈਆ ਇਕੱਠਾ ਕਰ ਕੇ ਭਰਿਆ ਸੀ।
ਇਸ ਉਪਰੰਤ ਸਾਰੀ ਜ਼ਮੀਨ ਨੂੰ ਪੱਧਰਾ ਕੀਤਾ ਗਿਆ। ਰਾਜਪੂਤ ਭਾਈਚਾਰੇ ਦੇ ਮੋਹਤਬਰਾਂ ਨੇ ਆਪਣੇ ਨਿੱਜੀ ਤੇ ਸਿਆਸੀ ਰਸੂਖ ਨੂੰ ਵਰਤ ਕੇ ਇਸ ਥਾਂ ਉਤੇ ਵੱਡਾ ਹਾਲ ਬਣਵਾਇਆ। ਮਲ ਮੂਤਰ ਲਈ ਪਖਾਨੇ ਬਣਵਾਏ। ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ। ਭਵਨ ਲਈ ਬਣੀ ਕਮੇਟੀ ਜਿੱਥੇ ਸ਼ੁਰੂ ਤੋਂ ਇਸ ਭਵਨ ਦੀ ਬਿਜਲੀ ਦਾ ਬਿੱਲ ਖੁਦ ਭਰ ਰਹੀ ਹੈ , ਉੱਥੇ ਹੀ ਇਸ ਥਾਂ ਉਤੇ ਪਏ ਨਿੱਜੀ ਵਿਵਾਦ ਵੀ ਖੁਦ ਲੜ ਰਹੀ ਹੈ । ਇਸ ਮਾਮਲੇ ਵਿਚ ਜਿੱਥੇ ਹੁਣ ਤੱਕ ਕਿਸੇ ਵੀ ਪੰਚਾਇਤ , ਪੁਰਾਣੀ ਕੌਂਸਲ ਤੇ ਸਰਕਾਰ ਦੇ ਨਾਲ -ਨਾਲ ਇਸ ਭਵਨ ਲਈ ਵਧੇਰੇ ਕੰਮ ਕਰਨ ਵਾਲੀਆਂ ਧਿਰਾਂ ਨੇ ਕੋਈ ਦਖਲ ਨਹੀਂ ਦਿੱਤਾ, ਉੱਥੇ ਹੀ ਭਵਨ ਦਾ ਕੰਮ ਕਾਰ ਵੇਖ ਰਹੀ ਕਮੇਟੀ ਨੇ ਵੀ ਬਿਨਾਂ ਕਿਸੇ ਪੱਖਪਾਤ ਤੋਂ ਇਸ ਭਵਨ ਦੇ ਦਰਵਾਜ਼ੇ ਛੱਤੀ ਬਿਰਾਦਰੀ ਲਈ ਖੁੱਲ੍ਹੇ ਰੱਖੇ ਹਨ ।
ਜਦਕਿ ਇਸ ਵਾਰ ਵਾਲੀ ਸਰਕਾਰ ਇੱਕ ਛੋਟਾ ਅਧੂਰਾ ਹਾਲ ਬਣਾ ਕੇ ਸਾਰੇ ਭਵਨ ਨੂੰ ਕਬਜਾਉਣ ਉਤੇ ਤੁਲ ਗਈ ਹੈ,ਜੋ ਕਿ ਰਾਜਪੂਤ ਭਾਈਚਾਰੇ ਨਾਲ ਸਰਾਸਰ ਧੱਕਾ ਹੈ । ਇਹ ਬਿਲਕੁਲ ਇਸ ਤਰ੍ਹਾਂ ਹੈ ਕਿ ਖੇਤ ਨੂੰ ਰਸਤਾ ਦੇਣ ਵਾਲੀ ਧਿਰ ਅੱਗੇ ਸਾਰੇ ਖੇਤ ਦੀ ਹੀ ਮਾਲਕ ਬਣ ਜਾਵੇ । ਮਹਾਰਾਣਾ ਪ੍ਰਤਾਪ ਭਵਨ ਨੂੰ ਕਬਜਾਉਣ ਲਈ ਪੱਬਾਂ ਭਾਰ ਹੋ ਰਹੀ ਨਗਰ ਕੌਂਸਲ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਇਸ ਇਕੱਠ ਵਿੱਚ ਮੌਜੂਦ ਮੋਹਤਬਰਾਂ ਤੇ ਨੌਜਵਾਨਾਂ ਨੇ ਕਿਹਾ ਕਿ ਨਗਰ ਕੌਂਸਲ ਦੀ ਨਿਗਰਾਨੀ ਵਾਲਾ ਕਿੰਗ ਪੈਲੇਸ ਇਸ ਸਮੇਂ ਕੂੜਾ ਕਰਕਟ ਘਰ ਬਣ ਗਿਆ ਹੈ, ਝਰਮਲ ਨਦੀ ਵਿਚ ਬਣਾਇਆ ਕਮੇਟੀ ਹਾਲ ਨਸ਼ੇੜੀ ਕੇਂਦਰ ਤੋਂ ਵੱਧ ਕੁੱਝ ਨਹੀਂ ਹੈ ਤੇ ਵਾਰਡ 12 ਵਿਚ ਬਣੀ ਮਹਾਜਨ ਧਰਮਸ਼ਾਲਾ ਦੇ ਤਾਂ ਗੇਟ ਤੱਕ ਚੋਰੀ ਹੋ ਚੁੱਕੇ ਹਨ । ਉਨ੍ਹਾਂ ਕਿਹਾ ਕਿ ਨਗਰ ਕੌਂਸਲ ਇਸ ਭਵਨ ਵਿੱਚ ਦਖਲ ਅੰਦਾਜੀ ਕਰ ਕੇ ਇਸ ਇਮਾਰਤ ਨੂੰ ਵੀ ਮਲੀਆਮੇਟ ਕਰਨਾ ਚਾਹੁੰਦੀ ਹੈ ਜਦਕਿ ਨਗਰ ਕੌਂਸਲ ਨੂੰ ਚਾਹੀਦਾ ਹੈ ਕਿ ਪਹਿਲਾਂ ਉਹ ਘੱਟੋ -ਘੱਟ ਆਪਣੇ ਪੂਰਨ ਕਬਜ਼ੇ ਵਾਲੇ ਸਥਾਨਾਂ ਦੀ ਹਾਲਤ ਸੁਧਾਰੇ ਤਾਂ ਜੋ ਉਹ ਆਮ ਆਦਮੀ ਦੇ ਕੰਮ ਆ ਸਕਣ । ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਕੌਂਸਲ ਤੇ ਸਰਕਾਰ ਦੇ ਇਸ ਰਵੱਈਏ ਕਾਰਨ ਰਾਜਪੂਤ ਭਾਈਚਾਰੇ ਵਿੱਚ ਜ਼ਬਰਦਸਤ ਰੋਸ ਪਾਇਆ ਜਾ ਰਿਹਾ ਹੈ ।
ਦੂਜੇ ਪਾਸੇ ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਤੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਭਨਾਂ ਦੇ ਜਵਾਬ ਵੱਖੋ- ਵੱਖਰੇ ਸਨ । ਨਗਰ ਕੌਂਸਲ ਦੇ ਪ੍ਰਧਾਨ ਜੋਰਾਵਰ ਸਿੰਘ ਨੇ ਜਿੱਥੇ ਚਾਬੀਆਂ ਨਾ ਮੰਗੇ ਜਾਣ ਦੀ ਗੱਲ ਕਹਿ ਕੇ ਇਸ ਨੂੰ ਮਹਾਰਾਣਾ ਪ੍ਰਤਾਪ ਕਮੇਟੀ ਦਾ ਅੰਦਰੂਨੀ ਮਸਲਾ ਦੱਸਿਆ , ਉੱਥੇ ਨਗਰ ਕੌਂਸਲ ਦੇ ਐਸਡੀਓ ਕਮ ਐਮ ਈ ਹਰਦੀਪ ਸਿੰਘ ਨੇ ਕਿਹਾ ਕਿ ਇਹ ਮਾਮਲਾ ਇੰਸਪੈਕਟਰ ਲਖਵਿੰਦਰ ਸਿੰਘ ਵੇਖ ਰਹੇ ਹਨ । ਇਸ ਉਪਰੰਤ ਜਦੋਂ ਇੰਸਪੈਕਟਰ ਲਖਵਿੰਦਰ ਸਿੰਘ ਨਾਲ ਗੱਲ ਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚਾਬੀਆਂ ਲੈਣ ਸਬੰਧੀ ਕੋਈ ਮਸਲਾ ਨਹੀਂ ਹੈ ਤੇ ਨਗਰ ਕੌਂਸਲ ਦੇ ਹਾਊਸ ਨੇ ਕੌਂਸਲ ਦੀ ਜ਼ਮੀਨ ਉਪਰ ਬਣੀਆਂ ਸਾਰੀਆਂ ਇਮਾਰਤਾਂ ਵਿੱਚ ਹੁੰਦੇ ਪ੍ਰੋਗਰਾਮਾਂ ਦੀ ਫੀਸ ਤੈਅ ਕਰਨ ਲਈ ਮਤਾ ਪਾਇਆ ਹੈ । ਇਸ ਦੌਰਾਨ ਜਦੋਂ ਇਸ ਭਵਨ ਦੇ ਹੁਣ ਤੱਕ ਬਨਣ ਤੇ ਰਖ -ਰਖਾਅ ਉਤੇ ਹੋਏ ਖਰਚੇ ਸਬੰਧੀ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਪਾਏ ।