ਪੰਚਾਇਤੀ ਅਖਾੜਾ ਨਿਰਮਲਾ, ਡੇਰਾ ਧਰਮ ਧੁਜਾ ਦਾ 165 ਸਾਲਾ ਸਥਾਪਨਾ ਦਿਵਸ ਮਨਾਇਆ
-ਸਿੱਖ ਪੰਥ ਦੇ ਪ੍ਰਚਾਰ ਤੇ ਪ੍ਰਸਾਰ ਲਈ ਨਿਰਮਲ ਭੇਖ ਤੇ ਨਾਨਕ ਨਾਮ ਲੇਵਾ ਸੰਗਤ ਦੇ ਸਹਿਯੋਗ ਨਾਲ ਕੀਤੇ ਜਾਣਗੇ ਉਪਰਾਲੇ : ਸ੍ਰੀਮਹੰਤ ਰੇਸ਼ਮ ਸਿੰਘ
-ਅਚਾਰੀਆ ਸ੍ਰੀ ਰਵਿੰਦਰਾ ਪੁਰੀ, ਸੰਤ ਕਸ਼ਮੀਰ ਸਿੰਘ ਕਾਰ ਸੇਵਾ ਭੂਰੀ ਵਾਲੇ, ਗਿਆਨੀ ਹਰਪ੍ਰੀਤ ਸਿੰਘ ਤੇ ਸ੍ਰੀਮਹੰਤ ਰੇਸ਼ਮ ਸਿੰਘ ਸਮੇਤ ਨਿਰਮਲ ਭੇਖ ਦੇ ਵੱਡੀ ਗਿਣਤੀ ਮਹੰਤ ਵੀ ਰਹੇ ਮੌਜੂਦ
-ਪੰਚਾਇਤੀ ਅਖਾੜਾ ਨਿਰਮਲਾ ਡੇਰਾ ਧਰਮ ਧੁਜਾ ਵਿਖੇ ਮਹਾਨ ਗੁਰਮਤਿ ਸਮਾਗਮ ਸੰਪੰਨ
ਪਟਿਆਲਾ, 23 ਸਤੰਬਰ 2026: ਪੰਚਾਇਤੀ ਅਖਾੜਾ ਨਿਰਮਲਾ, ਡੇਰਾ ਧਰਮ ਧੁਜਾ, ਤੋਪਖਾਨਾ ਮੋੜ ਪਟਿਆਲਾ ਦਾ 165ਵਾਂ ਸਥਾਪਨਾ ਦਿਵਸ ਡੇਰੇ ਦੇ ਮੋਹਤਮਿਮ ਸ੍ਰੀਮਹੰਤ ਰੇਸ਼ਮ ਸਿੰਘ ਸੇਖਵਾਂ ਦੀ ਅਗਵਾਈ ਹੇਠ ਅੱਜ ਮਨਾਇਆ ਗਿਆ। ਮਹਾਨ ਗੁਰਮਤਿ ਸਮਾਗਮ ਮੌਕੇ ਸ੍ਰੀਮਹੰਤ ਨੇ ਕਿਹਾ ਕਿ ਪੰਚਾਇਤੀ ਅਖਾੜਾ ਨਿਰਮਲਾ ਡੇਰਾ ਧਰਮ ਧੁਜਾ ਵੱਲੋਂ ਸਿੱਖ ਪੰਥ ਤੇ ਪ੍ਰਚਾਰ ਤੇ ਪ੍ਰਸਾਰ ਲਈ ਸਮੂਹ ਨਿਰਮਲ ਭੇਖ ਤੇ ਨਾਨਕ ਨਾਮ ਲੇਵਾ ਸੰਗਤ ਦੇ ਸਹਿਯੋਗ ਨਾਲ ਵੱਡੇ ਉਪਰਾਲੇ ਕੀਤੇ ਜਾਣਗੇ।
ਸ੍ਰੀਮਹੰਤ ਰੇਸ਼ਮ ਸਿੰਘ ਨੇ ਕਿਹਾ ਕਿ ਡੇਰਾ ਧਰਮ ਧੁਜਾ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਏ ਨਿਰਮਲ ਪੰਥ ਦੀ ਸੇਵਾ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਡੇਰੇ ਦੇ ਪਹਿਲੇ ਸ੍ਰੀਮਹੰਤ ਬਾਬਾ ਮਹਿਤਾਬ ਸਿੰਘ ਦੇ ਪਾਏ ਪੂਰਨਿਆਂ ਉਪਰ ਚੱਲੇਗਾ। ਉਨ੍ਹਾਂ ਕਿਹਾ ਕਿ ਪਟਿਆਲਾ, ਜੀਂਦ ਤੇ ਨਾਭਾ ਤਿੰਨ ਸਿੱਖ ਰਿਆਸਤਾਂ ਵੱਲੋਂ 1862 ਈਸਵੀ 'ਚ ਇਸ ਕੇਂਦਰੀ ਅਸਥਾਨ ਦੀ ਸਥਾਪਨਾ ਲਈ ਸ੍ਰੀਮਹੰਤ ਬਾਬਾ ਮਹਿਤਾਬ ਸਿੰਘ ਨੂੰ ਸ਼ਾਹੀ ਸਨਮਾਨ ਭੇਟ ਕੀਤਾ ਗਿਆ ਸੀ।
ਸ੍ਰੀਮਹੰਤ ਰੇਸ਼ਮ ਸਿੰਘ ਨੇ ਡੇਰਾ ਧਰਮ ਧੁਜਾ ਦੇ 165 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਕਰਵਾਏ ਗਏ ਮਹਾਨ ਧਾਰਮਿਕ ਸਮਾਗਮ ਮੌਕੇ ਪੁੱਜੇ ਸਮੁੱਚੇ ਨਿਰਮਲ ਭੇਖ ਦੇ ਸੰਤਾਂ-ਮਹੰਤਾਂ ਅਤੇ ਖਟ ਦਰਸ਼ਨ ਦੇ ਸਾਧੂਆਂ ਦਾ ਧੰਨਵਾਦ ਕੀਤਾ। ਇਸ ਮੌਕੇ ਅਖਿਲ ਭਾਰਤੀਆ ਅਖਾੜਾ ਪ੍ਰੀਸ਼ਦ, 13 ਅਖਾੜਿਆਂ ਦੇ ਮੁਖੀ ਅਚਾਰੀਆ ਸ੍ਰੀ ਰਵਿੰਦਰਾ ਪੁਰੀ, ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਕਾਰ ਸੇਵਾ ਤੇ ਅਕਾਲ ਤਖ਼ਤ ਦੇ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸਰਬ ਭਾਰਤ ਨਿਰਮਲ ਮਹਾਂ ਮੰਡਲ ਦੇ ਪ੍ਰਧਾਨ ਮਹੰਤ ਸੰਤੋਖ ਸਿੰਘ ਪਾਲਦੀ, ਸਕੱਤਰ ਮਹੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ਵੀ ਮੌਜੂਦ ਸਨ।
ਅੱਜ ਸੰਪੰਨ ਹੋਏ ਇਸ ਭੰਡਾਰੇ ਮੌਕੇ ਸਮੁੱਚੇ ਨਿਰਮਲ ਭੇਖ ਨੇ ਸ੍ਰੀਮਹੰਤ ਰੇਸ਼ਮ ਸਿੰਘ ਸੇਖਵਾਂ ਦੀ ਅਗਵਾਈ ਹੇਠ ਵੱਖ-ਵੱਖ ਮਹੰਤਾਂ ਤੇ ਸ਼ਾਸਤਰੀ ਜਨਾਂ ਨੇ ਗੁਰਮਤਿ ਵਿਖਿਆਨ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗੁਰੂ ਸਾਹਿਬ ਵੱਲੋਂ ਚਲਾਏ ਨਿਰਮਲੇ ਭੇਖ ਨੇ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਪੁਰਾਤਨ ਸਮੇਂ ਵਿੱਚ ਵੀ ਸਿੱਖ ਪੰਥ ਦੀ ਮਹਾਨ ਸੇਵਾ ਕੀਤੀ ਅਤੇ ਇਹ ਸੇਵਾ ਭਵਿੱਖ ਵਿੱਚ ਵੀ ਸੰਗਤ ਨੂੰ ਗੁਰੂ ਨਾਲ ਜੋੜਦੇ ਹੋਏ ਜਾਰੀ ਰਹੇਗੀੇ।
ਇਸ ਮੌਕੇ ਮਹੰਤ ਪ੍ਰੇਮ ਸਿੰਘ, ਮਹੰਤ ਪ੍ਰੀਤਮ ਸਿੰਘ ਡੁਮੇਲੀ, ਜਗਤਾਰ ਸਿੰਘ ਸਕੱਤਰ, ਮਹੰਤ ਅਮਰੀਕ ਸਿੰਘ ਵੈਦ ਅੰਮ੍ਰਿਤਸਰ, ਮਹੰਤ ਕਸ਼ਮੀਰ ਸਿੰਘ, ਮਹੰਤ ਬਲਜਿੰਦਰ ਸਿੰਘ ਕਾਉਂਕੇ, ਮਹੰਤ ਚਮਕੌਰ ਸਿੰਘ ਲੋਹਗੜ੍ਹ, ਮਹੰਤ ਜਗਦੀਸ਼ ਦਾਸ ਕੋਤਵਾਲ, ਮਹੰਤ ਭਗਵਾਨ ਦਾਸ ਚੌਰਾ, ਅਚਾਰੀਆ ਸਵਾਮੀ ਡਾ. ਰਾਜੇਸ਼ਵਰਾ ਨੰਦ ਅੰਬਾਲਾ, ਮਹੰਤ ਗੁਰਮੁੱਖ ਸਿੰਘ ਲੋਪੋਂ, ਮਹੰਤ ਕਮਲਜੀਤ ਸਿੰਘ ਸ਼ਾਸਤਰੀ, ਮਹੰਤ ਮੁਖੀਏ ਜਗਜੀਤ ਸਿੰਘ ਹਰਿਦੁਆਰ, ਮਹੰਤ ਮੋਹਣ ਸਿੰਘ ਭਜਨਗੜ੍ਹ ਹਰਿਦੁਆਰ ਆਦਿ ਸਮੇਤ ਵੱਡੀ ਗਿਣਤੀ ਨਿਰਮਲੇ ਭੇਖ ਦੇ ਸਾਧੂ ਸੰਤ ਤੇ ਸੰਗਤ ਮੌਜੂਦ ਰਹੀ।
- Download Babushahi App
-
-