Trident ਗਰੁੱਪ ਅਤੇ ਪੰਜਾਬ ਯੂਨੀਵਰਸਿਟੀ ਵੱਲੋਂ ਕੌਮੀ ਪੱਧਰ ਦੇ ਹੈਕਾਥਾਨ ‘ਡਿਕਾਰਬੋਨਿਕਸ 1.0’ ਦਾ ਆਯੋਜਨ
ਚੰਡੀਗੜ੍ਹ/ਪੰਜਾਬ, 22 ਸਤੰਬਰ
ਟ੍ਰਾਈਡੈਂਟ ਗਰੁੱਪ ਅਤੇ ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਕੈਮੀਕਲ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਡਾ. ਐੱਸ.ਐੱਸ. ਬੀ.ਯੂ.ਆਈ.ਸੀ.ਈ.ਟੀ.) ਦੇ ਸਹਿਯੋਗ ਨਾਲ ਕੌਮੀ ਪੱਧਰ ਦੇ ਹੈਕਾਥਾਨ ‘ਡਿਕਾਰਬੋਨਿਕਸ 1.0’ ਦਾ ਆਯੋਜਨ ਕੀਤਾ ਗਿਆ। ਇਹ ਹੈਕਾਥਾਨ ਉਦਯੋਗਿਕ ਕਾਰਬਨ ਨਿਕਾਸੀ ਘਟਾਉਣ ਅਤੇ ਟਿਕਾਊ ਉਦਯੋਗਿਕ ਵਿਕਾਸ ਨਾਲ ਜੁੜੀਆਂ ਅਸਲ ਚੁਣੌਤੀਆਂ ’ਤੇ ਕੇਂਦਰਿਤ ਰਿਹਾ। ਇਸ ਦਾ ਗ੍ਰੈਂਡ ਫਿਨਾਲੇ 18 ਅਤੇ 19 ਸਤੰਬਰ ਨੂੰ ਕਰਵਾਇਆ ਗਿਆ, ਜਿਸ ਵਿਚ ਦੇਸ਼ ਦੇ ਪ੍ਰਮੁੱਖ ਸਿੱਖਿਆ ਸੰਸਥਾਨਾਂ ਤੋਂ ਚੁਣੀਆਂ ਗਈਆਂ 23 ਟੀਮਾਂ ਨੇ ਭਾਗ ਲਿਆ।
ਹੈਕਾਥਾਨ ਦੇ ਮੁੱਢਲੇ ਪੜਾਅ ਵਿਚ ਦੇਸ਼ ਭਰ ਤੋਂ 174 ਟੀਮਾਂ ਨੇ ਹਿੱਸਾ ਲਿਆ। ਇਹ ਟੀਮਾਂ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 86 ਸਿੱਖਿਆ ਸੰਸਥਾਨਾਂ ਨਾਲ ਸਬੰਧਤ ਸਨ। ਫਾਈਨਲ ਲਈ ਚੁਣੀਆਂ ਗਈਆਂ ਟੀਮਾਂ ਵਿਚ ਆਈ.ਆਈ.ਟੀ. ਰੁੜਕੀ, ਆਈ.ਆਈ.ਟੀ. ਜੰਮੂ, ਆਈ.ਆਈ.ਟੀ. ਮੰਡੀ, ਐੱਨ.ਆਈ.ਟੀ. ਜਲੰਧਰ, ਐੱਨ.ਆਈ.ਟੀ. ਹਮੀਰਪੁਰ, ਅੰਨਾ ਯੂਨੀਵਰਸਿਟੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਸਮੇਤ ਕਈ ਪ੍ਰਮੁੱਖ ਸੰਸਥਾਨਾਂ ਦੇ ਵਿਦਿਆਰਥੀ ਸ਼ਾਮਲ ਰਹੇ।
‘ਡਿਕਾਰਬੋਨਿਕਸ 1.0’ ਦਾ ਉਦੇਸ਼ ਵਿਦਿਆਰਥੀਆਂ ਨੂੰ ਉਦਯੋਗਿਕ ਖੇਤਰ ਦੀਆਂ ਅਸਲ ਚੁਣੌਤੀਆਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਵਿਹਾਰਕ ਤੇ ਆਰਥਿਕ ਤੌਰ ’ਤੇ ਕਾਰਗਰ ਹੱਲ ਵਿਕਸਿਤ ਕਰਨ ਦਾ ਮੌਕਾ ਦੇਣਾ ਸੀ। ਮੁਕਾਬਲੇ ਵਿਚ ਇਕਜੁੱਟ ਟੈਕਸਟਾਈਲ ਅਤੇ ਕਾਗਜ਼ ਨਿਰਮਾਣ ਕੰਪਲੈਕਸ ਨੂੰ ਆਧਾਰ ਬਣਾਉਂਦਿਆਂ ਭਾਗੀਦਾਰਾਂ ਨੂੰ ਕਾਰਬਨ ਨਿਕਾਸੀ ਘਟਾਉਣ ਦੇ ਸੰਭਾਵਿਤ ਉਪਾਅ ਲੱਭਣ ਦੇ ਨਾਲ-ਨਾਲ ਉਨ੍ਹਾਂ ਦੀ ਵਪਾਰਕ ਵਰਤੋਂ ਅਤੇ ਲਾਗੂ ਕਰਨ ਦੀਆਂ ਸੰਭਾਵਨਾਵਾਂ ਦਾ ਮੁਲਾਂਕਣ ਕਰਨ ਲਈ ਕਿਹਾ ਗਿਆ।
ਇਸ ਪਹਿਲ ਦਾ ਆਯੋਜਨ ਅਤੇ ਪ੍ਰਬੰਧਨ ਯੂ.ਆਈ.ਸੀ.ਈ.ਟੀ., ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਕੀਤਾ ਗਿਆ, ਜਦਕਿ ਟ੍ਰਾਈਡੈਂਟ ਗਰੁੱਪ ਨੇ ਉਦਯੋਗਿਕ ਭਾਈਵਾਲ ਅਤੇ ਇਨਾਮੀ ਰਾਸ਼ੀ ਦੇ ਪ੍ਰਾਯੋਜਕ ਵਜੋਂ ਸਹਿਯੋਗ ਦਿੱਤਾ।
ਗ੍ਰੈਂਡ ਫਿਨਾਲੇ ਦੌਰਾਨ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਟ੍ਰਾਈਡੈਂਟ ਗਰੁੱਪ ਦੀ ਗਰੁੱਪ ਸੀ.ਐੱਚ.ਆਰ.ਓ. ਪੂਜਾ ਲੂਥਰਾ ਨੇ ਭਾਗੀਦਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਉਨ੍ਹਾਂ ਦੀ ਨਵੀਂ ਸੋਚ, ਰਚਨਾਤਮਕਤਾ ਅਤੇ ਟਿਕਾਊ ਉਦਯੋਗਿਕ ਹੱਲ ਵਿਕਸਿਤ ਕਰਨ ਪ੍ਰਤੀ ਵਚਨਬੱਧਤਾ ਦੀ ਪ੍ਰਸ਼ੰਸਾ ਕੀਤੀ।
ਫਾਈਨਲ ਵਿਚ ਪੇਸ਼ ਕੀਤੇ ਪ੍ਰਾਜੈਕਟਾਂ ਦਾ ਮੁਲਾਂਕਣ ਟ੍ਰਾਈਡੈਂਟ ਗਰੁੱਪ ਦੇ ਉਦਯੋਗਿਕ ਮਾਹਿਰਾਂ ਅਤੇ ਸਿੱਖਿਆ ਖੇਤਰ ਦੇ ਮਾਹਿਰਾਂ ਦੀ ਸਾਂਝੀ ਜਿਊਰੀ ਵੱਲੋਂ ਕੀਤਾ ਗਿਆ। ਮੁਕਾਬਲੇ ਵਿਚ ਕੁੱਲ 1.75 ਲੱਖ ਰੁਪਏ ਦੀ ਇਨਾਮੀ ਰਾਸ਼ੀ ਰੱਖੀ ਗਈ ਸੀ। ਇਸ ਵਿਚ ਪਹਿਲਾ ਇਨਾਮ 75 ਹਜ਼ਾਰ ਰੁਪਏ, ਦੂਜਾ ਇਨਾਮ 50 ਹਜ਼ਾਰ ਰੁਪਏ ਅਤੇ ਦੋ ਤੀਜੇ ਇਨਾਮ 25-25 ਹਜ਼ਾਰ ਰੁਪਏ ਦੇ ਸਨ।
ਜਿਊਰੀ ਸਾਹਮਣੇ ਪੇਸ਼ਕਾਰੀਆਂ ਅਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰੇ ਤੋਂ ਬਾਅਦ ਜੇਤੂ ਟੀਮਾਂ ਦਾ ਐਲਾਨ ਕੀਤਾ ਗਿਆ। ਪੁਣੇ ਦੀ ਐੱਮ.ਆਈ.ਟੀ.-ਵਰਲਡ ਪੀਸ ਯੂਨੀਵਰਸਿਟੀ ਦੀ ਟੀਮ ਨੇ ਪਹਿਲਾ ਇਨਾਮ ਵਜੋਂ 75 ਹਜ਼ਾਰ ਰੁਪਏ ਹਾਸਲ ਕੀਤੇ। ਆਈ.ਆਈ.ਟੀ. ਰੁੜਕੀ ਦੀ ਟੀਮ ਨੂੰ ਦੂਜੇ ਇਨਾਮ ਵਜੋਂ 50 ਹਜ਼ਾਰ ਰੁਪਏ ਮਿਲੇ। ਇਸੇ ਤਰ੍ਹਾਂ ਏਸੀਟੈਕ ਕੈਂਪਸ, ਅੰਨਾ ਯੂਨੀਵਰਸਿਟੀ ਅਤੇ ਯੂ.ਆਈ.ਸੀ.ਈ.ਟੀ., ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀਆਂ ਟੀਮਾਂ ਨੇ ਸਾਂਝੇ ਤੌਰ ’ਤੇ ਤੀਜਾ ਇਨਾਮ ਹਾਸਲ ਕੀਤਾ। ਦੋਵਾਂ ਟੀਮਾਂ ਨੂੰ 25-25 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ।
ਜੇਤੂ ਟੀਮਾਂ ਨੂੰ ਉਦਯੋਗਿਕ ਕਾਰਬਨ ਨਿਕਾਸੀ ਘਟਾਉਣ ਨਾਲ ਜੁੜੇ ਗੁੰਝਲਦਾਰ ਸਵਾਲਾਂ ਲਈ ਨਵੀਂ ਸੋਚ ਵਾਲੇ ਅਤੇ ਵਿਹਾਰਕ ਹੱਲ ਪੇਸ਼ ਕਰਨ ਲਈ ਸਨਮਾਨਿਤ ਕੀਤਾ ਗਿਆ। ‘ਡਿਕਾਰਬੋਨਿਕਸ 1.0’ ਰਾਹੀਂ ਟ੍ਰਾਈਡੈਂਟ ਗਰੁੱਪ ਨੇ ਵਿਦਿਆਰਥੀਆਂ ਨੂੰ ਅਸਲ ਨਿਰਮਾਣ ਖੇਤਰ ਦੀਆਂ ਚੁਣੌਤੀਆਂ ਨੂੰ ਸਮਝਣ ਅਤੇ ਆਪਣੇ ਗਿਆਨ ਦੀ ਵਰਤੋਂ ਉਦਯੋਗ ਨਾਲ ਜੁੜੇ ਟਿਕਾਊ ਵਿਕਾਸ ਦੇ ਮੁੱਦਿਆਂ ਦੇ ਹੱਲ ਕਰਨ ਦਾ ਮੌਕਾ ਦਿੱਤਾ।
ਇਸ ਪਹਿਲ ਨੇ ਉਦਯੋਗ ਅਤੇ ਸਿੱਖਿਆ ਸੰਸਥਾਨਾਂ ਵਿਚਕਾਰ ਸਹਿਯੋਗ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ। ਅਜਿਹੇ ਯਤਨ ਨਵੀਂ ਸੋਚ ਨੂੰ ਉਤਸ਼ਾਹਿਤ ਕਰਨ, ਭਵਿੱਖ ਲਈ ਕੁਸ਼ਲ ਪ੍ਰਤਿਭਾਵਾਂ ਤਿਆਰ ਕਰਨ ਅਤੇ ਘੱਟ ਕਾਰਬਨ ਵਾਲੀ ਅਰਥਵਿਵਸਥਾ ਲਈ ਵਿਹਾਰਕ ਹੱਲ ਵਿਕਸਿਤ ਕਰਨ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ।
- Download Babushahi App
-
-