CM MANN ਦੀ ਪਹਿਲਕਦਮੀ 'ਤੇ ਆਪਸੀ ਭਾਈਚਾਰੇ ਤੇ ਸਦਭਾਵਨਾ ਦਾ ਸੰਦੇਸ਼ ਦਿੰਦੀਆਂ ਬੱਸਾਂ ਨੂੰ ਹਰੀ ਝੰਡੀ
ਅਸ਼ੋਕ ਵਰਮਾ
ਬਠਿੰਡਾ, 21 ਸਤੰਬਰ 2026 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੱਜ ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ) ਦੇ ਵਾਰਡ ਨੰਬਰ 39 ਦੇ ਪਰਸਰਾਮ ਨਗਰ ਅਤੇ ਵਾਰਡ ਨੰਬਰ 49 ਦੀ ਸਿਵੀਆਂ ਰੋਡ ਤੋਂ ਦੋ ਬੱਸਾਂ ਰਵਾਨਾ ਹੋਈਆਂ। ਸ੍ਰੀ ਸਾਲਾਸਰ ਧਾਮ ਤੇ ਸ਼੍ਰੀ ਖਾਟੂ ਸ਼ਿਆਮ ਜੀ ਦੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਲੈ ਕੇ ਜਾਣ ਵਾਲੀ ਬੱਸਾਂ ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਵੱਲੋਂ ਰਵਾਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦੇ ਮਾਤਾ ਸ੍ਰੀਮਤੀ ਬਬੀਤਾ ਮਹਿਤਾ, ਕੌਂਸਲਰ ਵਾਰਡ ਨੰਬਰ 50 ਸ੍ਰੀ ਸੁਖਦੇਵ ਸਿੰਘ, ਵਾਰਡ ਨੰਬਰ 39 ਦੇ ਕੌਂਸਲਰ ਭੈਣ ਰਾਜ ਰਾਣੀ, ਵਾਰਡ ਨੰਬਰ 49 ਤੋਂ ਸ੍ਵੀ ਪ੍ਰਦੀਪ ਕੁਮਾਰ ਹਾਜ਼ਰ ਸਨ।
ਇਸ ਮੌਕੇ ਸ੍ਰੀ ਮਹਿਤਾ ਨੇ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਧਾਰਮਿਕ ਯਾਤਰਾ ਦੇ ਇੱਛੁਕ ਲੋਕਾਂ ਲਈ ਇਕ ਵਰਦਾਨ ਸਾਬਤ ਹੋ ਰਹੀ ਹੈ। ਇਹ ਯੋਜਨਾ ਮਹਾਨ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਨੁਸਾਰ ਆਪਸੀ ਭਾਈਚਾਰੇ, ਏਕਤਾ ਅਤੇ ਸ਼ਾਂਤੀ ਦਾ ਸੰਦੇਸ਼ ਫੈਲਾਉਂਦੀ ਹੈ।
ਉਨ੍ਹਾਂ ਦੱਸਿਆ ਕਿ ਤੀਰਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਦੀ ਸੁਵਿਧਾ, ਸੁਰੱਖਿਆ ਅਤੇ ਸਿਹਤ ਸੰਬੰਧੀ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੇ ਪ੍ਰਬੰਧ ਕੀਤੇ ਗਏ ਹਨ। ਯਾਤਰਾ ਦੌਰਾਨ ਆਵਾਜਾਈ, ਰਿਹਾਇਸ਼, ਭੋਜਨ ਅਤੇ ਮੈਡੀਕਲ ਸਹੂਲਤਾਂ ਨੂੰ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਸ਼ਰਧਾਲੂ ਨਿਸ਼ਚਿੰਤ ਹੋ ਕੇ ਤੀਰਥ ਯਾਤਰਾ ਦਾ ਲਾਭ ਲੈ ਸਕਣ।ਇਸ ਮੌਕੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਿਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ।