ਅੰਮ੍ਰਿਤਸਰ ’ਚ ਬਿਨਾਂ ਹਾਈ ਸਕਿਉਰਟੀ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ
ਪੁਲਿਸ ਕਮਿਸ਼ਨਰ ਦਾ ਸਖ਼ਤ ਹੁਕਮ, ਨੰਬਰ ਪਲੇਟ ਨਾ ਹੋਣ ’ਤੇ ਪੈਟਰੋਲ ਪੰਪਾਂ ’ਤੇ ਈਂਧਨ ਦੇਣ ’ਤੇ ਪਾਬੰਦੀ
ਬਿਨਾਂ ਨੰਬਰ ਪਲੇਟ ਵਾਹਨਾਂ ’ਤੇ ਹੋਵੇਗੀ ਕਾਨੂੰਨੀ ਕਾਰਵਾਈ, ਪੈਟਰੋਲ ਪੰਪਾਂ ’ਤੇ CCTV ਰਿਕਾਰਡਿੰਗ ਲਾਜ਼ਮੀ
ਬਾਬੂਸ਼ਾਹੀ ਨੈਟਵਰਕ
ਅੰਮ੍ਰਿਤਸਰ, 22 ਸਤੰਬਰ, 2026: ਅੰਮ੍ਰਿਤਸਰ ਵਿੱਚ ਵਾਹਨਾਂ ਦੀਆਂ ਨੰਬਰ ਪਲੇਟਾਂ ਨੂੰ ਲੈ ਕੇ ਪੁਲਿਸ ਕਮਿਸ਼ਨਰ ਵੱਲੋਂ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਜਾਰੀ ਹੁਕਮਾਂ ਅਨੁਸਾਰ ਹੁਣ ਬਿਨਾਂ ਵੈਧ ਅਤੇ ਸਪਸ਼ਟ HSRP ਨੰਬਰ ਪਲੇਟ ਵਾਲੇ ਵਾਹਨਾਂ ਨੂੰ ਪੈਟਰੋਲ, ਡੀਜ਼ਲ ਜਾਂ CNG ਮੁਹੱਈਆ ਨਹੀਂ ਕਰਵਾਇਆ ਜਾਵੇਗਾ। ਹੁਕਮ ਕਮਿਸ਼ਨਰੇਟ ਅੰਮ੍ਰਿਤਸਰ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਸਾਰੇ ਪੈਟਰੋਲ ਪੰਪਾਂ, ਡੀਜ਼ਲ ਡਿਸਪੈਂਸਿੰਗ ਸਟੇਸ਼ਨਾਂ ਅਤੇ CNG ਸਟੇਸ਼ਨਾਂ ’ਤੇ ਲਾਗੂ ਹੋਣਗੇ। ਅੱਗੇ ਅਤੇ ਪਿੱਛੇ ਨੰਬਰ ਪਲੇਟ ਨਾ ਹੋਣ, ਨੰਬਰ ਪਲੇਟ ਟੁੱਟੀ, ਮੋੜੀ, ਢੱਕੀ, ਬਦਲੀ ਜਾਂ ਟੈਂਪਰ ਕੀਤੀ ਹੋਣ ਵਾਲੇ ਵਾਹਨਾਂ ਨੂੰ ਵੀ ਈਂਧਨ ਨਹੀਂ ਦਿੱਤਾ ਜਾਵੇਗਾ।
ਪੁਲਿਸ ਮੁਤਾਬਕ ਅਜਿਹੇ ਵਾਹਨਾਂ ਦੀ ਵਰਤੋਂ ਹਿੱਟ ਐਂਡ ਰਨ, ਚੇਨ ਸਨੈਚਿੰਗ, ਚੋਰੀ ਅਤੇ ਲੁੱਟ-ਖੋਹ ਵਰਗੀਆਂ ਅਪਰਾਧਿਕ ਘਟਨਾਵਾਂ ਵਿੱਚ ਕੀਤੇ ਜਾਣ ਦਾ ਖਦਸ਼ਾ ਰਹਿੰਦਾ ਹੈ। ਇਸ ਤੋਂ ਇਲਾਵਾ ਅਸਪਸ਼ਟ ਨੰਬਰ ਪਲੇਟਾਂ ਕਾਰਨ CCTV ਅਤੇ ANPR ਆਧਾਰਿਤ ਟ੍ਰੈਫਿਕ ਇਨਫੋਰਸਮੈਂਟ ਵਿੱਚ ਵੀ ਮੁਸ਼ਕਲ ਆਉਂਦੀ ਹੈ। ਸਾਰੇ ਪੈਟਰੋਲ ਪੰਪਾਂ ਅਤੇ CNG ਸਟੇਸ਼ਨਾਂ ’ਤੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਘੱਟੋ-ਘੱਟ 3x3 ਫੁੱਟ ਦੇ ਸੂਚਨਾ ਬੋਰਡ ਲਗਾਉਣੇ ਲਾਜ਼ਮੀ ਹੋਣਗੇ। ਪੰਪਾਂ ਦੇ CCTV/ANPR ਕੈਮਰੇ ਚਾਲੂ ਰੱਖਣੇ ਹੋਣਗੇ ਅਤੇ ਵਾਹਨਾਂ ਦੀ ਰਿਕਾਰਡ ਕੀਤੀ ਫੁਟੇਜ ਘੱਟੋ-ਘੱਟ 30 ਦਿਨਾਂ ਤੱਕ ਸੁਰੱਖਿਅਤ ਰੱਖਣੀ ਹੋਵੇਗੀ। ਨਵੇਂ ਵਾਹਨਾਂ ਨੂੰ ਵੈਧ ਰਜਿਸਟ੍ਰੇਸ਼ਨ ਜਾਂ ਅਸਥਾਈ ਰਜਿਸਟ੍ਰੇਸ਼ਨ ਨੰਬਰ ਹੋਣ ਦੀ ਸੂਰਤ ਵਿੱਚ ਛੋਟ ਦਿੱਤੀ ਗਈ ਹੈ। ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਹੋਰ ਜ਼ਰੂਰੀ ਐਮਰਜੈਂਸੀ ਵਾਹਨ ਵੀ ਇਸ ਪਾਬੰਦੀ ਤੋਂ ਬਾਹਰ ਰਹਿਣਗੇ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ BNSS ਦੀ ਧਾਰਾ 223 ਅਤੇ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ।
- Download Babushahi App
-
-