ਰੇਲਵੇ ਓਵਰ ਬ੍ਰਿਜ ਉੱਪਰ ਬਣ ਰਹੀ ਸੜਕ ਦੀ ਜਾਂਚ ਕੀਤੀ ਜਾਵੇ : ਗੋਪੀ ਸ਼ਰਮਾ
ਜਗਰਾਉਂ (ਦੀਪਕ ਜੈਨ)
ਆਮ ਆਦਮੀ ਪਾਰਟੀ ਦੇ ਆਗੂ ਗੋਪੀ ਸ਼ਰਮਾ ਵੱਲੋਂ ਤਹਿਸੀਲ ਰੋਡ ਦੀ ਨਵੀਂ ਬਣ ਰਹੀ ਸੜਕ ਦੇ ਘਟੀਆ ਮਟੀਰੀਅਲ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਸੀ ਕਿ ਇਹ ਸੜਕ ਬਣਨ ਤੋਂ ਤਿੰਨ ਦਿਨ ਬਾਅਦ ਹੀ ਟੁੱਟਣੀ ਸ਼ੁਰੂ ਹੋ ਗਈ ਹੈ। ਅੱਜ ਗੋਪੀ ਸ਼ਰਮਾ ਨੇ ਇਸ ਤੋਂ ਅੱਗੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਉਹਨਾਂ ਵੱਲੋਂ ਰੇਲਵੇ ਓਵਰ ਬ੍ਰਿਜ ਉੱਪਰ ਵੀ ਸੜਕ ਦਾ ਨਿਰੀਖਣ ਕੀਤਾ ਗਿਆ ਸੀ ਅਤੇ ਨਵੀਂ ਬਣ ਰਹੀ ਸੜਕ ਉੱਪਰ ਕੰਸਟਰਕਸ਼ਨ ਕੰਪਨੀ ਦੇ ਠੇਕੇਦਾਰ ਵੱਲੋਂ ਬਹੁਤ ਹੀ ਪਤਲੀ ਲੇਅਰ ਦਾ ਮਟੀਰੀਅਲ ਵਿਛਾਇਆ ਜਾ ਰਿਹਾ ਹੈ। ਗੋਪੀ ਸ਼ਰਮਾ ਨੇ ਕਿਹਾ ਕਿ ਉਹ ਇਸ ਬਣ ਰਹੀ ਸੜਕ ਦੀ ਉੱਚ ਪੱਧਰੀ ਜਾਂਚ ਦੀ ਵੀ ਮੰਗ ਕਰਦੇ ਹਨ। ਉਹਨਾਂ ਅੱਗੇ ਕਿਹਾ ਕਿ ਸੜਕ ਦਾ ਨਿਰਮਾਣ ਕਰਨ ਵਾਲੀ ਕੰਪਨੀ ਵੱਲੋਂ ਸੜਕ ਨਿਰਮਾਣ ਕਰਨ ਤੋਂ ਪਹਿਲਾਂ ਨਿਰਮਾਣ ਦੀ ਸਮਗਰੀ ਦੀ ਰੇਸ਼ੋ ਦਾ ਵੀ ਇੱਕ ਬੋਰਡ ਸਾਈਟ ਉੱਪਰ ਲਗਾਇਆ ਜਾਣਾ ਜਰੂਰੀ ਹੁੰਦਾ ਹੈ। ਜੋ ਕਿ ਉਹਨਾਂ ਨੇ ਕਾਫੀ ਢੂੰਡਿਆ ਅਤੇ ਕੰਸਟਰਕਸ਼ਨ ਲੇਬਰ ਤੋਂ ਵੀ ਉਸ ਬੋਰਡ ਬਾਰੇ ਪੁੱਛਿਆ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਅਜਿਹਾ ਕੋਈ ਬੋਰਡ ਨਹੀਂ ਲਗਾਇਆ ਗਿਆ ਹੈ। ਜੋ ਕਿ ਨਿਯਮਾਂ ਦੇ ਵਿਰੁੱਧ ਹੈ। ਗੋਪੀ ਸ਼ਰਮਾ ਵੱਲੋਂ ਇਸ ਦੀ ਸ਼ਿਕਾਇਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਵੀ ਭੇਜ ਦਿੱਤੀ ਗਈ ਹੈ।