ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਵੱਲੋਂ ਜ਼ਿਲ੍ਹਾ ਪੱਧਰੀ ਆਊਟਰੀਚ ਪ੍ਰੋਗਰਾਮ
ਸਕੂਲਾਂ ਅਤੇ ਯੂਨੀਵਰਸਿਟੀ ਦਰਮਿਆਨ ਸਿੱਖਿਆਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਵੱਲ ਮਹੱਤਵਪੂਰਨ ਕਦਮ
ਰੋਹਿਤ ਗੁਪਤਾ
ਗੁਰਦਾਸਪੁਰ, 3 ਜੁਲਾਈ
ਸਕੂਲੀ ਸਿੱਖਿਆ ਅਤੇ ਉੱਚ ਸਿੱਖਿਆ ਵਿਚਕਾਰ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ (ਐੱਸ.ਬੀ.ਐੱਸ.ਐੱਸ.ਯੂ.), ਗੁਰਦਾਸਪੁਰ ਵੱਲੋਂ ਜ਼ਿਲ੍ਹਾ ਪੱਧਰੀ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ, ਲੈਕਚਰਾਰਾਂ ਅਤੇ ਬਲਾਕ ਗਾਈਡੈਂਸ ਕੌਂਸਲਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।
ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉੱਚ ਸਿੱਖਿਆ, ਕਰੀਅਰ ਮਾਰਗਦਰਸ਼ਨ ਅਤੇ ਹੁਨਰ-ਅਧਾਰਿਤ ਸਿੱਖਿਆ ਦੇ ਮੌਕਿਆਂ ਬਾਰੇ ਜਾਣੂ ਕਰਵਾਉਣਾ ਸੀ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਐੱਸ. ਕੇ. ਮਿਸ਼ਰਾ, ਮਾਨਯੋਗ ਵਾਈਸ ਚਾਂਸਲਰ, ਐੱਸ.ਬੀ.ਐੱਸ.ਐੱਸ.ਯੂ. ਸਨ। ਸਮਾਗਮ ਦਾ ਉਦਘਾਟਨ ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ, ਰਾਜ ਪੁਰਸਕਾਰ ਪ੍ਰਾਪਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਰਜਿਸਟਰਾਰ ਡਾ ਅਜੇ ਕੁਮਾਰ, ਗੁਰਦਾਸਪੁਰ ਅਤੇ ਸ਼੍ਰੀ ਮੁਕੇਸ਼ ਵਰਮਾ, ਜ਼ਿਲ੍ਹਾ ਗਾਈਡੈਂਸ ਕੌਂਸਲਰ, ਗੁਰਦਾਸਪੁਰ ਦੀ ਵਿਸ਼ੇਸ਼ ਹਾਜ਼ਰੀ ਵਿੱਚ ਹੋਇਆ।
ਪ੍ਰੋਗਰਾਮ ਦੀ ਸ਼ੁਰੂਆਤ ਸ਼੍ਰੀ ਸ਼ੈਮੋਨ ਮਸੀਹ ਵੱਲੋਂ ਮਹਿਮਾਨਾਂ ਦੇ ਨਿੱਘੇ ਸਵਾਗਤ ਨਾਲ ਹੋਈ। ਇਸ ਤੋਂ ਬਾਅਦ ਡਾ. ਹਰੀਸ਼ ਪੁੰਗੋਤਰਾ, ਡੀਨ ਅਕਾਦਮਿਕ ਅਫੇਅਰਜ਼ ਨੇ ਯੂਨੀਵਰਸਿਟੀ ਦੇ ਅਕਾਦਮਿਕ ਕੋਰਸਾਂ, ਵਜ਼ੀਫ਼ਾ ਯੋਜਨਾਵਾਂ, ਆਧੁਨਿਕ ਬੁਨਿਆਦੀ ਢਾਂਚੇ, ਖੋਜ ਸਹੂਲਤਾਂ, ਹੁਨਰ-ਅਧਾਰਿਤ ਕੋਰਸਾਂ, ਪਲੇਸਮੈਂਟ ਮੌਕਿਆਂ, ਨਵੀਨਤਾ ਗਤੀਵਿਧੀਆਂ ਅਤੇ ਦਾਖ਼ਲਾ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਪ੍ਰਸਤੁਤੀ ਰਾਹੀਂ ਹਾਜ਼ਰ ਪ੍ਰਿੰਸੀਪਲਾਂ ਅਤੇ ਗਾਈਡੈਂਸ ਕੌਂਸਲਰਾਂ ਨੂੰ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਲਈ ਉਪਲਬਧ ਕਰਵਾਏ ਜਾ ਰਹੇ ਵੱਖ-ਵੱਖ ਮੌਕਿਆਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ।
ਆਪਣੇ ਸੰਬੋਧਨ ਦੌਰਾਨ ਡਾ. ਐੱਸ. ਕੇ. ਮਿਸ਼ਰਾ ਨੇ ਕਿਹਾ ਕਿ ਯੂਨੀਵਰਸਿਟੀ ਖੇਤਰ ਦੇ ਸਕੂਲਾਂ ਨੂੰ ਹਰ ਸੰਭਵ ਅਕਾਦਮਿਕ ਅਤੇ ਤਕਨੀਕੀ ਸਹਿਯੋਗ ਦੇਣ ਲਈ ਵਚਨਬੱਧ ਹੈ। ਉਨ੍ਹਾਂ ਨੇ ਉਦਯੋਗਿਕ ਲੋੜਾਂ ਅਨੁਸਾਰ ਹੁਨਰ-ਅਧਾਰਿਤ ਸਿੱਖਿਆ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਸਕੂਲਾਂ ਅਤੇ ਯੂਨੀਵਰਸਿਟੀ ਵਿਚਕਾਰ ਹੋਰ ਮਜ਼ਬੂਤ ਸਹਿਯੋਗ ਦੀ ਲੋੜ ਉਭਾਰੀ, ਤਾਂ ਜੋ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕੀਤਾ ਜਾ ਸਕੇ। ਉਨ੍ਹਾਂ ਨੇ ਪ੍ਰਿੰਸੀਪਲਾਂ ਅਤੇ ਗਾਈਡੈਂਸ ਕੌਂਸਲਰਾਂ ਨਾਲ ਸੰਵਾਦ ਵੀ ਕੀਤਾ ਅਤੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਵੱਲ ਪ੍ਰੇਰਿਤ ਕਰਨ ਲਈ ਯੂਨੀਵਰਸਿਟੀ ਦੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਗੁਰਦਾਸਪੁਰ ਰਾਜੇਸ਼ ਕੁਮਾਰ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਦੇ ਬਦਲਦੇ ਸਮੇਂ ਵਿੱਚ ਸਕੂਲੀ ਸਿੱਖਿਆ ਨੂੰ ਕੇਵਲ ਪਾਠ-ਪੁਸਤਕਾਂ ਤੱਕ ਸੀਮਿਤ ਨਹੀਂ ਰੱਖਿਆ ਜਾ ਸਕਦਾ, ਸਗੋਂ ਵਿਦਿਆਰਥੀਆਂ ਨੂੰ ਉੱਚ ਸਿੱਖਿਆ, ਰੁਜ਼ਗਾਰ ਅਤੇ ਹੁਨਰ-ਅਧਾਰਿਤ ਕਰੀਅਰ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਸਕੂਲ ਮੁਖੀਆਂ ਅਤੇ ਗਾਈਡੈਂਸ ਕੌਂਸਲਰਾਂ ਦੀ ਸਾਂਝੀ ਜ਼ਿੰਮੇਵਾਰੀ ਹੈ ਕਿ ਉਹ ਹਰ ਵਿਦਿਆਰਥੀ ਦੀ ਰੁਚੀ, ਯੋਗਤਾ ਅਤੇ ਸਮਰੱਥਾ ਅਨੁਸਾਰ ਉਸ ਨੂੰ ਸਹੀ ਕਰੀਅਰ ਮਾਰਗਦਰਸ਼ਨ ਪ੍ਰਦਾਨ ਕਰਨ।
ਉਨ੍ਹਾਂ ਨੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਅਪੀਲ ਕੀਤੀ ਕਿ ਉਹ ਸਕੂਲਾਂ ਵਿੱਚ ਕਰੀਅਰ ਗਾਈਡੈਂਸ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ, ਕਰੀਅਰ ਗਾਈਡੈਂਸ ਕਾਰਨਰਾਂ ਨੂੰ ਨਿਯਮਿਤ ਤੌਰ 'ਤੇ ਅਪਡੇਟ ਰੱਖਣ, ਵਿਦਿਆਰਥੀਆਂ ਨੂੰ ਉੱਚ ਸਿੱਖਿਆ ਸੰਸਥਾਵਾਂ, ਵਜ਼ੀਫ਼ਾ ਯੋਜਨਾਵਾਂ, ਪ੍ਰਤੀਯੋਗੀ ਪ੍ਰੀਖਿਆਵਾਂ ਅਤੇ ਨਵੇਂ ਕਰੀਅਰ ਵਿਕਲਪਾਂ ਬਾਰੇ ਸਮੇਂ-ਸਮੇਂ 'ਤੇ ਜਾਣੂ ਕਰਵਾਉਣ। ਉਨ੍ਹਾਂ ਕਿਹਾ ਕਿ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ, ਗੁਰਦਾਸਪੁਰ ਵਰਗੀਆਂ ਉੱਚ ਸਿੱਖਿਆ ਸੰਸਥਾਵਾਂ ਨਾਲ ਮਜ਼ਬੂਤ ਤਾਲਮੇਲ ਰਾਹੀਂ ਵਿਦਿਆਰਥੀਆਂ ਨੂੰ ਬਿਹਤਰ ਅਕਾਦਮਿਕ ਮੌਕੇ ਅਤੇ ਉੱਜਵਲ ਭਵਿੱਖ ਪ੍ਰਦਾਨ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਗਾਈਡੈਂਸ ਕੌਂਸਲਰ ਸ਼੍ਰੀ ਮੁਕੇਸ਼ ਵਰਮਾ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਦੇ ਯੁੱਗ ਵਿੱਚ ਕਰੀਅਰ ਗਾਈਡੈਂਸ ਸਕੂਲੀ ਸਿੱਖਿਆ ਦਾ ਅਟੁੱਟ ਹਿੱਸਾ ਬਣ ਚੁੱਕੀ ਹੈ। ਹਰ ਵਿਦਿਆਰਥੀ ਦੀ ਆਪਣੀ ਵਿਲੱਖਣ ਯੋਗਤਾ ਅਤੇ ਰੁਚੀ ਹੁੰਦੀ ਹੈ, ਜਿਸ ਨੂੰ ਸਹੀ ਦਿਸ਼ਾ ਦੇਣ ਲਈ ਵਿਗਿਆਨਕ ਅਤੇ ਯੋਜਨਾਬੱਧ ਕਰੀਅਰ ਕੌਂਸਲਿੰਗ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ਵਿੱਚ ਹਰ ਵਿਦਿਆਰਥੀ ਤੱਕ ਸਮੇਂ ਸਿਰ ਕਰੀਅਰ ਮਾਰਗਦਰਸ਼ਨ, ਉੱਚ ਸਿੱਖਿਆ ਸੰਸਥਾਵਾਂ ਬਾਰੇ ਜਾਣਕਾਰੀ, ਵਜ਼ੀਫ਼ਾ ਯੋਜਨਾਵਾਂ, ਪ੍ਰਤੀਯੋਗੀ ਪ੍ਰੀਖਿਆਵਾਂ, ਪੇਸ਼ੇਵਰ ਕੋਰਸਾਂ ਅਤੇ ਉਭਰਦੇ ਕਰੀਅਰ ਮੌਕਿਆਂ ਦੀ ਸਹੀ ਜਾਣਕਾਰੀ ਪਹੁੰਚਾਉਣੀ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ਅਤੇ ਯੂਨੀਵਰਸਿਟੀਆਂ ਵਿਚਕਾਰ ਮਜ਼ਬੂਤ ਤਾਲਮੇਲ ਹੀ ਵਿਦਿਆਰਥੀਆਂ ਨੂੰ ਸੋਚ-ਸਮਝ ਕੇ ਕਰੀਅਰ ਦੀ ਚੋਣ ਕਰਨ ਅਤੇ ਉਨ੍ਹਾਂ ਨੂੰ ਭਵਿੱਖ ਲਈ ਸਮਰੱਥ ਬਣਾਉਣ ਵਿੱਚ ਸਹਾਇਕ ਸਾਬਤ ਹੋਵੇਗਾ।
ਪ੍ਰੋਗਰਾਮ ਦੌਰਾਨ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਸਕੂਲਾਂ ਦੇ ਪ੍ਰਤੀਨਿਧੀਆਂ ਵਿਚਕਾਰ ਵਿਹਾਰਕ ਸਿੱਖਿਆ, ਕਰੀਅਰ ਗਾਈਡੈਂਸ, ਰੁਜ਼ਗਾਰ ਯੋਗ ਹੁਨਰਾਂ ਦੇ ਵਿਕਾਸ ਅਤੇ ਉੱਚ ਸਿੱਖਿਆ ਪ੍ਰਤੀ ਵਿਦਿਆਰਥੀਆਂ ਵਿੱਚ ਜਾਗਰੂਕਤਾ ਵਧਾਉਣ ਸਬੰਧੀ ਸਾਰਥਕ ਵਿਚਾਰ-ਵਟਾਂਦਰਾ ਕੀਤਾ ਗਿਆ।
ਸਮਾਗਮ ਦਾ ਸਫ਼ਲ ਸੰਚਾਲਨ ਡਾ. ਰਣਜੀਤ ਸਿੰਘ, ਪ੍ਰਿੰਸੀਪਲ ਪੌਲੀਟੈਕਨਿਕ ਵਿੰਗ, ਐੱਸ.ਬੀ.ਐੱਸ.ਐੱਸ.ਯੂ., ਗੁਰਦਾਸਪੁਰ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਪ੍ਰੋਗਰਾਮ ਦੇ ਸਫ਼ਲ ਆਯੋਜਨ ਲਈ ਕੀਤੇ ਪ੍ਰਬੰਧਾਂ ਦੀ ਅਗਵਾਈ ਕੀਤੀ ਅਤੇ ਅੰਤ ਵਿੱਚ ਧੰਨਵਾਦ ਮਤਾ ਵੀ ਪੇਸ਼ ਕੀਤਾ।
ਇਸ ਮੌਕੇ ਸ਼੍ਰੀ ਅਸ਼ੋਕ ਕੁਮਾਰ (ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ), ਸ਼੍ਰੀ ਪ੍ਰਦੀਪ ਅਰੋੜਾ (ਜ਼ਿਲ੍ਹਾ ਕੋਆਰਡੀਨੇਟਰ, ਆਈ.ਸੀ.ਟੀ.), ਸ਼੍ਰੀ ਅਮਨ ਗੁਪਤਾ, ਸੁਮਿਤ ਕੁਮਾਰ (ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ, ਗੁਰਦਾਸਪੁਰ), ਡਾ. ਸਰਦੂਲ ਸਿੰਘ, ਲੈਕਚਰਾਰ ਰਾਮ ਪਾਲ, ਯੂਨੀਵਰਸਿਟੀ ਦੇ ਡੀਨ, ਵਿਭਾਗ ਮੁਖੀ, ਫੈਕਲਟੀ ਮੈਂਬਰ, ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਮੂਹ ਬਲਾਕ ਗਾਈਡੈਂਸ ਕੌਂਸਲਰ ਵੀ ਹਾਜ਼ਰ ਸਨ।
ਇਹ ਜ਼ਿਲ੍ਹਾ ਪੱਧਰੀ ਆਊਟਰੀਚ ਪ੍ਰੋਗਰਾਮ ਸਕੂਲੀ ਅਤੇ ਉੱਚ ਸਿੱਖਿਆ ਸੰਸਥਾਵਾਂ ਵਿਚਕਾਰ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ, ਜਿਸ ਦਾ ਸਾਂਝਾ ਉਦੇਸ਼ ਗੁਣਵੱਤਾ ਭਰਪੂਰ, ਹੁਨਰ-ਅਧਾਰਿਤ ਅਤੇ ਭਵਿੱਖ-ਕੇਂਦਰਿਤ ਸਿੱਖਿਆ ਰਾਹੀਂ ਨੌਜਵਾਨ ਪੀੜ੍ਹੀ ਨੂੰ ਸਸ਼ਕਤ ਬਣਾਉਣਾ ਹੈ।