ਕਲੀਨ ਪੰਜਾਬ: ਨੇ ਵਾਤਾਵਰਨ ਸੁਰੱਖਿਆ ਲਈ ਸਕੂਲੀ ਵਿਦਿਆਰਥੀਆਂ ਨੇ ਕੱਪੜੇ ਦੇ ਥੈਲੇ ਵੰਡੇ
ਅਸ਼ੋਕ ਵਰਮਾ
ਬਠਿੰਡਾ, 3 ਜੁਲਾਈ 2026 :ਸਵੱਛ ਭਾਰਤ ਮਿਸ਼ਨ ਦੀ ਟੀਮ ਵੱਲੋਂ ਅੱਜ ਕੌਮੀ ਪਲਾਸਟਿਕ ਥੈਲਾ ਰਹਿਤ ਦਿਵਸ ਮੌਕੇ "ਮਿਸ਼ਨ ਕਲੀਨ ਪੰਜਾਬ" ਤਹਿਤ ਲੋਕਾਂ ਨੂੰ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਤੋਂ ਮੁਕਤ ਸਮਾਜ ਬਣਾਉਣ ਲਈ ਜਾਗਰੂਕ ਕਰਨ ਵਾਸਤੇ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਸਕੂਲੀ ਵਿਦਿਆਰਥੀਆਂ ਵੱਲੋਂ ਸਬਜ਼ੀ ਮੰਡੀ ਵਿਖੇ ਕਪੜੇ ਦੇ ਥੈਲੇ ਵੰਡੇ ਗਏ। ਇਸੇ ਤਰ੍ਹਾਂ ਕਮਿਊਨਿਟੀ ਫੈਸਿਲੀਟੇਟਰਾਂ ਵੱਲੋਂ ਕਮਿਸ਼ਨਰ ਨਗਰ ਨਿਗਮ ਮੈਡਮ ਲਵਜੀਤ ਕਲਸੀ ਅਤੇ ਨਗਰ ਨਿਗਮ ਦੇ ਸਟਾਫ ਨੂੰ ਵੀ ਕਪੜੇ ਦੇ ਥੈਲੇ ਵੰਡੇ ਗਏ।
ਇਸ ਮੁਹਿੰਮ ਦੌਰਾਨ ਸਥਾਨਕ ਲੋਰਡ ਰਾਮਾ ਸਕੂਲ ਅਤੇ ਪੁਲਿਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਸਥਾਨਕ ਸਬਜ਼ੀ ਮੰਡੀ ਵਿਖੇ ਆਮ ਲੋਕਾਂ ਨੂੰ ਕੱਪੜੇ ਦੇ ਥੈਲੇ ਵੰਡੇ ਗਏ ਅਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਥਾਂ ਵਾਤਾਵਰਣ ਪੱਖੀ ਚੀਜ਼ਾਂ ਅਪਣਾਉਣ ਦਾ ਸੰਦੇਸ਼ ਦਿੱਤਾ।
ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕਰਦਿਆਂ ਸਥਾਨਕ ਸਬਜ਼ੀ ਮੰਡੀ ਵਿੱਚ ਆਏ ਲੋਕਾਂ ਨੂੰ ਕੱਪੜੇ ਦੇ ਥੈਲੇ ਵੰਡੇ। ਵਿਦਿਆਰਥੀਆਂ ਨੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਥਾਂ ਮੁੜ ਵਰਤੋਂ ਯੋਗ ਕੱਪੜੇ ਦੇ ਥੈਲੇ ਅਪਣਾਉਣ ਦਾ ਸੁਨੇਹਾ ਦਿੱਤਾ ਅਤੇ ਵਾਤਾਵਰਣ ਦੀ ਸੰਭਾਲ ਲਈ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਇਸ ਦੌਰਾਨ ਆਈਈਸੀ ਟੀਮ ਅਤੇ ਕਮਿਊਨਿਟੀ ਫੈਸਿਲੀਟੇਟਰਾਂ ਨੇ ਲੋਕਾਂ ਨੂੰ ਕੇਵਲ ਇੱਕ ਵਾਰ ਵਰਤੋਂ ਚ ਆਉਣ ਵਾਲੇ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਅਤੇ ਦੱਸਿਆ ਕਿ ਕੱਪੜੇ ਦੇ ਥੈਲਿਆਂ ਦੀ ਵਰਤੋਂ ਨਾ ਸਿਰਫ਼ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਂਦੀ ਹੈ, ਸਗੋਂ ਸਾਫ਼-ਸੁਥਰੇ ਅਤੇ ਹਰਿਆ-ਭਰਿਆ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ।
ਸਬਜ਼ੀ ਮੰਡੀ ਦੇ ਦੁਕਾਨਦਾਰਾਂ ਅਤੇ ਖਰੀਦਦਾਰਾਂ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਵੀ ਪਲਾਸਟਿਕ ਦੀ ਵਰਤੋਂ ਘਟਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਆਈ.ਈ.ਸੀ ਐਕਸਪਰਟ ਸ਼੍ਰੀਮਤੀ ਇੰਦਰਜੀਤ ਕੌਰ, ਕਮਿਊਨਿਟੀ ਫੈਸਿਲੀਟੇਟਰ ਸ਼੍ਰੀ ਦਿਲਜੀਤ ਸਿੰਘ, ਸ਼੍ਰੀਮਤੀ ਵੰਸ਼ਿਤਾ ਪੁਰੀ, ਲੋਰਡ ਰਾਮਾ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਸੂਰਜ ਸੇਤੀਆ ਜੀ ਅਤੇ ਪੁਲੀਸ ਪਬਲਿਕ ਸਕੂਲ ਦੇ ਐਨ.ਸੀ.ਸੀ. ਇੰਚਾਰਜ ਸਰਦਾਰ ਦਵਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।