ਲਿੰਗ ਸੰਵੇਦਨਸ਼ੀਲਤਾ ਅਤੇ ਸਿੱਖਣ ਦੀ ਨੀਂਹ ਮਜ਼ਬੂਤ ਕਰਨ ਤੇ ਜਮਾਤ ਪ੍ਰਬੰਧਨ ਵਿਸ਼ਿਆਂ ਤੇ ਦੋ - ਰੋਜ਼ਾ ਅਧਿਆਪਕ ਸੈਮੀਨਾਰ ਲਗਾਇਆ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ 3 ਜੁਲਾਈ
ਵਿਦਿਆਰਥੀ ਕਿਸੇ ਵੀ ਕੌਮ ਦਾ ਸਰਮਾਇਆ ਤੇ ਦੇਸ਼ ਦਾ ਭਵਿੱਖ ਹੁੰਦੇ ਹਨ। ਸਕੂਲੀ ਸਿੱਖਿਆ ਗ੍ਰਹਿਣ ਕਰਦੇ ਸਮੇਂ ਉਹਨਾਂ ਦੀ ਜ਼ਿੰਦਗੀ ਵਿੱਚ ਕੁੱਝ ਮੁਸ਼ਕਲਾਂ ਆਉਂਦੀਆਂ ਹਨ। ਇਹਨਾਂ ਮੁਸ਼ਕਲਾਂ ਦਾ ਸਹੀ ਹੱਲ ਕਰਨ ਤੇ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦਿਖਾਉਣ ਦੇ ਮੱਦੇਨਜ਼ਰ ਰੱਖਦਿਆਂ ਹੋਇਆ ਸੇਂਟ ਕਬੀਰ ਸਕੂਲ, ਸੁਲਤਾਨਪੁਰ ਗੁਰਦਾਸਪੁਰ ਵਿੱਚ ਪ੍ਰਿੰਸੀਪਲ ਐਸ. ਬੀ. ਨਾਯਰ ਜੀ ਦੀ ਸਰਪ੍ਰਸਤੀ ਅਧੀਨ ਦੋ - ਰੋਜ਼ਾ ਅਧਿਆਪਕ ਸੈਮੀਨਾਰ ਲਗਾਇਆ ਗਿਆ।
ਇਸ ਮੌਕੇ ਸੀ. ਬੀ. ਐਸ. ਈ. ਬੋਰਡ ਵੱਲੋਂ ਪ੍ਰਮੁੱਖ ਸਲਾਹਕਾਰ( ਸਰੋਤ ਅਧਿਕਾਰੀਆਂ) ਡਾ. ਸਿਵਾਨੀ ਸਿੰਘ(ਪ੍ਰਿੰਸੀ. ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਗੁਰਦਾਸਪੁਰ ), ਮਿਸਟਰ ਮਾਧਵ ਗੁਪਤਾ (ਟੀ. ਜੀ. ਟੀ ਹਰਕ੍ਰਿਸ਼ਨ ਪਬਲਿਕ ਸਕੂਲ, ਅਜਨਾਲਾ ) ਅਤੇ ਡਾ. ਆਮਿਰ ਬਸੀਰ (ਟੀਚਰ ਟ੍ਰੇਨਰ ਅਤੇ ਅਸਿਸਟੈਂਟ ਪ੍ਰੋਫੈਸਰ ਸੈਂਟਰਲ ਯੂਨੀਵਰਸਿਟੀ ਆਫ ਕਸ਼ਮੀਰ) ਦੁਆਰਾ ਅਧਿਆਪਕਾਂ ਦੀ ਸਮਰੱਥਾ ਨਿਰਮਾਣ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ ਲਿੰਗ ਸੰਵੇਦਨਸ਼ੀਲਤਾ ਅਤੇ ਕੇ.ਜੀ ਵਿਦਿਆਰਥੀ ਦੀ ਬੁਨਿਆਦੀ ਤੇ ਮੁੱਢਲੀ ਤਿਆਰੀ ਸਮੇਂ ਸਿੱਖਣ ਦੀ ਨੀਂਹ ਮਜ਼ਬੂਤ ਕਰਨ ਅਤੇ ਜਮਾਤ ਪ੍ਰਬੰਧਨ ਬਾਰੇ ਆਮ ਤੋਂ ਲੈ ਕੇ ਗੰਭੀਰ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ।
ਦੋ- ਰੋਜਾ ਸੈਮੀਨਾਰ ਦੇ ਪਹਿਲੇ ਦਿਨ ਲਿੰਗ ਪੱਖ- ਪਾਤ ਨੂੰ ਹਟਾਉਣ ਅਤੇ ਜੈਂਡਰ ਸੈਂਸੀਟੀਵਿਟੀ ਦੇ ਵਿਚਾਰ ਅਨੁਸਾਰ ਸਮਾਨਤਾ ਦਰਸਾਉਣ ਬਾਰੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਇਹ ਦੱਸਿਆ ਗਿਆ ਕਿ ਜਿਵੇਂ ਲੜਕਾ ਅਤੇ ਲੜਕੀ ਸਮਾਜ ਦਾ ਇੱਕ ਹਿੱਸਾ ਹਨ ਉਸੇ ਤਰਾਂ ਟਰਾਂਸਜੈਂਡਰ ਨੂੰ ਵੀ ਹਰ ਤਰ੍ਹਾਂ ਦੇ ਵਿੱਦਿਅਕ,ਸਮਾਜਕ ਤੇ ਧਾਰਮਿਕ ਹੱਕ ਮਿਲਣੇ ਚਾਹੀਦੇ ਹਨ। ਇਸ ਮੌਕੇ ਸਮੁੱਚੇ ਰੂਪ ਵਿੱਚ ਹਰੇਕ ਵਿਦਿਆਰਥੀ (ਲੜਕਾ, ਲੜਕੀ ਅਤੇ ਟ੍ਰਾਂਸਜੈਂਡਰ )ਦੇ ਬੌਧਿਕ, ਭਾਵਨਾਤਮਕ, ਸਰੀਰਕ ਤੇ ਪਰਿਵਾਰਕ ਮੁਸ਼ਕਲਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਤੇ ਅਧਿਆਪਕਾਂ ਨੂੰ ਲਿੰਗ ਪੱਖਪਾਤ ਕਾਰਨ ਵਿਦਿਆਰਥੀਆਂ ਨੂੰ ਆਉਂਦੀਆਂ ਪ੍ਰੇਸ਼ਾਨੀਆਂ ਅਤੇ ਸੁਭਾਅ ਵਿਚ ਤਬਦੀਲੀ ਦੇ ਕਾਰਨਾਂ ਨੂੰ ਸਮਝਦੇ ਹੋਏ ਬੜੇ ਪਾਰਖੂ ਤਰੀਕੇ ਨਾਲ ਉਸਨੂੰ ਹੱਲ ਕਰਨ ਬਾਰੇ ਦੱਸਿਆ।
ਸੈਮੀਨਾਰ ਦੇ ਦੂਜੇ ਦਿਨ ਡਾਕਟਰ ਆਮਿਰ ਬਸੀਰ ਜੀ ਦੁਆਰਾ ਸਕੂਲ ਵਿੱਚ ਛੋਟੇ ਵਿਦਿਆਰਥੀਆਂ ਦੀਆਂ ਬੁਨਿਆਦੀ ਲੋੜਾਂ, ਉਹਨਾਂ ਦੀ ਤਿਆਰੀ ਪੜਾਅ ਵਿੱਚ ਸਿੱਖਣ ਦੀ ਨੀਂਹ ਦੀ ਮਹੱਤਤਾ ਅਤੇ ਜਮਾਤ ਦੇ ਪ੍ਰਬੰਧਨ ਨੂੰ ਸਹੀ ਢੰਗ ਤਰੀਕੇ ਨਾਲ ਕਾਇਮ ਰੱਖਣ ਬਾਰੇ, ਛੋਟੇ ਵਿਦਿਆਰਥੀਆਂ ਨੂੰ ਪਿਆਰ ਨਾਲ, ਅਨੁਸ਼ਾਸਨ ਤੇ ਆਮ ਰੁਚੀਆਂ ਅਤੇ ਗਤੀਵਿਧੀਆਂ ਨੂੰ ਸੁਰੱਖਿਅਤ ਮਾਹੌਲ ਦੇ ਰੂਪ ਵਿੱਚ ਸਿਖਾਉਣ ਦੇ ਬਾਰੇ ਅਤੇ ਸਿੱਖਣ ਦੀ ਨੀਂਹ ਕਿਵੇਂ ਮਜ਼ਬੂਤ ਬਣਾਈ ਜਾਵੇ। ਇਹਨਾਂ ਸਭ ਗਤੀਵਿਧੀਆਂ ਨੂੰ ਬਹੁਤ ਹੀ ਮਨੋਰੰਜਨ ਵਿਧੀਆਂ ਦੇ ਰੂਪ ਵਿੱਚ ਅਧਿਆਪਕਾਂ ਨਾਲ ਸਾਂਝਾ ਕੀਤਾ ਗਿਆ। ਜਿਸ ਵਿੱਚ ਸਾਰੇ ਹੀ ਅਧਿਆਪਕਾਂ ਨੇ ਭਾਗੀਦਾਰੀ ਕਰਕੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਨੂੰ ਨੇੜੇ ਹੋ ਕੇ ਜਾਣਿਆ ਤੇ ਹਲ ਕੱਢਣ ਦੇ ਯਤਨ ਵੀ ਕੀਤੇ।
ਸਮੁੱਚੇ ਤੌਰ ਤੇ ਸੀ.ਬੀ.ਐਸ.ਈ ਬੋਰਡ ਅਧੀਨ ਕਰਵਾਏ ਇਸ ਅਧਿਆਪਨ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਸਾਰੇ ਅਧਿਆਪਕਾਂ ਨੇ ਸੁਚੱਜੇ ਰੂਪ ਵਿੱਚ ਫਾਇਦਾ ਉਠਾਇਆ ਅਤੇ ਆਪਣੇ ਵਿਦਿਆਰਥੀਆਂ ਲਈ ਇਹਨਾਂ ਅਧਿਆਪਨ ਤਰੀਕਿਆਂ ਨੂੰ ਅਪਣਾਓੁਣ ਦਾ ਵਾਅਦਾ ਵੀ ਕੀਤਾ।
ਇਸ ਸਫ਼ਲ ਸੈਮੀਨਾਰ ਦੇ ਅੰਤਿਮ ਪੜਾਅ ਤੇ ਮੈਨੇਜਮੈਂਟ ਮੈਂਬਰਾਂ ਮੈਡਮ ਨਵਦੀਪ ਕੌਰ ਅਤੇ ਕੁਲਦੀਪ ਕੌਰ ਜੀ ਦੁਆਰਾ ਆਏ ਹੋਏ ਰਿਸੋਰਸ ਅਧਿਕਾਰੀਆਂ ਦਾ ਤਹਿ- ਦਿਲੋਂ ਧੰਨਵਾਦ ਕੀਤਾ ਤੇ ਅੱਗੇ ਤੋਂ ਵੀ ਇਸੇ ਤਰੀਕੇ ਦੇ ਸੈਮੀਨਾਰ ਲਗਾ ਕੇ ਅਧਿਆਪਕ- ਵਿਦਿਆਰਥੀ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦਾ ਪ੍ਰਣ ਵੀ ਕੀਤਾ ਗਿਆ। ਇਸ ਮੌਕੇ ਕੋਆਰਡੀਨੇਟਰ ਵਿਸ਼ਾਲ ਸਿੰਘ, ਅਮਨਪ੍ਰੀਤ ਕੌਰ, ਟੇਨ ਸਿੰਘ, ਨੇਹਾ ਸਲਾਰੀਆ, ਜਸਵਿੰਦਰ ਕੌਰ, ਨਿਸ਼ਾ ਸਗੜ ਸਮੇਤ ਸਮੂਹ ਸਕੂਲੀ ਸਟਾਫ਼ ਮੈਂਬਰ ਹਾਜ਼ਰ ਸਨ।