Babushahi Special ਸ਼ਰਮਨਾਕ : ਕੇਹੀਆਂ ਖੇਡਾਂ ਨੇ ਕਰਤਾਰ ਦੀਆਂ ਜਾਂਦੀ ਵਾਰ ਜੁੜੀਆਂ ਨਾਂ ਦੋ ਲੱਕੜਾਂ ਵੀ ਸਰਕਾਰ ਦੀਆਂ
ਅਸ਼ੋਕ ਵਰਮਾ
ਮਾਨਸਾ , 4 ਜੁਲਾਈ 2026 : ਇਸ ਨੂੰ ਹਕੂਮਤਾਂ ਲਈ ਇੱਕ ਸ਼ਰਮਾਨਕ ਵਰਤਾਰਾ ਕਿਹਾ ਜਾ ਸਕਦਾ ਹੈ ਕਿ ਮਾਨਸਾ ਪ੍ਰਸ਼ਾਸ਼ਨ ਇੱਕ ਲੋੜਵੰਦ ਪ੍ਰੀਵਾਰ ਨੂੰ ਅੰਤਿਮ ਸਸਕਾਰ ਲਈ ਮੁੱਠੀ ਭਰ ਲੱਕੜਾਂ ਤੱਕ ਮੁਹੱਈਆ ਨਹੀਂ ਕਰਵਾ ਸਕਿਆ ਹੈ। ਇਹ ਤਲਖ ਹਕੀਕਤ ਨਗਰ ਕੌਂਸਲ ਮਾਨਸਾ ਦੀ ਹੈ ਜਿਸ ਕੋਲ ਲਾਵਾਰਿਸ ਲਾਸ਼ਾਂ ਦੇ ਅੰਤਿਮ ਸਸਕਾਰ ਲਈ ਤਾਂ ਬੱਜਟ ਦਾ ਪ੍ਰਬੰਧ ਹੈ ਪਰ ਕਿਸੇ ਗਰੀਬ ਜਾਂ ਜਰੂਰਤਮੰਦਾਂ ਵਾਸਤੇ ਬੋਝਾ ਠਨ ਠਨ ਗੋਪਾਲ ਹੈ। ਮਾਮਲਾ ਸ਼ਹਿਰ ਦੇ ਵਾਰਡ ਨੰਬਰ 3 ’ਚ ਆਰਥਿਕ ਤੰਗੀਆਂ ਤੁਰਸ਼ੀਆਂ ਨਾਲ ਜੂਝਦੀ ਮਹਿਲਾ ਸੰਦੀਪ ਕੌਰ ਵੱਲੋਂ ਆਪਣੀ 13 ਸਾਲ ਦੀ ਲੜਕੀ ਖੁਸ਼ਪ੍ਰੀਤ ਕੌਰ , 8 ਸਾਲਾ ਧੀਅ ਸੁਮਨਪ੍ਰੀਤ ਕੌਰ ਅਤੇ ਡੇਢ ਸਾਲਾ ਪੁੱਤਰ ਵਿਸ਼ਵਾਸ਼ ਦੀ ਹੱਤਿਆ ਤੋਂ ਬਾਅਦ ਖੁਦਕਸ਼ੀ ਕਰਨ ਨਾਲ ਜੁੜਿਆ ਹੈ। ਅੱਖਾਂ ਅਤੇ ਕੰਨ ਹੋਣ ਦੇ ਬਾਵਜੂਦ ਇਸ ਮਾਮਲੇ ਨਾਲ ਜੁੜੀ ਅੰਨ੍ਹੇ ਬੋਲੇ ਮਾਨਸਾ ਪ੍ਰਸ਼ਾਸ਼ਨ ਦੀ ਇਹ ਕੌੜੀ ਸਚਾਈ ਵਾਲੀ ਧੁੰਦਲੀ ਤਸਵੀਰ ਸਾਹਮਣੇ ਆਈ ਹੈ।
ਕਿੰਨਾਂ ਦੁਖਦਾਈ ਹੈ ਕਿ ਆਰਥਿਕ ਤੰਗੀਆਂ ਤੁਰਸ਼ੀਆਂ ਕਾਰਨ ਸਿਰੇ ਦੇ ਮੰਦਭਾਗੇ ਢੰਗ ਨਾਲ ਆਪਣੇ ਬੱਚਿਆਂ ਸਮੇਤ ਜਹਾਨੋਂ ਕੂਚ ਕਰਨ ਵਾਲੀ ਸੰਦੀਪ ਕੌਰ ਦੇ ਪ੍ਰੀਵਾਰ ਨੂੰ ਜਿਉਂਦੇ ਜੀਅ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੋਈ ਅਤੇ ਮਰਨ ਤੋਂ ਬਾਅਦ ਉਸ ਦੇ ਪ੍ਰੀਵਾਰਕ ਮੈਂਬਰਾਂ ਨੂੰ ਆਖਰੀ ਕੱਪੜਾ ‘ਕਫਨ’ ਅਤੇ ਅੰਤਿਮ ਸਸਕਾਰ ਲਈ ਲੱਕੜਾਂ ਵਾਸਤੇ ਵੀ ਸਮਾਜ ਦੇ ਅੱਗੇ ਹੱਥ ਅੱਡਣੇ ਪਏ ਹਨ। ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਇਸ ਪ੍ਰੀਵਾਰ ਲਈ ਤਾਂ ਪਿਛਲੀ ਕੈਪਟਨ ਸਰਕਾਰ ਵੱਲੋਂ 2017 ’ਚ ਸ਼ੁਰੂ ਕੀਤੀ ‘ ਕਫ਼ਨ ਸਕੀਮ ’ ਵੀ ਕਿਸੇ ਕੰਮ ਨਹੀਂ ਆਈ ਹੈ । ਇਸ ਸਕੀਮ ’ਚ ਕਿਹਾ ਗਿਆ ਸੀ ਕਿ ਗਰੀਬ ਲੋਕਾਂ ਨੂੰ ਮ੍ਰਿਤਕ ਦੇਹ ਢਕਣ ਵਾਸਤੇ ‘ਮੁਫ਼ਤ ਕਫ਼ਨ’ ਦਿੱਤਾ ਜਾਵੇਗਾ ਅਤੇ ਟਰਾਂਸਪੋਰਟ ਲਈ 500 ਰੁਪਏ ਆਰਥਿਕ ਸਹਾਇਤਾ ਦਿੱਤੀ ਜਾਏਗੀ। ਐਨੇ ਸਾਲ ਬਾਅਦ ਇਸ ਯੋਜਨਾ ਦਾ ਕੀ ਬਣਿਆ ਕੋਈ ਕੁੱਝ ਬੋਲਣ ਜਾਂ ਦੱਸਣ ਨੂੰ ਵੀ ਤਿਆਰ ਨਹੀਂ ਹੈ।

ਦੱਸਣਯੋਗ ਹੈ ਕਿ ਮਾਨਸਾ ’ਚ ਇਹ ਘਟਨਾ ਵਾਪਰਨ ਮਗਰੋਂ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਕਬਜੇ ’ਚ ਲੈਕੇ ਮੋਸਟਮਾਰਟਮ ਲਈ ਸਿਵਲ ਹਸਪਤਾਲ ਮਾਨਸਾ ਦੀ ਮੌਰਚਰੀ ’ਚ ਰਖਵਾ ਦਿੱਤੀਆਂ ਸਨ। ਇਸ ਮਾਮਲੇ ’ਚ ਬਣਦੀ ਕਾਨੂੰਨੀ ਕਾਰਵਾਈ ਪਿੱਛੋਂ ਸ਼ੁੱਕਰਵਾਰ ਨੂੰ ਮ੍ਰਿਤਕਾਂ ਦੀ ਲਾਸ਼ਾਂ ਪ੍ਰੀਵਾਰ ਨੂੰ ਅੰਤਿਮ ਸਸਕਾਰ ਲਈ ਸੌਂਪੀਆਂ ਗਈਆਂ ਸਨ । ਇਸ ਮੌਕੇ ਲੁੜੀਂਦੇ ਪੈਸੇ ਨਾਂ ਹੋਣ ਕਾਰਨ ਪੀੜਤ ਪ੍ਰੀਵਾਰ ਆਖਰੀ ਰਸਮਾਂ ਨਿਭਾਉਣ ਤੋਂ ਅਸਮਰੱਥ ਸੀ। ਪ੍ਰਸਥਿਤੀਆਂ ਨੂੰ ਦੇਖਦਿਆਂ ਵਾਰਡ ਵਾਸੀਆਂ ਨੇ ਨਗਰ ਕੌਂਸਲ ਕੋਲ ਸਹਾਇਤਾ ਦੀ ਗੁਹਾਰ ਲਾਈ ਪਰ ਅਧਿਕਾਰੀਆਂ ਨੇ ਨਿਯਮਾਂ ਦਾ ਹਵਾਲਾ ਦਿੰਦਿਆਂ ਹੱਥ ਖੜ੍ਹੇ ਕਰ ਦਿੱਤੇ। ਅਫਸਰਾਂ ਦੀ ਦਲੀਲ ਸੀ ਕਿ ਲਾਵਾਰਿਸ ਲਾਸ਼ਾਂ ਲਈ ਤਾਂ ਫੰਡ ਉਪਲਬਧ ਹਨ ਪਰ ਅਜਿਹੇ ਮਾਮਲਿਆਂ ਵਾਸਤੇ ਕੁੱਝ ਨਹੀਂ। ਇਸ ਮੌਕੇ ਅੱਗੇ ਆਈਆਂ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਨੇ ਅੰਤਿਮ ਸਸਕਾਰ ਵਜੋਂ ਡੇਢ ਸਾਲ ਦੇ ਬੱਚੇ ਨੂੰ ਸਪੁਰਦੇ ਖਾਕ ਕਰ ਦਿੱਤਾ ਜਦੋਂਕਿ ਬਾਕੀ ਤਿੰਨਾਂ ਲਈ ਦੋ ਸਿਵੇ ਬਾਲੇ ਗੲ
ਗਮਗੀਨ ਮਹੌਲ ’ਚ ਸਸਕਾਰ
ਗਮਗੀਨ ਮਹੌਲ ‘ਚ ਕੀਤੇ ਅੰਤਿਮ ਸਸਕਾਰ ਮੌਕੇ ਲੋਕਾਂ ਨੇ ਸਰਕਾਰ ਦੇ ਨਿਯਮਾਂ ਪ੍ਰਤੀ ਚਿੰਤਾ ਜਤਾਉਂਦਿਆਂ ਇਸ ਨੂੰ ਸਰਕਾਰੀ ਤੰਤਰ ਦਾ ਅਣਮਨੁੱਖੀ ਵਤੀਰਾ ਕਰਾਰ ਦਿੱਤਾ। ਸਮਾਜਸੇਵੀ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਅਤੇ ਸੀਪੀਆਈ ਆਗੂ ਕ੍ਰਿਸ਼ਨ ਚੌਹਾਨ ਦਾ ਕਹਿਣਾ ਸੀ ਕਿ ਸਰਕਾਰ ਨੂੰ ਆਰਥਿਕ ਤੌਰ ’ਤੇ ਕੰਮਜੋਰ ਪ੍ਰੀਵਾਰਾਂ ਲਈ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਵਕਤ ਰਹਿੰਦਿਆਂ ਜਰੂਰਤਮੰਦ ਪ੍ਰੀਵਾਰ ਨੂੰ ਸਹਾਇਤਾ ਮਿਲ ਜਾਂਦੀ ਤਾਂ ਸ਼ਾਇਦ ਹਾਲਾਤ ਵੱਖਰੇ ਹੋ ਸਕਦੇ ਸਨ।
ਲਾਵਾਰਿਸ ਲਾਸ਼ਾਂ ਲਈ ਫੰਡ
ਨਗਰ ਕੌਂਸਲ ਮਾਨਸਾ ਦੇ ਈ.ਓ ਕੁਲਦੀਪ ਸਿੰਘ ਦਾ ਕਹਿਣਾ ਸੀ ਕਿ ਸਰਕਾਰੀ ਨਿਯਮਾਂ ਮੁਤਾਬਕ ਸਿਰਫ ਲਾਵਾਰਿਸ ਲਾਸ਼ਾਂ ਦੇ ਅੰਤਿਮ ਸਸਕਾਰ ਲਈ ਸਹਾਇਤਾ ਦੇਣ ਦੇ ਪ੍ਰਬੰਧ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਸਬੰਧੀ ਕੋਈ ਨਿਯਮ ਨਾਂ ਹੋਣ ਕਾਰਨ ਨਗਰ ਕੌਂਸਲ ਵੱਲੋਂ ਕੋਈ ਮੱਦਦ ਨਹੀਂ ਦਿੱਤੀ ਜਾ ਸਕਦੀ ਹੈ।
ਫਿਕਰਮੰਦ ਰਹਿੰਦੀ ਸੀ ਸੰਦੀਪ
ਮ੍ਰਿਤਕਾ ਸੰਦੀਪ ਕੌਰ ਦੀ ਮਾਂ ਛਿੰਦਰ ਕੌਰ ਦਾ ਕਹਿਣਾ ਸੀ ਕਿ ਪਤੀ ਦੀ ਮੌਤ ਤੋਂ ਬਾਅਦ ਉਸ ਦੀ ਧੀਅ ਨੂੰ ਆਪਣੀਆਂ ਦੋਵਾਂ ਧੀਆਂ ਦੇ ਵਿਆਹ ਲਈ ਪੈਸਿਆਂ ਦੀ ਚਿੰਤਾ ਸਤਾਉਂਦੀ ਰਹਿੰਦੀ ਸੀ। ੳਸ ਨੇ ਕਿਹਾ ਕਿ ਕਈ ਵਾਰ ਤਾਂ ਘਰ ’ਚ ਜਰੂਰੀ ਰਾਸ਼ਨ ਖਰੀਦਣ ਤੱਕ ਲਈ ਪੈਸੇ ਨਹੀਂ ਹੁੰਦੇ ਸਨ ਫਿਰ ਵੀ ਉਹ ਜਿੰਦਗੀ ਨਾਲ ਲੜਦੀ ਆ ਰਹੀ ਸੀ। ਛਿੰਦਰ ਕੌਰ ਨੇ ਕਿਹਾ ਕਿ ਅੰਤ ਨੂੰ ਜਦੋਂ ਕੋਈ ਵਾਹ ਨਾਂ ਚੱਲੀ ਤਾਂ ਮਾਨਸਿਕ ਅਤੇ ਆਰਥਿਕ ਦਬਾਅ ਕਾਰਨ ਸੰਦੀਪ ਨੇ ਐਨਾ ਵੱਡਾ ਤੇ ਖਤਰਨਾਕ ਕਦਮ ਚੁੱਕ ਲਿਆ।
ਗਲ ਘੁੱਟਕੇ ਕਤਲ : ਐਸਐਮਓ
ਸਿਵਲ ਹਸਪਤਾਲ ਮਾਨਸਾ ਦੇ ਐਸਐਮਓ ਗੁਰਮੇਲ ਸਿੰਘ ਦਾ ਕਹਿਣਾ ਸੀ ਕਿ ਸੰਦੀਪ ਕੌਰ ਨੇ ਆਪਣੇ ਤਿੰਨ ਬੱਚਿਆਂ ਦਾ ਕਤਲ ਘਲ ਘੁੱਟਕੇ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਦੀ ਜਾਂਚ ਦੌਰਾਨ ਕੋਈ ਜਹਿਰੀਲੀ ਚੀਜ਼ ਖਾਣ ਦੀ ਪੁਸ਼ਟੀ ਨਹੀਂ ਹੋਈ ਹੈ।
ਪੋਸਟਮਾਰਟਮ ਰਿਪੋਰਟ ਪਿੱਛੋਂ ਕਾਰਵਾਈ
ਥਾਣਾ ਸਿਟੀ-2 ਮਾਨਸਾ ਦੇ ਮੁੱਖ ਥਾਣਾ ਅਫਸਰ ਕੁਲਵੰਤ ਸਿੰਘ ਦਾ ਕਹਿਣਾ ਸੀ ਕਿ ਮ੍ਰਿਤਕਾ ਸੰਦੀਪ ਕੌਰ ਦੀ ਮਾਂ ਦੇ ਬਿਆਂਨਾ ਮੁਤਾਬਕ ਬੀਐਨਐਸ ਦੀ ਧਾਰਾ 194 ਤਹਿਤ ਰਿਪੋਰਟ ਦਰਜ ਕਰਨ ਪਿੱਛੋਂ ਲਾਸ਼ਾਂ ਪ੍ਰੀਵਾਰ ਨੂੰ ਸੌਂਪੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਉਡੀਕੀ ਜਾ ਰਹੀ ਹੈ ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਏਗੀ।
- Download Babushahi App
-
-