ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ 8 ਨਵੰਬਰ ਨੂੰ ਰੋਸ ਮਾਰਚ ਕਰਕੇ ਸਰਕਾਰ ਨੂੰ ਘੇਰਨ ਦਾ ਫੈਸਲਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 06 ਨਵੰਬਰ 2025
ਪੁਰਾਣੀ ਪੈਨਸ਼ਨ ਦਾ ਤਿੰਨ ਸਾਲ ਪਹਿਲਾਂ “ਕਾਗਜ਼ੀ ਨੋਟੀਫਿਕੇਸ਼ਨ” ਜਾਰੀ ਕਰਕੇ ਲਾਗੂ ਕਰਨ ਤੋਂ ਪਿੱਛੇ ਹਟੀ ਸਰਕਾਰ ਖਿਲਾਫ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਵੱਲੋਂ ਸੰਘਰਸ਼ੀ ਮੋਰਚਾ ਖੋਲਣ ਦਾ ਐਲਾਨ ਕੀਤਾ ਗਿਆ ਹੈ। ਜਿਸ ਤਹਿਤ ਪੁਰਾਣੀ ਪੈਂਨਸ਼ਨ ਪ੍ਰਾਪਤੀ ਫਰੰਟ ਨਵਾ ਸ਼ਹਿਰ ਵੱਲੋਂ ਜ਼ਿਲਾ ਪੱਧਰੀ ਕਨਵੈਨਸ਼ਨ ਕਰਕੇ ਪੰਜਾਬ ਸਰਕਾਰ ਖਿਲਾਫ ਸ਼ਹਿਰ ਵਿੱਚ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਫਰੰਟ ਦੀ ਜਿਲ੍ਹਾ ਕਮੇਟੀ ਦੀ ਅਤੇ ਡੀ ਟੀ ਐਫ ਦੀ ਸਾਂਝੀ ਮੀਟਿੰਗ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜਿਲ੍ਹਾ ਕਨਵੀਨਰ ਰਣਵੀਰ ਸਿੰਘ ਅਤੇ ਜ਼ਿਲਾ ਪ੍ਰਧਾਨ ਡੈਮੋਕਰੇਟਿਕ ਟੀਚਰਸ ਫਰੰਟ ਜਸਵਿੰਦਰ ਔਜਲਾ ਨੇ ਦੱਸਿਆ ਕਿ ਨਵਾਂਸ਼ਹਿਰ ਵਿਖੇ 8 ਨਵੰਬਰ ਨੂੰ ਪੈਨਸ਼ਨ ਉਪਰ ਜ਼ਿਲਾ ਪੂੱਧਰੀ ਕਨਵੈਨਸ਼ਨ ਜੇ ਐਸ ਐਫ ਐਚ ਖਾਲਸਾ ਸਕੂਲ ਨਵਾਂਸ਼ਹਿਰ ਵਿਖੇ ਕਰਨ ਉਪਰੰਤ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਦਰਜ ਕਰਾਇਆ ਜਾਵੇਗਾ।ਉਹਨਾ ਦੱਸਿਆ ਕਿ ਪੰਜਾਬ ਦੇ ਲੋਕਾਂ ਨੇ ਆਪਣੀਆਂ ਵਾਜਬ ਮੰਗਾਂ ਦੇ ਹੱਲ ਲਈ ਵੱਡੀਆਂ ਉਮੀਦਾਂ ਨਾਲ਼ ਆਪ ਸਰਕਾਰ ਨੂੰ ਸੂਬੇ ਦੀ ਵਾਗਡੋਰ ਸੌਂਪੀ ਸੀ। ਸੂਬੇ ਦੇ ਹੱਕਾਂ ਦੀ ਰਾਖੀ ਕਰਨ ਵਿੱਚ ਨਕਾਮ ਰਹੀ ਭਗਵੰਤ ਸਰਕਾਰ ਖਿਲਾਫ ਪੁਰਾਣੀ ਪੈਨਸ਼ਨ ਦੇ ਮਾਮਲੇ ਨੂੰ ਲੈ ਕੇ ਸੂਬੇ ਦੇ ਮੁਲਾਜ਼ਮਾਂ ਵਿੱਚ ਤਿੱਖੀ ਨਰਾਜ਼ਗੀ ਹੈ। ਜ਼ਿਕਰਯੋਗ ਹੈ ਕਿ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਕੀਤੇ ਜਾਣ ਦੇ ਬਾਵਜੂਦ ਤਿੰਨ ਸਾਲ ਬੀਤਣ ਮਗਰੋਂ ਵੀ ਇੱਕ ਵੀ ਐੱਨ.ਪੀ.ਐੱਸ ਮੁਲਾਜ਼ਮ ਨੂੰ ਪੁਰਾਣੀ ਪੈਨਸ਼ਨ ਦਾ ਲਾਭ ਨਹੀਂ ਮਿਲਿਆ ਹੈ। ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਐਲਾਨ ਕੇਵਲ ਅਖ਼ਬਾਰੀ ਇਸ਼ਤਿਹਾਰਾਂ ਅਤੇ ਬਿਆਨਾਂ ਤੱਕ ਹੀ ਸੀਮਤ ਹੈ। ਇਸ ਤੋਂ ਵੀ ਅੱਗੇ ਵੱਧਦਿਆਂ ਹੁਣ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਮੁਲਾਜ਼ਮ ਮਾਮਲਿਆਂ ਨੂੰ ਲੈ ਕੇ ਗਠਿਤ ਕੈਬਨਿਟ ਸਬ ਕਮੇਟੀ ਸੂਬੇ ਦੀ ਮਾੜੀ ਵਿੱਤੀ ਹਾਲਤ ਨੂੰ ਬਹਾਨਾ ਬਣਾ ਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਬਜਾਏ ਕੇਂਦਰੀ ਯੂ ਪੀ ਐੱਸ ਸਕੀਮ ਨੂੰ ਥੋਪਣ ਦੀ ਤਿਆਰੀ ਵਿੱਚ ਹਨ। ਜਿਸਨੂੰ ਐੱਨ ਪੀ ਐੱਸ ਮੁਲਾਜ਼ਮਾਂ ਨੇ ਧੁਰੋਂ ਨਕਾਰ ਦਿੱਤਾ ਹੈ। ਉਹਨਾਂ ਕੇਂਦਰੀ ਹਕੂਮਤ ਦੀ ਪੁਰਾਣੀ ਪੈਨਸ਼ਨ ਵੱਲ ਵੱਧਣ ਵਾਲੇ ਸੂਬਿਆਂ ਦੀ ਆਰਥਿਕ ਘੇਰਾਬੰਦੀ ਕਰਕੇ ਸੂਬਾ ਸਰਕਾਰਾਂ ਨੂੰ ਪੁਰਾਣੀ ਪੈਨਸ਼ਨ ਤੋਂ ਪਿੱਛੇ ਹੱਟਣ ਲਈ ਮਜਬੂਰ ਕਰਨ ਦੀ ਬਾਂਹ ਮਰੋੜਨ ਵਾਲੀ ਨੀਤੀ ਦੀ ਵੀ ਸਖਤ ਨਿਖੇਧੀ ਕੀਤੀ ਹੈ।
ਜਿਲ੍ਹਾ ਮੀਤ ਪ੍ਰਧਾਨ ਅਜੇ ਚਾਹੜ ਮਜਾਰਾ ਅਤੇ ਸਕੱਤਰ ਮਨੋਹਰ ਲਾਲ ਸਿੰਘ ਨੇ ਦੱਸਿਆ ਕਿ ਐਨ ਪੀ ਐਸ, ਯੂ ਪੀ ਐਸ ਅਤੇ ਓ ਪੀ ਐਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਣ ਲਈ ਬਲਵੀਰ ਕੁਮਾਰ ਜੀ ਕਨਵੈਂਸ਼ਨ ਨੂੰ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਨਗੇ। ਇਸ ਲਈ ਸਮੂਹ ਐਨ ਪੀ ਐਸ ਦੇ ਘੇਰੇ ਵਿੱਚ ਆਉਣ ਵਾਲੇ ਸਾਰੇ ਮੁਲਾਜਮਾ ਅਤੇ ਅਧਿਆਪਕਾਂ ਨੂੰ ਕਨਵੈਨਸ਼ਨ ਦਾ ਹਿੱਸਾ ਬਣਨ ਲਈ ਅਪੀਲ ਹੈ। ਉਹਨਾ ਦੱਸਿਆ ਕਿ ਫਰੰਟ ਵਲੋਂ ਐੱਨ.ਪੀ.ਐੱਸ ਮੁਲਾਜਮਾਂ ਨੂੰ ਤਿੱਖੇ ਸੰਘਰਸ਼ ਲਈ ਲਾਮਬੰਦ ਕੀਤਾ ਜਾਵੇਗਾ ਅਤੇ ਉਪਰੰਤ ਰੋਸ ਮਾਰਚ ਕਰਕੇ ਸਰਕਾਰ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਜਿਲਾ ਪੱਧਰੀ ਮੁਜ਼ਾਹਰਿਆਂ ਤੋਂ ਬਾਅਦ ਹਮਖਿਆਲੀ ਧਿਰਾਂ ਨੂੰ ਨਾਲ ਲੈ ਕੇ ਸਰਕਾਰ ਖਿਲਾਫ ਸੂਬਾ ਪੱਧਰੀ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਐੱਨਐੱਮਓਪੀਐੱਸ (NMOPS) ਦੀ 25 ਨਵੰਬਰ ਨੂੰ ਦਿੱਲੀ ਵਿੱਚ ਕੀਤੀ ਜਾਣ ਵਾਲੀ ਦੇਸ਼ ਪੱਧਰੀ ਰੈਲੀ ਦਾ ਸਮਰਥਨ ਕਰਦਿਆਂ ਰੈਲੀ ਵਿੱਚ ਸ਼ਮੂਲੀਅਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ।
ਜਿਲ੍ਹਾ ਕਮੇਟੀ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸਤਨਾਮ ਮੀਰਪੁਰ, ਯਸ਼ਪਾਲ ਸ਼ਰਮਾ,ਜਗਦੀਪ ਸੈਂਪਲੇ,ਭੁਪਿੰਦਰ ਸੜੋਆ, ਚੰਦਰਸ਼ੇਖਰ ਅਤੇ ਗੁਰਪ੍ਰੀਤ ਸਾਧਪੁਰ, ਭੁਪਿੰਦਰ ਵੜੈਚ,ਬਲਵੀਰ ਕੁਮਾਰ ਅਤੇ ਕੁਲਦੀਪ ਜੇਠੂਮਜਾਰਾ ਹਾਜ਼ਰ ਰਹੇ।