Punjab Breaking: ਅਗਵਾ ਹੋਏ ਪੱਤਰਕਾਰ ਨੂੰ 12 ਘੰਟਿਆਂ 'ਚ ਸਹੀ ਸਲਾਮਤ ਛੁਡਵਾ ਕੇ ਮੋਹਾਲੀ ਪੁਲਿਸ ਵੱਲੋਂ ਦੋਸ਼ੀ ਗ੍ਰਿਫ਼ਤਾਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 6 ਨਵੰਬਰ 2025- ਸੀਨੀਅਰ ਕਪਤਾਨ ਪੁਲਿਸ ਜਿਲਾ ਐਸ.ਏ.ਐਸ. ਨਗਰ, ਹਰਮਨਦੀਪ ਸਿੰਘ ਹਾਂਸ, ਆਈ ਪੀ ਐਸ ਨੇ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਗੌਰਵ ਯਾਦਵ ਆਈ.ਪੀ.ਐਸ., ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ ਅਤੇ ਨਾਨਕ ਸਿੰਘ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ, ਰੋਪੜ ਰੋਜ, ਰੋਪੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਹਾਲੀ ਪੁਲਿਸ ਵੱਲੋਂ ਮਿਤੀ 04-11-2025 ਨੂੰ ਸਮਾਂ ਕਰੀਬ ਸ਼ਾਮ 07:00 ਦੌਰਾਨ 03 ਨਾ-ਮਾਲੂਮ ਦੋਸ਼ੀ, ਜੋ ਕਿ ਨਿਹੰਗ ਬਾਣੇ ਵਿੱਚ ਸਨ, ਵੱਲੋਂ ਗੁਰਪਿਆਰ ਸਿੰਘ, ਪੱਤਰਕਾਰ, ਹਮਦਰਦ ਚੈਨਲ ਨੂੰ ਉਸਦੇ ਦਫਤਰ ਨਵਾਂ ਗਾਉਂ ਤੋਂ ਅਗਵਾ ਕਰਨ ਦੀ ਘਟਨਾ ਵਾਪਰਨ ਦੇ 12 ਘੰਟੇ ਦੇ ਅੰਦਰ-ਅੰਦਰ ਸਹੀ ਸਲਾਮਤ ਬਰਾਮਦ ਕਰ 01 ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਅੱਜ ਇੱਥੇ ਮੀਡੀਆ ਨੂੰ ਇਸ ਸਬੰਧੀ ਜਾਣਕਾਰੀ ਦਿੰਦੇ ਇਨ੍ਹਾਂ। ਅੱਗੇ ਦੱਸਿਆ ਕਿ ਅਗਵਾ ਦੀ ਜਾਣਕਾਰੀ ਮਿਲਦੇ ਹੀ ਤੇ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਪੁਲਿਸ ਟੀਮਾਂ ਦਾ ਗਠਨ ਕਰਕੇ ਮੁਕੱਦਮਾ ਨੂੰ ਟ੍ਰੇਸ ਕਰਦੇ ਹੋਏ, ਦੋਸ਼ੀਆਂ ਦੇ ਕਬਜ਼ੇ ਵਿੱਚੋਂ ਅਗਵਾ ਕੀਤੇ ਗੁਰਪਿਆਰ ਸਿੰਘ ਨੂੰ ਸੁਰੱਖਿਅਤ ਸਹੀ ਸਲਾਮਤ ਛੁਡਵਾਕੇ, 01 ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਐਸ ਐਸ ਪੀ ਨੇ ਜਾਣਕਾਰੀ ਦਿੰਦੇ ਅੱਗੇ ਦੱਸਿਆ ਕਿ ਮਿਤੀ 04-11-2025 ਨੂੰ ਮਨਪ੍ਰੀਤ ਕੌਰ ਪੁੱਤਰੀ ਗੁਰਸੇਵਕ ਸਿੰਘ ਵਾਸੀ ਮਕਰੌੜ ਸਾਹਿਬ, ਥਾਣਾ ਮੂਨਕ, ਜ਼ਿਲ੍ਹਾ ਸੰਗਰੂਰ ਦੇ ਬਿਆਨਾਂ ਦੇ ਅਧਾਰ 'ਤੇ 03 ਨਾ-ਮਾਲੂਮ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 122 ਮਿਤੀ 04-11-2025 ਅ/ਧ 140(3) ਭਾਰਤੀ ਨਿਆਇ ਸੰਘਤਾ ਤਹਿਤ ਥਾਣਾ ਨਵਾਂ ਗਾਉਂ ਦਰਜ ਹੋਇਆ ਕਿ ਉਸਦਾ ਭਰਾ ਗੁਰਪਿਆਰ ਸਿੰਘ, ਹਮਦਰਦ ਮੀਡੀਆ ਟੀ.ਵੀ. ਨਿਊਜ਼ ਚੈਨਲ, ਕੋਠੀ ਨੰ: 34ਡੀ, ਸ਼ਿਵਾਲਿਕ ਵਿਹਾਰ ਵਿਖੇ ਬਤੌਰ ਨਿਊਜ਼ ਐਂਕਰ ਤੇ ਪ੍ਰੋਡਿਊਸਰ ਵਜੋਂ ਕੰਮ ਕਰਦਾ ਹੈ। ਅਰਸਾ ਕਰੀਬ 02 ਸਾਲ ਪਹਿਲਾਂ ਉਨ੍ਹਾਂ ਨੇ 28 ਕਨਾਲ 5 ਮਰਲੇ ਜ਼ਮੀਨ ਰਵੀ ਸਰੂਪ ਦੇ ਕਹਿਣ 'ਤੇ ਪਿੰਡ ਧਮਧਾਨ ਸਾਹਿਬ ਤੋਂ ਖਰੀਦ ਕੀਤੀ ਸੀ। ਜਿਸਦਾ ਅਸੀਂ 12 ਲੱਖ ਰੁਪਿਆ ਬਕਾਇਆ ਦੇਣਾ ਸੀ, ਜੋ ਰਵੀ ਸਰੂਪ ਦੇ ਕਹਿਣ ਤੇ ਉਕਤ ਰਾਸ਼ੀ ਦੇਵਰਾਜ, ਮਦਨ ਸਿੰਘ ਅਤੇ ਭੋਲਾ ਸਿੰਘ ਡੀਲਰਾਂ ਨੂੰ ਅਦਾ ਕਰ ਦਿੱਤੇ ਸੀ, ਪਰ ਉਕਤ ਡੀਲਰ ਇਹ ਰਾਸ਼ੀ ਰਵੀ ਸਰੂਪ ਨੂੰ ਦੇਣ ਤੋਂ ਮੁਕਰ ਗਏ ਸਨ। ਜਿਸ ਸਬੰਧੀ ਅਸੀਂ ਇੱਕ ਦਰਖਾਸਤ ਥਾਣਾ ਮੂਨਕ ਵਿਖੇ ਦਰਜ ਕਰਵਾ ਦਿੱਤੀ ਸੀ। ਫਿਰ ਵੀ ਸਾਨੂੰ ਪੈਸੇ ਮਿਲਣ ਦੀ ਉਮੀਦ ਨਾ ਹੋਣ ਕਰਕੇ, ਮੇਰੀ ਮਾਤਾ ਜਸਵੀਰ ਕੌਰ ਦੇ ਕਹਿਣ ਤੇ ਅਸੀਂ ਹਰਦੀਪ ਸਿੰਘ ਅਕਾਲੀ, ਜੱਸਾ ਸਿੰਘ ਅਤੇ ਇੱਕ ਹੋਰ ਨਾ-ਮਾਲੂਮ ਵਿਅਕਤੀ ਦੀ ਮਦਦ ਲਈ ਸੀ। ਜਿਨਾਂ ਨੇ ਸਾਡੇ ਪਿੰਡ ਆ ਕੇ ਉਕਤ ਡੀਲਰਾਂ ਨਾਲ ਰਾਜੀਨਾਮਾ ਕਰਵਾ ਦਿੱਤਾ ਸੀ। ਉਕਤ ਨਿਹੰਗ ਸਾਡੇ ਤੋਂ ਉਕਤ ਰਾਜੀਨਾਮੇ ਦੇ ਇਵਜ਼ ਵਜੋਂ ਪੈਸਿਆਂ ਦੀ ਮੰਗ ਕਰਨ ਲੱਗ ਪਏ। ਮਿਤੀ 04-11-2025 ਨੂੰ ਉਹ ਆਪਣੇ ਭਰਾ ਕੋਲ ਆਏ ਸੀ ਤਾਂ ਸਮਾਂ ਕਰੀਬ ਸ਼ਾਮ 05:10 ਦਾ ਹੋਵੇਗਾ ਕਿ ਉਸਦੇ ਭਰਾ ਗੁਰਪਿਆਰ ਸਿੰਘ ਨੂੰ ਉਸਦੇ ਦਫਤਰ ਤੋਂ ਬਾਹਰ ਬੁਲਾਕੇ 03 ਨਾ-ਮਾਲੂਮ ਵਿਅਕਤੀ, ਜੋ ਕਿ ਨਿਹੰਗ ਬਾਣੇ ਵਿੱਚ ਸਨ, ਉਸ ਨੂੰ ਜਬਰਦਸਤੀ ਕਾਰ ਮਾਰਕਾ ਰਿਟਜ਼ ਵਿੱਚ ਅਗਵਾ ਕਰਕੇ ਲੈ ਗਏ।
ਸੰਗੀਨ ਅਪਰਾਧ ਹੋਣ ਕਰਕੇ ਉਕਤ ਮੁਕੱਦਮਾ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਅਗਵਾ ਕੀਤੇ ਗੁਰਪਿਆਰ ਸਿੰਘ ਨੂੰ ਰਿਹਾਅ ਕਰਾਉਣ ਲਈ ਸ੍ਰੀ ਗੌਰਵ ਯਾਦਵ ਆਈ.ਪੀ.ਐਸ. ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਸ੍ਰੀ ਦਿਲਪ੍ਰੀਤ ਸਿੰਘ, ਆਈ.ਪੀ.ਐਸ. ਕਪਤਾਨ ਪੁਲਿਸ, ਮੋਹਾਲੀ, ਸ੍ਰੀ ਸਰਵ ਜਿੰਦਲ ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਸ੍ਰੀ ਪ੍ਰਿਥਵੀ ਸਿੰਘ ਚਾਹਲ ਪੀ.ਪੀ.ਐਸ.,ਉੱਪ ਕਪਤਾਨ ਪੁਲਿਸ ਸਿਟੀ-1 ਮੋਹਾਲੀ ਅਤੇ ਸ੍ਰੀ ਰਾਜਨ ਪਰਮਿੰਦਰ ਪੀ.ਪੀ.ਐਸ. ਉੱਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਅਤੇ ਇੰਸਪੈਕਟਰ ਸਤਨਾਮ ਸਿੰਘ ਮੁੱਖ ਅਫਸਰ ਥਾਣਾ ਨਵਾਂ ਗਾਉਂ ਦੀਆਂ ਟੀਮਾਂ ਬਣਾਈਆਂ ਗਈਆਂ ਸ, ਜੋ ਇਨ੍ਹਾਂ ਟੀਮਾਂ ਨੇ ਏ ਜੀ ਟੀ ਐਫ਼, ਫ਼ਰੀਦਕੋਟ, ਬਠਿੰਡਾ ਅਤੇ ਚੰਡੀਗੜ੍ਹ ਪੁਲਿਸ ਦੇ ਸਹਿਯੋਗ ਨਾਲ, ਟੈਕਨੀਕਲ ਅਤੇ ਮਾਨਵੀ ਸਰੋਤਾਂ ਦੀ ਮਦਦ ਨਾਲ ਤਲਾਸ਼ ਕਰਕੇ, ਅਗਵਾ ਕੀਤੇ ਗੁਰਪਿਆਰ ਸਿੰਘ ਨੂੰ 12 ਘੰਟੇ ਦੇ ਅੰਦਰ-ਅੰਦਰ ਸਹੀ ਸਲਾਮਤ ਦੋਸ਼ੀਆਂ ਪਾਸੋਂ ਛੁਡਵਾਕੇ 01 ਦੇਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੂਸਰੇ ਦੋਸ਼ੀਆਂ 'ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਨਾਮ ਪਤਾ ਦੋਸ਼ੀਆਂ:-
1. ਬਲਕਰਨ ਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਰੇਖੇ ਕਲਾਂ, ਤਹਿਸੀਲ ਤੇ ਜ਼ਿਲ੍ਹਾ ਬਠਿੰਡਾ ਜਿਸਦੀ ਉਮਰ ਕਰੀਬ 45 ਸਾਲ ਹੈ, ਜੋ 10 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਨੂੰ ਕੋਟਕਪੂਰਾ ਤੋਂ ਗ੍ਰਿਫਤਾਰ ਕੀਤਾ ਗਿਆ।
2. ਹਰਦੀਪ ਸਿੰਘ (ਗ੍ਰਿਫਤਾਰੀ ਬਾਕੀ ਹੈ)
3. ਜਸਕਰਨ ਸਿੰਘ (ਗ੍ਰਿਫਤਾਰੀ ਬਾਕੀ ਹੈ)
ਗ੍ਰਿਫਤਾਰ ਦੋਸ਼ੀ ਦੀ ਪੱਛਗਿੱਛ ਦਾ ਵੇਰਵਾ:- ਦੋਸ਼ੀ ਦੀ ਪੁੱਛਗਿੱਛ 'ਤੇ ਖੁਲਾਸਾ ਹੋਇਆ ਕਿ ਦੋਸ਼ੀਆਂ ਨੇ ਗੁਰਪਿਆਰ ਸਿੰਘ ਦਾ ਜੋ ਪ੍ਰਾਪਰਟੀ ਡੀਲਰਾਂ ਨਾਲ਼ ਪ੍ਰਾਪਰਟੀ ਸਬੰਧੀ ਪੈਸਿਆਂ ਦਾ ਝਗੜਾ ਸੀ, ਉਸਦੇ ਬਦਲੇ ਦੋਸ਼ੀ ਉਸਦਾ ਰਾਜੀਨਾਮਾ ਕਰਵਾਉਣ ਦੇ ਪੈਸੇ ਮੰਗਦੇ ਸਨ, ਪਰ ਦੋਸ਼ੀਆਂ ਵੱਲੋਂ ਕਰਵਾਏ ਰਾਜੀਨਾਮੇ ਦੇ ਚੈੱਕ ਕਲੀਅਰ ਨਾ ਹੋਣ ਕਰਕੇ ਗੁਰਪਿਆਰ ਅਤੇ ਉਸਦੇ ਪਰਿਵਾਰ ਵੱਲੋਂ ਦੋਸ਼ੀਆਂ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ ਸੀ। ਜਿਸ ਕਰਕੇ ਉਨ੍ਹਾਂ ਨੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ।