ਜਾਣਕਾਰੀ ਦਿੰਦੇ ਹੋਏ SP ਰਾਕੇਸ਼ ਯਾਦਵ, DSP ਗੁਰਦੀਪ ਸਿੰਘ ਅਤੇ SHO ਮਨਪ੍ਰੀਤ ਦਿਉਲ
ਦੀਦਾਰ ਗੁਰਨਾ
ਮੰਡੀ ਗੋਬਿੰਦਗੜ੍ਹ/ਫਤਹਿਗੜ੍ਹ ਸਾਹਿਬ,17 ਜੂਨ : ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸ਼ੁਭਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਉਣ ਦੀ ਪ੍ਰਕਿਰਿਆ ਜਾਰੀ ਹੈ , ਬੀਤੇ ਦਿਨੀ ਮੰਡੀ ਗੋਬਿੰਦਗੜ੍ਹ ਵਿਖੇ ਵਾਪਰੀ ਘਟਨਾ ਬਾਰੇ ਐਸ.ਪੀ ਸ਼੍ਰੀ ਰਾਕੇਸ਼ ਯਾਦਵ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਦਸਿਆ ਕਿ ਹਮਲਾਵਰ ਨੂੰ ਵਿਸ਼ੇਸ਼ ਨਾਕਾਬੰਦੀ ਕਰਕੇ ਘਟਨਾ ਵਾਪਰਨ ਦੇ ਮਹਿਜ਼ ਕੁਝ ਘੰਟਿਆਂ ਅੰਦਰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ
ਐਸ ਪੀ ਸ਼੍ਰੀ ਰਾਕੇਸ਼ ਯਾਦਵ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਅਫਸਰ ਥਾਣਾ ਗੋਬਿੰਦਗੜ੍ਹ ਨੂੰ ਮਿਤੀ 16 ਜੂਨ ਨੂੰ ਦੌਰਾਨੇ ਗਸ਼ਤ ਇਤਲਾਹ ਮਿਲੀ ਕਿ ਯਤਿਨ ਵਾਲੀਆ ਪੁੱਤਰ ਸੂਰਜ਼ ਕੁਮਾਰ ਵਾਸੀ ਮਕਾਨ ਨੰ: 180, ਮਾਸਟਰ ਕਲੋਨੀ, ਸੈਕਟਰ 2, ਨੇੜੇ ਬੱਸ ਸਟੈਂਡ, ਗੋਬਿੰਦਗੜ ਆਪਣੇ ਘਰ ਦੇ ਬਾਹਰ ਖੜਾ ਸੀ ਤਾਂ ਕਰਮਵੀਰ ਸਿੰਘ ਉਰਫ ਲਵਲੀ ਪੁੱਤਰ ਜਸਵਿੰਦਰ ਸਿੰਘ ਵਾਸੀ ਮਾਸਟਰ ਕਲੋਨੀ, ਸੈਕਟਰ 2, ਨੇੜੇ ਬੱਸ ਸਟੈਂਡ, ਗੋਬਿੰਦਗੜ੍ਹ ਗਲੀ ਵਿੱਚ ਪੈਦਲ ਆ ਰਿਹਾ ਸੀ, ਜੋ ਯਤਿਨ ਵਾਲੀਆ ਉਕਤ ਪਾਸ ਆ ਕੇ ਉਸ ਨੂੰ ਗਾਲੀ ਗਲੋਚ ਕਰਨ ਲੱਗ ਪਿਆ ਤਾਂ ਮੁਦੱਈ ਨੇ ਕਰਮਵੀਰ ਸਿੰਘ ਉਰਫ ਲਵਲੀ ਗਾਲੀ ਗਲੋਚ ਕਰਨ ਤੋਂ ਰੋਕਿਆ ਤਾਂ ਕਰਮਵੀਰ ਸਿੰਘ ਉਰਫ ਲਵਲੀ ਨੇ ਆਪਣੇ ਹੱਥ ਵਿੱਚ ਫੜੀ ਤਲਵਾਰ ਦਾ ਵਾਰ ਮੁਦੱਈ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਕੀਤਾ, ਜੋ ਮੁਦੱਈ ਦੇ ਸੱਜੇ ਹੱਥ ਉੱਪਰ ਲੱਗਾ ਅਤੇ ਦੂਜਾ ਵਾਰ ਮੁਦੱਈ ਦੇ ਦੂਜ਼ੇ ਹੱਥ ਤੇ ਲੱਗਾ। ਜਿਸ ਨਾਲ ਮੁਦੱਈ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਕਰਮਵੀਰ ਸਿੰਘ ਉਰਫ ਲਵਲੀ ਮੌਕਾ ਪਰ ਲੋਕਾਂ ਦਾ ਇਕੱਠ ਹੁੰਦਾ ਦੇਖ ਕੇ ਫਰਾਰ ਹੋ ਗਿਆ। ਜੋ ਕਰਮਵੀਰ ਸਿੰਘ ਉਰਫ ਲਵਲੀ ਉੱਕਤ ਨੇ ਕਰੀਬ 6-7 ਮਹੀਨੇ ਪਹਿਲਾਂ ਨਿਹੰਗ ਸਿੰਘ ਦਾ ਬਾਣਾ ਪਾਇਆ ਹੈ, ਜੋ ਇਸੇ ਆੜ ਸੋਸ਼ਲ ਮੀਡੀਆ ਰਾਹੀ ਲੋਕਾਂ ਦੀਆ ਵਿਡੀਓ ਬਣਾ ਕੇ ਪਾ ਦਿੰਦਾ ਹੈ ਅਤੇ ਲੋਕਾਂ ਪਾਸੋਂ ਪੈਸਿਆ ਦੀ ਮੰਗ ਕਰਦਾ ਹੈ
ਐਸ ਪੀ ਸ਼੍ਰੀ ਰਾਕੇਸ਼ ਯਾਦਵ ਨੇ ਦੱਸਿਆ ਕਿ ਇਸ ਵਾਰਦਾਤ ਸਬੰਧੀ ਮੁਦਈ ਯਤਿਨ ਵਾਲੀਆ ਦੇ ਬਿਆਨ ਉਤੇ ਕਰਮਵੀਰ ਸਿੰਘ ਲਵਲੀ ਉਕਤ ਦੇ ਖਿਲਾਫ ਕਾਰਵਾਈ ਕਰਦੇ ਹੋਏ ਮੁਕੱਦਮਾ ਨੰ. 147 ਮਿਤੀ 16.06.2025 ਅ/ਧ 115(2),118(1),109 ਬੀਐਨਐਸ ਥਾਣਾ ਗੋਬਿੰਦਗੜ੍ਹ ਦਰਜ ਰਜਿਸਟਰ ਕੀਤਾ ਗਿਆ। ਸ੍ਰੀ ਰਾਕੇਸ ਕੁਮਾਰ ਯਾਦਵ ਐਸ.ਪੀ.ਡੀ ਅਤੇ ਸ੍ਰੀ ਗੁਰਦੀਪ ਸਿੰਘ ਸੰਧੂ ਡੀ.ਐਸ.ਪੀ ਸਬ ਡਵੀਜਨ ਅਮਲੋਹ ਦੀਆ ਹਦਾਇਤਾਂ ਅਨੁਸਾਰ ਇੰਸਪੈਕਟਰ ਮਨਪ੍ਰੀਤ ਸਿੰਘ ਦਿਓਲ ਮੁੱਖ ਅਫਸਰ ਥਾਣਾ ਮੰਡੀ ਗੋਬਿੰਦਗੜ ਦੀ ਰਹਿਨਮਾਈ ਹੇਠ ਕਾਰਵਾਈ ਕਰਦੇ ਹੋਏ ਏਐਸਆਈ ਰਾਜਿੰਦਰ ਸਿੰਘ ਵੱਲੋਂ ਸਮੇਤ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਰਮਵੀਰ ਸਿੰਘ ਉਰਫ ਲਵਲੀ ਉਕਤ ਨੂੰ ਰੇਡ ਕਰਕੇ ਮਿਤੀ 16.06.2025 ਨੂੰ ਹੀ ਮੁਕਦਮਾ ਹਜ਼ਾ ਵਿੱਚ ਗ੍ਰਿਫਤਾਰ ਕੀਤਾ। ਜਿਸ ਨੂੰ ਅੱਜ ਮਿਤੀ 17.06.2025 ਨੂੰ ਪੇਸ਼ ਮਾਨਯੋਗ ਅਦਾਲਤ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਵਾਰਦਾਤ ਦੌਰਾਨ ਵਰਤੇ ਹਥਿਆਰ ਬ੍ਰਾਮਦ ਕਰਵਾਏ ਜਾਣਗੇ