ਸ਼ਾਮਲਾਟ ਜ਼ਮੀਨ ਤੋਂ ਕਬਜ਼ੇ ਛੁਡਾਉਣ ਦੀ ਕਾਰਵਾਈ ਵਿੱਚ ਭਾਈਭਤੀਜਾ ਵਾਦ ਦੇ ਤਹਿਤ ਕਾਰਵਾਈ ਹੋਣ ਖਿਲਾਫ ਪ੍ਰਦਰਸ਼ਨ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 18 ਜੂਨ 2025 - ਗੁਰਦਾਸਪੁਰ ਦੇ ਪਿੰਡ ਭੱਟੀਆਂ ਦੇ ਕੁਝ ਪਿੰਡ ਵਾਸੀਆ ਨੇ ਪੇਂਡੂ ਮਜ਼ਦੂਰ ਯੂਨੀਅਨ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ । ਮਾਮਲਾ ਪਿੰਡ ਵਿੱਚ ਪੰਚਾਇਤੀ ਜਮੀਨ ਤੇ ਬਣੀਆਂ ਕੁਝ ਉਸਾਰੀਆਂ ਢਾਂਉਣ ਦਾ ਹੈ। ਪ੍ਰਦਰਸ਼ਨਕਾਰੀ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਉਹ ਸਾਰੀਆਂ ਢਾਉਣ ਵਿੱਚ ਭਾਈ ਭਤੀਜਾਵਾਦ ਵਰਤਿਆ ਗਿਆ ਹੈ ਅਤੇ ਸਿਰਫ ਤਿੰਨ ਲੋਕਾਂ ਦੀਆਂ ਸਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਦਕਿ ਪਿੰਡ ਦੇ 30 ਲੋਕਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਗਏ ਹਨ। ਦੱਸ ਦਈਏ ਕਿ ਪਿੰਡ ਵਿੱਚ ਸ਼ਾਮਲਾਟ 10 ਕਨਾਲ 16 ਮਰਲੇ ਜਮੀਨ ਉੱਪਰ ਕਈ ਸਾਲਾਂ ਤੋਂ ਇੱਕ ਇੱਕ ,ਦੋ ਦੋ ਮਰਲੇ ਤੇ ਹੋਈਆਂ ਕੁਝ ਨਾਜਾਇਜ਼ ਸਾਰੀਆਂ ਤੇ ਬੀਤੇ ਦਿਨ ਪ੍ਰਸ਼ਾਸਨ ਵੱਲੋਂ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪੀਲਾ ਪੰਜਾ ਚਲਾਇਆ ਗਿਆ ਸੀ।
ਜਿਸ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ , ਪੀੜਿਤ ਕਬਜ਼ਾਧਾਰੀ ਅਤੇ ਸਾਬਕਾ ਸਰਪੰਚ ਐਨਕਲਾ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਕੁਝ ਲੋਕ ਪੰਚਾਇਤੀ ਜਮੀਨ ਤੇ ਕਾਬਜ਼ ਹਨ ਜਿੱਥੇ ਉਹ ਆਪਣਾ ਡੰਗਰ ਵੱਛੇ ਅਤੇ ਬਾਲਣ ਰੱਖਦੇ ਹਨ ਅਤੇ ਕਈ ਜਗ੍ਹਾ ਦੇ ਉੱਪਰ ਉਹਨਾਂ ਵੱਲੋਂ ਗੋਹੇ ਦੀਆਂ ਪਾਥੀਆਂ ਪੱਥੀਆਂ ਹੋਈਆਂ ਸਨ ਪਰ ਪ੍ਰਸ਼ਾਸਨ ਵੱਲੋਂ ਬੀਤੇ ਕੱਲ ਪੀਲਾ ਪੰਜਾ ਚਲਾ ਕੇ ਧੱਕੇਸ਼ਾਹੀ ਕੀਤੀ ਗਈ ਹੈ ਕਿਉਂਕਿ ਇੱਥੇ ਕੁੱਲ 30 ਲੋਕ ਕਾਬਜ ਸਨ ਪਰ ਉਸਾਰੀਆਂ ਸਿਰਫ ਤਿੰਨ ਲੋਕਾਂ ਦੀਆਂ ਢਾਈਆਂ ਗਈਆਂ ਹਨ। ਜੇਕਰ ਕਾਰਵਾਈ ਹੀ ਕੀਤੀ ਜਾਣੀ ਹੈ ਤਾਂ ਸਾਰਿਆਂ ਦੇ ਖਿਲਾਫ ਕੀਤੀ ਜਾਣੀ ਚਾਹੀਦੀ ਸੀ।
ਦੂਜੇ ਪਾਸੇ ਪਿੰਡ ਦੇ ਮੌਜੂਦਾ ਸਰਪੰਚ ਮਨੀਸ਼ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਜਾਇਜ਼ ਕਬਜ਼ਿਆਂ ਨੂੰ ਛੁਡਾਉਣ ਦੀ ਮੁਹਿਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਕਿਉਂਕਿ 2022 ਵਿੱਚ ਪਿਛਲੀ ਪੰਚਾਇਤ ਨੇ ਮਤਾ ਪਾ ਕੇ ਇਸ ਕਾਰਵਾਈ ਨੂੰ ਸ਼ੁਰੂ ਕੀਤਾ ਸੀ।ਇਸ ਜਗ੍ਹਾ ਦੇ ਉੱਪਰ ਪਿੰਡ ਦੇ ਬੱਚਿਆਂ ਦੇ ਖੇਲਣ ਲਈ ਪਾਰਕ ਬਣਾਇਆ ਜਾਵੇਗਾ।ਬਾਕੀ ਜੇਕਰ ਕਿਸੇ ਕੋਲ ਕੋਈ ਜਮੀਨ ਦੇ ਕਾਗਜ ਹਨ ਤਾਂ ਉਹ ਮਾਨਯੋਗ ਅਦਾਲਤ ਦਾ ਰੁੱਖ ਕਰ ਸਕਦਾ।