ਸਮਾਜੀ ਜੱਥੇਬੰਦੀ ਨੈਸ਼ਨਲ ਵੈਲਫੇਅਰ ਮੂਵਮੈਂਟ ਵੱਲੋਂ ਮੈਡੀਕਲ ਚੈੱਕਅਪ ਕੈਂਪ, ਕਾਂਗਰਸੀ ਆਗੂ ਕਮਲ ਧਾਲੀਵਾਲ ਵੱਲੋਂ ਸ਼ਿਰਕਤ
ਮਲੇਰਕੋਟਲਾ, 18 ਜੂਨ 2025, ਸਮਾਜ ਦੀ ਭਲਾਈ ਲਈ ਕੰਮ ਕਰ ਰਹੀ ਨੈਸ਼ਨਲ ਵੈਲਫੇਅਰ ਮੂਵਮੈਂਟ (ਰਜਿ.) ਮਲੇਰਕੋਟਲਾ ਵੱਲੋਂ ਅਲੀ ਪਬਲਿਕ ਸਕੂਲ, ਬਿੰਜੋਕੀ ਕਲਾਂ ਵਿਖੇ ਇੱਕ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਗੁਆਂਢੀ ਪਿੰਡਾਂ ਤੋਂ ਆਏ ਸੈਂਕੜੇ ਲੋੜਵੰਦ ਲੋਕਾਂ ਨੇ ਵੱਖ-ਵੱਖ ਬਿਮਾਰੀਆਂ ਲਈ ਆਪਣੀ ਜਾਂਚ ਕਰਵਾਈ।
ਇਸ ਮੌਕੇ ਮੁਖ ਮਹਿਮਾਨ ਵਜੋਂ ਕਾਂਗਰਸੀ ਆਗੂ ਕਮਲ ਧਾਲੀਵਾਲ ਪਹੁੰਚੇ, ਜਿਨ੍ਹਾਂ ਨੇ ਕੈਂਪ ਦੀ ਸ਼ੁਰੂਆਤ ਕੀਤੀ ਅਤੇ ਲੋਕਾਂ ਨਾਲ ਗੱਲਬਾਤ ਕਰਦਿਆਂ ਐਸੇ ਉਪਰਾਲਿਆਂ ਦੀ ਲੋੜ ਤੇ ਮਹੱਤਤਾ ਬਾਰੇ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਕੈਂਪਾਂ ਰਾਹੀਂ ਜਿੱਥੇ ਗਰੀਬ ਅਤੇ ਪਿੱਛੜੇ ਵਰਗਾਂ ਨੂੰ ਸਿਹਤ ਸੇਵਾਵਾਂ ਮਿਲਦੀਆਂ ਹਨ, ਉੱਥੇ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵੀ ਵਧਦੀ ਹੈ।
ਕੈਂਪ ਦੌਰਾਨ ਖਾਸ ਤੌਰ ਤੇ ਜਨਰਲ ਬਿਮਾਰੀਆਂ ਲਈ ਡਾਕਟਰ ਸਦੀਕ ਸਾਹਿਲ, ਡਾਕਟਰ ਓਵੇਸ ਸਦੀਕ(ਦੋਨੋ ਗਰੀਨ ਲੀਫ ਹਸਪਤਾਲ), ਅੱਖਾਂ ਦੀਆਂ ਬਿਮਾਰੀਆਂ ਲਈ ਡਾਕਟਰ ਸਲਮਾਨ ਖਾਨ(ਏਕ ਨੂਰ ਹਸਪਤਾਲ), ਦੰਦਾਂ ਲਈ ਡਾਕਟਰ ਸ਼ੂਐਬ ਅਸਲਮ(ਸ਼ੁਐਬ ਡੇਂਟਲ ਕਲੀਨਿਕ), ਹੱਡੀਆਂ ਲਈ ਡਾਕਟਰ ਐਸ ਐਸ ਖੋਖਰ, ਔਰਤਾਂ ਦੀਆਂ ਬਿਮਾਰੀਆਂ ਲਈ ਡਾਕਟਰ ਅੰਮ੍ਰਿਤਾ ਗਿੱਲ(ਭਗਤ ਜੱਚਾ ਬੱਚਾ ਕੇਂਦਰ), ਦਿਮਾਗੀ ਬਿਮਾਰੀਆਂ ਲਈ ਡਾਕਟਰ ਸ਼ਾਜ਼ੀਆ ਅੰਜੁਮ ਆਦਿ ਡਾਕਟਰਾਂ ਨੇ ਆਪਣੀਆਂ ਆਪਣੀਆਂ ਟੀਮਾਂ ਸਮੇਤ ਸ਼ਿਰਕਤ ਕੀਤੀ।ਇਸ ਮੌਕੇ ਡਾਕਟਰਾਂ ਨੇ ਇਲਾਜ ਦੇ ਨਾਲ-ਨਾਲ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਅ ਸੰਬੰਧੀ ਸਲਾਹਾਂ ਵੀ ਦਿੱਤੀਆਂ। ਜ਼ਰੂਰਤਮੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।
ਇਸ ਮੌਕੇ ਨੈਸ਼ਨਲ ਵੈਲਫੇਅਰ ਮੂਵਮੈਂਟ ਦੇ ਅਹੁਦੇਦਾਰਾਂ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕੈਂਪ ਲਗਾਉਣ ਦਾ ਐਲਾਨ ਕੀਤਾ। ਸਕੂਲ ਦੇ ਐਮ.ਡੀ. ਅਰਸ਼ਦ ਅਲੀ ਨੇ ਕਿਹਾ ਕਿ ਉਨ੍ਹਾਂ ਦੀ ਸਿੱਖਿਆ ਸੰਸਥਾ ਸਿਰਫ ਪੜ੍ਹਾਈ ਤੱਕ ਸੀਮਤ ਨਹੀਂ, ਸਗੋਂ ਸਮਾਜ ਦੀ ਚੰਗੀ ਸਿਹਤ ਅਤੇ ਵਿਕਾਸ ਲਈ ਵੀ ਕੰਮ ਕਰ ਰਹੀ ਹੈ।ਕਮਲ ਧਾਲੀਵਾਲ ਨੇ ਅੰਤ ਵਿੱਚ ਜਥੇਬੰਦੀ ਅਤੇ ਸਕੂਲ ਪ੍ਰਬੰਧਕਾਂ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ ਅਤੇ ਆਮ ਲੋਕਾਂ ਨੂੰ ਵੀ ਅਜਿਹੀਆਂ ਸੇਵਾਵਾਂ ਲਈ ਹੋਰ ਅੱਗੇ ਆਉਣ ਦੀ ਅਪੀਲ ਕੀਤੀ।
ਇਸ ਕੈਂਪ ਵਿੱਚ ਇਲਾਕੇ ਦੇ ਕਈ ਸਰਪੰਚਾਂ, ਸਮਾਜ ਸੇਵਕਾਂ ਅਤੇ ਪੜ੍ਹੇ-ਲਿਖੇ ਨੌਜਵਾਨਾਂ ਨੇ ਭਾਗ ਲੈ ਕੇ ਕੈਂਪ ਨੂੰ ਕਾਮਯਾਬ ਬਣਾਇਆ। ਸਮਾਪਤੀ 'ਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ।