ਪਦਮਸ਼੍ਰੀ ਰਤਨ ਸਿੰਘ ਜੱਗੀ ਨੂੰ ਨਿੱਘੀ ਸ਼ਰਧਾਂਜਲੀ
ਹਰਜਿੰਦਰ ਸਿੰਘ ਭੱਟੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਮਈ 2025: ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਮੋਹਾਲੀ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪਦਮਸ਼੍ਰੀ ਰਤਨ ਸਿੰਘ ਜੱਗੀ ਦੇ ਅਕਾਲ ਚਲਾਣਾ ਕਰ ਜਾਣ ਤੇ ਸ਼ੋਕ ਸਭਾ ਕੀਤੀ ਗਈ।
ਕਾਲਜ ਦੇ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਨੇ ਨਿੱਘੀ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉੱਘੇ ਸਿੱਖ ਵਿਦਵਾਨ ਡਾ. ਰਤਨ ਸਿੰਘ ਜੱਗੀ ਦੇ ਜਾਣ ਨਾਲ ਸਾਹਿਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
ਵਿਭਾਗ ਦੇ ਮੁਖੀ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਡਾ. ਰਤਨ ਸਿੰਘ ਜੱਗੀ ਨੇ ਆਪਣੀ ਜ਼ਿੰਦਗੀ ਦੇ ਸੱਤ ਦਹਾਕੇ ਖੋਜ, ਸਮੀਖਿਆ ਅਤੇ ਚਿੰਤਨ ਨੂੰ ਅਰਪਿਤ ਕੀਤੇ। ਪੰਜਾਬੀ ਸਾਹਿਤ ਵਿਚ ਪਾਇਆ ਉਹਨਾਂ ਦਾ ਯੋਗਦਾਨ ਹਮੇਸ਼ਾਂ ਖੋਜਾਰਥੀਆਂ ਅਤੇ ਚਿੰਤਕਾਂ ਨੂੰ ਨਵੀਂ ਦਿਸ਼ਾ ਦਿੰਦਾ ਰਹੇਗਾ। ਉਨ੍ਹਾਂ ਕਿਹਾ ਕਿ ਡਾ. ਜੱਗੀ ਸਰੀਰਿਕ ਤੌਰ ਤੇ ਭਾਵੇਂ ਅਲਵਿਦਾ ਆਖ ਗਏ ਹਨ ਪਰ ਉਹ ਆਪਣੇ ਸਾਹਿਤਕ ਅਤੇ ਖੋਜ ਕਾਰਜ ਰਾਹੀਂ ਸਦਾ ਯਾਦ ਰੱਖੇ ਜਾਣਗੇ।
ਇਸ ਮੌਕੇ ਵਿਭਾਗ ਦੇ ਪ੍ਰੋਫੈਸਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਹੋਏ ।