ਪੱਕਾ ਕਰਨਾ ਤਾਂ ਦੂਰ ਦੀ ਗੱਲ ਇੰਕਰੀਮੈਂਟ ਅਤੇ ਭੱਤੇ ਦੇਣ ਤੋਂ ਵੀ ਮੁਕਰੀ ਸਰਕਾਰ
ਜਲ ਸਪਲਾਈ ਵਿਭਾਗ ਦੇ ਕਰਮਚਾਰੀਆਂ ਨੇ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਕੀਤਾ ਪ੍ਰਦਰਸ਼ਨ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 24 ਮਈ 2025 - ਜਲ ਸਪਲਾਈ ਵਿਭਾਗ ਦੇ ਕਰਮਚਾਰੀਆਂ ਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬਟਾਲਾ ਚ ਜਲ ਸਪਲਾਈ ਵਿਭਾਗ ਦੇ ਦਫਤਰ ਵਿਖੇ ਸਰਕਾਰ ਅਤੇ ਵਿਭਾਗ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਧਰਨਾ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਸਰਕਾਰ ਨੇ ਉਹਨਾਂ ਦੇ ਬਣਦੇ ਭੱਤੇ ਕੱਟ ਦਿੱਤੇ ਹਨ ਜਿਸ ਨਾਲ ਇਸ ਮਹਿੰਗਾਈ ਦੇ ਯੁੱਗ ਚ ਇਸ ਨਿਗੂਣੀ ਤਨਖਾਹ ਦੇ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਗਿਆ ਹੈ।
ਉਹਨਾਂ ਕਿਹਾ ਕਿ ਉਹ 2011 ਦੇ ਵਿੱਚ ਕੱਚੇ ਤੌਰ ਤੇ ਵਿਭਾਗ ਚ ਭਰਤੀ ਹੋਏ ਸਨ ਅਤੇ ਉਸ ਵੇਲੇ ਉਹਨਾਂ ਨੂੰ ਟਰੈਵਲ ਅਲਾਉਂਸ ਵੀ ਦਿੱਤਾ ਜਾਂਦਾ ਸੀ ਅਤੇ ਨਾਲ ਹੀ ਹਰ ਸਾਲ ਉਹਨਾਂ ਦੀ 10% ਦੀ ਇਨਕਰੀਮੈਂਟ ਵੀ ਲਗਾਈ ਜਾਂਦੀ ਸੀ ਲੇਕਿਨ ਹੁਣ ਇਸ ਸਰਕਾਰ ਦੇ ਵੇਲੇ ਚ ਉਨਾਂ ਦੀ 10% ਇਨਕਰੀਮੈਂਟ ਵੀ ਕੱਟ ਦਿੱਤੀ ਗਈ ਹੈ ਅਤੇ ਜੋ ਉਹਨਾਂ ਨੂੰ ਟਰੈਵਲ ਅਲਾਉਂਸ ਮਿਲਦਾ ਸੀ ਉਹ ਵੀ ਕੱਟ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਕਿਹਾ ਸੀ ਕਿ ਅਸੀਂ ਕੱਚਾ ਸ਼ਬਦ ਰਹਿਣ ਹੀ ਨਹੀਂ ਦੇਣਾ ਅਤੇ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ। ਲੇਕਿਨ ਕੱਚੇ ਕਰਮਚਾਰੀਆਂ ਨੂੰ ਪੱਕਾ ਤਾਂ ਕੀ ਕਰਨਾ ਸੀ ਬਕਾਇਦਾ ਸਰਕਾਰ ਨੇ ਉਹਨਾਂ ਦੇ ਇਹ ਭੱਤੇ ਵੀ ਕੱਟ ਦਿੱਤੇ ਹਨ ਜਿਸ ਨਾਲ ਉਹਨਾਂ ਨੂੰ ਗੁਜ਼ਾਰਾ ਕਰਨਾ ਇਸ ਮਹਿੰਗਾਈ ਦੇ ਯੁੱਗ ਚ ਮੁਸ਼ਕਿਲ ਹੋ ਗਿਆ ਹੈ।
ਉਹਨਾਂ ਕਿਹਾ ਕਿ ਸਰਕਾਰ ਅੱਗੇ ਉਹਨਾਂ ਦੀ ਗੁਜ਼ਾਰਿਸ਼ ਹੈ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਅਤੇ ਉਹਨਾਂ ਦੇ ਭੱਤੇ ਜੋ ਬਣਦੇ ਹਨ ਉਹ ਰੈਗੂਲਰ ਤੌਰ ਤੇ ਜਾਰੀ ਕੀਤੇ ਜਾਣ ਉਹਨਾਂ ਅੱਗੇ ਕਿਹਾ ਕਿ ਅਗਰ ਸਰਕਾਰ ਨੇ ਉਹਨਾਂ ਦੀਆਂ ਇਹ ਮੰਗਾਂ ਨਾ ਮੰਨੀਆਂ ਤੇ ਪੰਜਾਬ ਲੈਵਲ ਤੇ ਮੋਹਾਲੀ ਵਿਖੇ ਹੈਡ ਦਫਤਰ ਦਾ ਘਿਰਾਓ ਕੀਤਾ ਜਾਵੇਗਾ ਜਿਸ ਦਾ ਜਿੰਮੇਵਾਰ ਸਿੱਧਾ ਸਿੱਧਾ ਵਿਭਾਗ ਅਤੇ ਸਰਕਾਰ ਹੋਵੇਗੀ।