ਮਾਣੂੰਕੇ ਨੇ ਲੱਡੂ ਵੰਡ ਕੇ ਸ਼ੁਰੂ ਕਰਵਾਇਆ ਅਖਾੜਾ ਨਹਿਰ ਦੇ ਪੁੱਲ ਦੀ ਫਿਟਿੰਗ ਦਾ ਕੰਮ
- ਲੋਕਾਂ ਨੂੰ 140 ਸਾਲ ਪੁਰਾਣੇ ਤੇ ਭੀੜੇ ਪੁੱਲ ਤੋਂ ਮਿਲੇਗੀ ਨਿਯਾਤ ਅਤੇ ਹਲਕੇ ਦੀ ਵੱਡੀ ਸਮੱਸਿਆ ਹੋਵੇਗੀ ਹੱਲ-ਬੀਬੀ ਮਾਣੂੰਕੇ
ਜਗਰਾਉਂ, 16 ਮਈ 2025 - ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਹਲਕੇ ਦੇ ਲੋਕਾਂ ਦੀ ਵੱਡੀ ਸਮੱਸਿਆ ਹੱਲ ਕਰਨ ਲਈ ਅਖਾੜਾ ਨਹਿਰ ਉਪਰ ਬਣ ਰਹੇ ਨਵੇਂ ਪੁੱਲ ਦੀ ਫਿਟਿੰਗ ਦਾ ਕੰਮ ਲੱਡੂ ਵੰਡ ਕੇ ਸ਼ੁਰੂ ਕਰਵਾਇਆ। ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਅਖਾੜਾ ਨਹਿਰ ਉਪਰ ਨਵਾਂ ਪੁੱਲ ਬਣਨ ਨਾਲ ਬਹੁਤ ਵੱਡੀ ਸਮੱਸਿਆ ਹੱਲ ਹੋਣ ਜਾ ਰਹੀ ਹੈ ਅਤੇ ਇਸ ਨਾਲ ਲੋਕਾਂ ਨੂੰ 140 ਸਾਲ ਪਹਿਲਾਂ ਬਣੇ ਮਿਆਦ ਪੁਗਾ ਚੁੱਕੇ ਪੁਰਾਣੇ ਤੇ ਭੀੜੇ ਪੁੱਲ ਤੋਂ ਵੀ ਨਿਯਾਤ ਮਿਲ ਜਾਵੇਗੀ। ਉਹਨਾਂ ਆਖਿਆ ਕਿ ਸਿਆਸਤ ਵਿੱਚ ਆਉਣ ਮੌਕੇ ਫੈਸਲਾ ਕੀਤਾ ਸੀ ਕਿ ਜੇਕਰ ਲੋਕਾਂ ਨੇ ਉਹਨਾਂ ਨੂੰ ਤਾਕਤ ਬਖਸ਼ੀ ਤਾਂ ਉਹ ਅਖਾੜਾ ਨਹਿਰ ਉਪਰ ਨਵਾਂ ਪੁੱਲ ਬਨਾਉਣਗੇ ਅਤੇ ਲੋਕਾਂ ਦੀ ਵੱਡੀ ਸਮੱਸਿਆ ਦਾ ਹੱਲ ਕਰਨਗੇ।
ਪਰੰਤੂ ਅੱਜ ਨਵਾਂ ਪੁੱਲ ਬਣਨ ਨਾਲ ਜਿੱਥੇ ਮਨ ਨੂੰ ਸਕੂਨ ਮਿਲ ਰਿਹਾ ਹੈ, ਉਥੇ ਹੀ ਲੋਕਾਂ ਵੱਲੋਂ ਮਿਲ ਰਹੀਆਂ ਦੁਆਵਾਂ ਸਾਡੇ ਹੌਸਲੇ ਵਿੱਚ ਵੀ ਵਾਧਾ ਕਰ ਰਹੀਆਂ ਹਨ। ਉਹਨਾਂ ਆਖਿਆ ਕਿ ਹਲਕੇ ਦੇ ਲੋਕਾਂ ਨੂੰ ਪਿਛਲੇ 75-76 ਸਾਲਾਂ ਦੌਰਾਨ ਇਹ ਪੁੱਲ ਬਨਾਉਣ ਲਈ ਕੇਵਲ ਲਾਰੇ ਲਾ ਕੇ ਵੋਟਾਂ ਵਟੋਰਨ ਤੱਕ ਹੀ ਸੀਮਿਤ ਰਹੇ, ਪੰਜਾਬ ਦੇ ਲੋਕਾਂ ਨੇ ਦੁੱਖੀ ਹੋ ਕੇ ਨਵਾਂ ਪੰਜਾਬ ਸਿਰਜਦਿਆਂ ਆਮ ਆਦਮੀਂ ਪਾਰਟੀ ਨੂੰ ਪੰਜਾਬ ਦੀ ਸੱਤਾ ਉਪਰ ਕਾਬਜ਼ ਕੀਤਾ, ਤਾਂ ਹੀ ਲੋਕਾਂ ਦੀਆਂ ਵੱਡੀਆਂ ਵੱਡੀਆਂ ਸਮੱਸਿਆਵਾਂ ਦਾ ਹੱਲ ਹੋ ਰਿਹਾ ਹੈ। ਬੀਬੀ ਮਾਣੂੰਕੇ ਨੇ ਦੱਸਿਆ ਕਿ ਇਸ ਪੁੱਲ ਦੀ ਫਿਟਿੰਗ ਦਾ ਕੰਮ ਲਗਭਗ ਡੇਢ ਤੋਂ ਦੋ ਮਹੀਨੇ ਦੌਰਾਨ ਮੁਕੰਮਲ ਹੋ ਜਾਵੇਗਾ ਅਤੇ ਲੋਕਾਂ ਦੀ ਸਹੂਲਤ ਲਈ ਜ਼ਲਦੀ ਹੀ ਚਾਲੂ ਕਰ ਦਿੱਤਾ ਜਾਵੇਗਾ। ਬੀਬੀ ਮਾਣੂੰਕੇ ਨੇ ਆਖਿਆ ਕਿ ਪੁਰਾਣਾ ਪੁਲ ਕੇਵਲ 12 ਕੁ ਫੁੱਟ ਹੀ ਚੌੜਾ ਹੋਣ ਕਾਰਨ ਵੱਡੇ ਜ਼ਾਮ ਲੱਗ ਜਾਂਦੇ ਸਨ, ਪਰੰਤੂ ਹੁਣ ਨਵਾਂ ਬਣਨ ਵਾਲਾ ਪੁਲ ਲਗਭਗ 60 ਮੀਟਰ ਲੰਮਾਂ ਅਤੇ 40 ਫੁੱਟ ਚੌੜਾ ਬਣੇਗਾ, ਜਿਸ ਉਪਰ ਲਗਭਗ 7 ਕਰੋੜ 80 ਲੱਖ ਰੁਪਏ ਦਾ ਖਰਚਾ ਆਵੇਗਾ।
ਇਸ ਮੌਕੇ ਹਾਜ਼ਰ ਪੀ.ਡਬਲਿਯੂ.ਡੀ.ਵਿਭਾਗ ਪੰਜਾਬ ਦੇ ਅਧਿਕਾਰੀਆਂ, ਕਰਮਚਾਰੀਆਂ, ਠੇਕੇਦਾਰ ਦੀ ਟੀਮ ਅਤੇ ਇਕੱਠੇ ਹੋਏ ਲੋਕਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਵਿਧਾਇਕਾ ਮਾਣੂੰਕੇ ਦਾ ਧੰਨਵਾਦ ਕਰਦਿਆਂ ਵਾਹਿਗੁਰੂ ਦਾ ਸ਼ੁਕਰਾਨਾਂ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਹਠੂਰ ਦੇ ਚੇਅਰਮੈਨ ਕਰਮਜੀਤ ਸਿੰਘ ਡੱਲਾ, ਦਲਜੀਤ ਸਿੰਘ ਡੱਲਾ, ਅਮਰਦੀਪ ਸਿੰਘ ਟੂਰੇ, ਐਸ.ਡੀ.ਓ.ਸਹਿਜਪ੍ਰੀਤ ਸਿੰਘ ਮਾਂਗਟ, ਕਰਮਜੀਤ ਸਿੰਘ ਜੇਈ ਕਮਾਲਪੁਰਾ, ਵੀਰਪਾਲ ਕੌਰ ਜੇਈ, ਜਸਕਿਰਨ ਕੌਰ ਜੇਈ, ਠੇਕੇਦਾਰ ਰਾਹੁਲ ਗਰਗ, ਠੇਕੇਦਾਰ ਰੋਹਿਨ ਗਰਗ, ਪ੍ਰੋਜੈਕਟ ਡਾਇਰੈਕਟਰ ਬਿੱਕਰ ਸਿੰਘ ਆਦਿ ਵੀ ਹਾਜ਼ਰ ਸਨ।