ਕਟਾਰੂਚੱਕ ਵੱਲੋਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਹਿਰੀ ਜੰਗਲਾਤ ਪ੍ਰੋਜੈਕਟ ਤਿਆਰ ਕਰਨ ਦੇ ਨਿਰਦੇਸ਼
- ਸ਼ਹਿਰੀ ਖੇਤਰਾਂ ਵਿੱਚ ਲੰਬੇ ਰੁੱਖ ਲਗਾਉਣ 'ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ
- ਜੰਗਲਾਤ ਮੰਤਰੀ ਨੇ ਨਿੰਮ, ਬੋਹੜ ਅਤੇ ਪਿੱਪਲ ਨੂੰ ਸੁਰੱਖਿਅਤ ਰੁੱਖਾਂ ਵਜੋਂ ਘੋਸ਼ਿਤ ਕਰਨ ਸਬੰਧੀ ਪ੍ਰਸਤਾਵ ਤਿਆਰ ਕਰਨ 'ਤੇ ਵੀ ਦਿੱਤਾ ਜ਼ੋਰ
ਚੰਡੀਗੜ੍ਹ, 15 ਮਈ 2025 - ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਨਿਵੇਕਲੀ ਪਹਿਲਕਦਮੀ ਸ਼ੁਰੂ ਕਰਦਿਆਂ ਵਿਭਾਗ ਦੇ ਅਧਿਕਾਰੀਆਂ ਨੂੰ ਇੱਕ ਸ਼ਹਿਰੀ ਜੰਗਲਾਤ ਪ੍ਰੋਜੈਕਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਜਿਸ ਤਹਿਤ ਸ਼ਹਿਰੀ ਖੇਤਰਾਂ ਵਿੱਚ ਲੰਬੇ ਪੌਦੇ ਲਗਾਏ ਜਾਣਗੇ। ਇਨ੍ਹਾਂ ਪੌਦਿਆਂ ਦੀ ਸੁਰੱਖਿਆ ਲਈ ਇਨ੍ਹਾਂ ਦੇ ਦੁਆਲੇ ਟ੍ਰੀ ਗਾਰਡਾਂ ਲਾਏ ਜਾਣਗੇ ਜਿਨ੍ਹਾਂ 'ਤੇ ਵਿਭਾਗ ਦਾ ਨਾਮ ਲਿਖਿਆ ਹੋਵੇਗਾ।
ਅੱਜ ਇੱਥੇ ਇੱਕ ਮੀਟਿੰਗ ਦੌਰਾਨ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਅਧੀਨ ਛਾਂਦਾਰ ਰੁੱਖਾਂ ਦੇ ਨਾਲ-ਨਾਲ ਫਲਦਾਰ ਰੁੱਖ ਲਗਾਉਣ 'ਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ।
ਇੱਕ ਹੋਰ ਵਿਲੱਖਣ ਕਦਮ ਚੁੱਕਦਿਆਂ ਸ੍ਰੀ ਕਟਾਰੂਚੱਕ ਨੇ ਅਧਿਕਾਰੀਆਂ ਨੂੰ ਨਿੰਮ, ਬੋਹੜ ਅਤੇ ਪਿੱਪਲ ਨੂੰ ਸੁਰੱਖਿਅਤ ਰੁੱਖਾਂ ਵਜੋਂ ਘੋਸ਼ਿਤ ਕਰਨ ਲਈ ਇੱਕ ਪ੍ਰਸਤਾਵ ਤਿਆਰ ਕਰਨ ਵਾਸਤੇ ਕਿਹਾ ਜੋ ਕਿ ਇਨ੍ਹਾਂ ਰੁੱਖਾਂ ਦੀ ਸੰਭਾਲ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਸ਼ਿਵਾਲਿਕ ਪਹਾੜੀਆਂ ਅਤੇ ਉੱਤਰੀ ਖੇਤਰ ਵਿੱਚ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਕਰਦਿਆਂ, ਮੰਤਰੀ ਨੇ ਸੂਬੇ ਵਿੱਚ ਹਰਿਆਵਲ ਅਧੀਨ ਰਕਬਾ ਵਧਾਉਣ ਦੇ ਉਦੇਸ਼ ਨਾਲ ਪੌਦੇ ਲਗਾਉਣ ਲਈ ਵਿਆਪਕ ਮੁਹਿੰਮ ਸ਼ੁਰੂ ਕਰਨ ਦੀ ਵਕਾਲਤ ਕੀਤੀ। ਨਾਨਕ ਬਗੀਚੀਆਂ ਅਤੇ ਪਵਿੱਤਰ ਵਣ ਦੇ ਨਾਲ ਹੀ ਹਰ ਵਿਕਾਸ ਪ੍ਰੋਜੈਕਟ ਵਿੱਚ ਪਾਰਦਰਸ਼ਿਤਾ ਲਿਆਉਣ ‘ਤੇ ਜ਼ੋਰ ਦਿੰਦਿਆਂ, ਮੰਤਰੀ ਨੇ ਕਿਹਾ ਕਿ ਇਹਨਾਂ ਕਾਰਜਾਂ ਦੇ ਲਾਗੂਕਰਨ ਵਿੱਚ ਢਿੱਲ-ਮੱਠ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਮੁੱਖ ਵਣਪਾਲ (ਫੌਰੈਸਟ ਫੋਰਸ ਦੇ ਮੁਖੀ) ਧਰਮਿੰਦਰ ਸ਼ਰਮਾ, ਏ.ਪੀ.ਸੀ.ਸੀ.ਐਫ. ਕਮ ਸੀ.ਈ.ਓ. ਪਨਕੈਂਪਾ ਸੌਰਵ ਗੁਪਤਾ, ਸੀ.ਸੀ.ਐਫ.(ਹਿੱਲਜ਼) ਨਿਧੀ ਸ੍ਰੀਵਾਸਤਵ, ਸੀ.ਐਫ. ਉੱਤਰੀ ਸੰਜੀਵ ਤਿਵਾੜੀ, ਸੀ.ਐਫ. ਸ਼ਿਵਾਲਿਕ ਸਰਕਲ ਸ੍ਰੀ ਕੰਨਨ, ਡੀ.ਐਫ.ਓ. ਹੁਸ਼ਿਆਰਪੁਰ ਅਵਨੀਤ ਸਿੰਘ, ਡੀ.ਐਫ.ਓ. ਪਠਾਨਕੋਟ ਧਰਮਵੀਰ ਢੇਰੂ, ਡੀ.ਐਫ.ਓ. ਰੂਪਨਗਰ ਹਰਜਿੰਦਰ ਸਿੰਘ ਅਤੇ ਦਸੂਹਾ ਡਵੀਜ਼ਨ ਤੋਂ ਦਲਜੀਤ ਕੁਮਾਰ ਸ਼ਾਮਿਲ ਸਨ।