ਮਾਲੇਰਕੋਟਲਾ: ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾ ਸ਼ੁਰੂ
- ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ 'ਚ ਲੋਕਾਂ ਦਾ ਸਾਥ ਜਰੂਰੀ -ਵਿਧਾਇਕ ਮਾਲੇਰਕੋਟਲਾ
- ਯੁੱਧ ਨਸ਼ਿਆਂ ਵਿਰੁੱਧ ਲੜਾਈ ਇਕ ਸਰਕਾਰ ਦੀ ਨਹੀਂ, ਸਗੋਂ ਅਵਾਮ ਦੀ –ਡਾ ਜਮੀਲ ਉਰ ਰਹਿਮਾਨ
- ਕਿਹਾ, ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਪੁੱਟਣ ਲਈ ਸੂਬੇ ਚ ਤਿੰਨ-ਨੁਕਾਤੀ ਰਣਨੀਤੀ-ਇਨਫੋਰਸਮੈਂਟ, ਨਸ਼ਾ ਮੁਕਤੀ ਅਤੇ ਰੋਕਥਾਮ ਲਾਗੂ
- ਵਿਧਾਇਕ ਮਾਲੇਰਕੋਟਲਾ ਵੱਲੋਂ ਪਿੰਡ ਸ਼ੇਰਵਾਨੀ ਕੋਟ, ਸਿਕੰਦਰਪੁਰਾ ਅਤੇ ਮਹਿਬੂਬਪੁਰਾ ਵਿਖੇ ਨੌਜਵਾਨਾਂ ਨੂੰ ਕੀਤਾ ਲਾਮਬੰਦ
ਸ਼ੇਰਵਾਨੀ ਕੋਟ /ਮਾਲੇਰਕੋਟਲਾ16 ਮਈ 2025 - ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਮੁਕਤੀ ਜਾਗਰੂਕਤਾ ਯਾਤਾਰਾ ਦਾ ਆਰੰਭ ਕੀਤੀ ਗਈ ਹੈ। ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ ਜਮੀਲ ਉਰ ਰਹਿਮਾਨ ਦੀ ਅਗਵਾਈ ਵਿੱਚ ਨਸ਼ਿਆਂ ਖਿਲਾਫ ਅਣਖ ਜਗਾਉਂਦੀ ਇਹ ਯਾਤਰਾ ਅੱਜ ਪਿੰਡ ਸ਼ੇਰਵਾਨੀ ਕੋਟ ਵਿਖੇ ਪਹੁੰਚੀ।
ਵਿਧਾਇਕ ਮਾਲੇਰਕੋਟਲਾ ਨੇ ਪਿੰਡ ਸ਼ੇਰਵਾਨੀ ਕੋਟ ਵਿਖੇ ਅਵਾਮ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਦੇ ਅੰਧਕਾਰ ਤੋਂ ਕੱਢ ਕੇ ਸਿਹਤਯਾਬ, ਤੰਦਰੁਸਤ ਅਤੇ ਰੰਗਲਾ ਰਾਜ ਬਣਾਉਣ ਦੀ ਕੋਸ਼ਿਸ਼ਾਂ ਤਹਿਤ ਅੱਜ ਹਲਕੇ ’ਚ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਮਨੋਰਥ ਨਸ਼ਿਆਂ ਦੇ ਖਿਲਾਫ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ,ਸਮਾਜ ਨੂੰ ਨਸ਼ਾ ਰਹਿਤ ਬਣਾਉਣ ਅਤੇ ਨੌਜ਼ਵਾਨ ਪੀੜੀ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣ ਲਈ ਜਾਗਰੂਕ ਕਰਨਾ ਹੈ।
ਨਸ਼ਿਆਂ ਦੇ ਖ਼ਿਲਾਫ ਲੜਾਈ ਨੂੰ ਜਨ ਅੰਦੋਲਨ ਵਿੱਚ ਬਦਲਣ ਦੀ ਜ਼ਰੂਰਤ ਤੇ ਜੋਰ ਦਿੰਦਿਆ ਵਿਧਾਇਕ ਮਾਲੇਰਕੋਟਲਾ ਨੇ ਸਮਾਜਿਕ ਸਰੋਕਾਰਾਂ ਤੋਂ ਉਪਰ ਉਠਕੇ ਨਸ਼ਾ ਤਸਕਰਾਂ ਖ਼ਿਲਾਫ਼ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਉਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਇਹ ਉਦਮ ਤਦ ਹੀ ਸਫ਼ਲ ਹੋ ਸਕਦਾ ਹੈ,ਜਦੋਂ ਸਮਾਜ ਦੇ ਹਰ ਇੱਕ ਵਿਅਕਤੀ ਦੀ ਇਸ ਮੁਹਿੰਮ ਵਿੱਚ ਸਮੂਲੀਅਤ ਯਕੀਨੀ ਹੋਵੇ।
ਉਨ੍ਹਾਂ ਨੌਜਵਾਨਾਂ,ਪਿੰਡ ਨਿਵਾਸੀਆਂ ਨੂੰ ਆਗਾਹ ਕੀਤਾ ਕਿ ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਤਿੰਨ-ਨੁਕਾਤੀ ਰਣਨੀਤੀ ਅਮਲ ਚ ਲਿਆਈ ਗਈ ਹੈ — ਇਨਫੋਰਸਮੈਂਟ (ਕਾਨੂੰਨੀ ਕਾਰਵਾਈ), ਨਸ਼ਾ ਮੁਕਤੀ ਅਤੇ ਰੋਕਥਾਮ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਸਖ਼ਤ ਸੁਨੇਹਾ ਦੇ ਦਿੱਤਾ ਗਿਆ ਹੈ ਕਿ ਜਾਂ ਉਹ ਪੰਜਾਬ ਛੱਡ ਜਾਣ ਜਾਂ ਫਿਰ ਨਸ਼ਿਆਂ ਦਾ ਕਾਰੋਬਾਰ ਛੱਡਣ, ਨਹੀਂ ਤਾਂ ਨਤੀਜੇ ਭੋਗਣ ਲਈ ਤਿਆਰ ਰਹਿਣ।
ਨਸ਼ਿਆਂ ਵਿਰੁੱਧ ਜੰਗ ਵਿੱਚ ਲੋਕਾਂ ਨੂੰ ਸ਼ਾਮਲ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਆਮ ਜਨਤਾ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਮੁਹਿੰਮ ਕਾਮਯਾਬ ਨਹੀਂ ਹੋ ਸਕਦੀ । ਜ਼ਿਲ੍ਹਾਂ ਨਿਵਾਸੀਆਂ ਨੂੰ ਜੇਕਰ ਕੋਈ ਸ਼ੱਕੀ ਕਾਰਵਾਈ ਨਜ਼ਰ ਆਉਂਦੀ ਹੈ ਤਾਂ ਉਹ ਬੇਝਿਜਕ ਪੁਲਿਸ ਨਾਲ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜ਼ਿਲ੍ਹਾ ਪੁਲਿਸ ਦੇ ਕੰਟਰੋਲ ਰੂਮ ਨੰ.91155-87200 ਅਤੇ ਪੁਲਿਸ ਦੀ ਐਂਟੀ ਡਰੱਗ ਹੈਲਪਲਾਈਨ ਨੰਬਰ 91155-18150 ਤੇ ਸਾਂਝੀ ਕਰ ਸਕਦੇ ਹਨ । ਸੂਚਨਾਂ ਦੇਣ ਵਾਲਿਆਂ ਦੀ ਪਹਿਚਾਣ ਪੂਰਨ ਤੌਰ ਤੇ ਗੁਪਤ ਰੱਖੀ ਜਾਂਦੀ ਹੈ। ਉਨ੍ਹਾਂ ਪਿੰਡ ਨਿਵਾਸੀਆਂ ਨੂੰ ਨਸ਼ਾ ਤਸਕਰਾ ਦਾ ਸਾਥ ਨਾ ਦੇਣ ਲਈ ਵੀ ਕਿਹਾ ।
ਵਿਧਾਇਕ ਨੇ ਸਥਾਨਕ ਪੱਧਰ ਤੇ ਜੁੜੇ ਸਥਾਈ ਨਸ਼ਾ ਮੁਕਤੀ ਕੇਂਦਰਾਂ, ਸਲਾਹ ਕਾਰ ਕੈਂਪਾਂ ਅਤੇ ਸਿੱਖਿਆ ਸੰਸਥਾਵਾਂ ਨਾਲ ਸਹਿਯੋਗ ਕਰਕੇ ਨੌਜਵਾਨ ਪੀੜ੍ਹੀ ਲਈ ਵਧੀਆ ਵਿਅਕਲਪ ਪੇਸ਼ ਕਰਨ ਦੀ ਵੀ ਗੱਲ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਖੇਡਾਂ, ਸਿੱਖਿਆ ਅਤੇ ਰੁਜ਼ਗਾਰ ਵਾਲੇ ਖੇਤਰਾਂ ਵੱਲ ਮੋੜਨ ਦੀ ਲੋੜ ਉਤੇ ਜ਼ੋਰ ਦਿੱਤਾ।
ਯਾਤਰਾ ਦੌਰਾਨ ਕਈ ਨੌਜਵਾਨਾਂ ਨੇ ਨਸ਼ਾ ਛੱਡਣ ਅਤੇ ਹੋਰ ਨੌਜਵਾਨਾਂ ਨੂੰ ਵੀ ਇਹ ਰਾਹ ਦਿਖਾਉਣ ਦਾ ਵਾਅਦਾ ਕੀਤਾ। ਪਿੰਡਾਂ ਵਿੱਚ ਲੋਕਾਂ ਨੇ ਵੀ ਵਿਧਾਇਕ ਦੀ ਕੋਸ਼ਿਸ਼ ਦੀ ਖੁੱਲ੍ਹ ਕੇ ਸਰੀਹਨਾ ਕੀਤੀ ਤੇ ਉਨ੍ਹਾਂ ਦਾ ਸਵਾਗਤ ਕੀਤਾ।ਇਸ ਅਭਿਆਨ ਦਾ ਅਸਲ ਮਕਸਦ ਲੋਕਾਂ ਵਿਚ ਨਵੀਂ ਉਮੀਦ ਜਨਮ ਦੇਣਾ ਹੈ ਕਿ ਨਸ਼ਿਆਂ ਤੋਂ ਮੁਕਤ ਪੰਜਾਬ ਸੰਭਵ ਹੈ — ਜੇ ਅਸੀਂ ਸਾਰਿਆਂ ਨੇ ਮਿਲ ਕੇ ਇਹ ਜੰਗ ਲੜੀ। ਇਸ ਉਪਰੰਤ ਨਸ਼ਾ ਮੁਕਤੀ ਯਾਤਰਾ ਹਲਕੇ ਦੇ ਪਿੰਡ ਸਿਕੰਦਰਪੁਰਾ ਅਤੇ ਮਹਿਬੂਬਪੁਰਾ ਵਿਖੇ ਵੀ ਪੁਜੀ ਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ।
ਇਸ ਮੌਕੇ ਸਰਪੰਚ ਪਿੰਡ ਸ਼ੇਰਵਾਨੀ ਸੁਰਿੰਦਰਜੀਤ ਸਿੰਘ, ਸਰਪੰਚ ਪਿੰਡ ਹਥਨ ਕਮਲਜੀਤ ਸਿੰਘ, ਕੁਆਡੀਨੇਟਰ ਨਸ਼ਾ ਛੁਡਾਓ ਕਮੇਟੀ ਸਿੰਗਾਰਾ ਸਿੰਘ (ਸਰਪੰਚ ਪਿੰਡ ਰੁੜਕਾ), ਬੀ.ਡੀ.ਪੀ.ਓ ਜਗਰਾਜ ਸਿੰਘ, ਪੰਚਾਇਤ ਸਕੱਤਰ ਜਗਮੋਹਨ ਸਿੰਘ, ਨਸ਼ਾ ਛੁਡਾਓ ਕਮੇਟੀ ਦੇ ਮੈਂਬਰ ਕਮਰਦੀਨ, ਪ੍ਰਭਜੋਤ ਸਿੰਘ, ਸਤਾਕ ਮੁਹੰਮਦ, ਬਲਾਕ ਪ੍ਰਧਾਨ ਅਸਲਮ ਭੱਟੀ, ਬਲਾਕ ਪ੍ਰਧਾਨ ਜਰਨੈਲ ਸਿੰਘ, ਬੁਲਾਰਾ ਹਰੀਪਾਲ ਸਿੰਘ ਕਸਬਾ ਭਰਾਲ ਤੋਂ ਇਲਾਵਾ ਸਮੂਹ ਪੰਚਾਇਤ ਮੈਂਬਰ ਹਾਜਰ ਸਨ।