ਸਿਵਲ ਹਸਪਤਾਲ 'ਚ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਅਧੀਨ ਲਗਾਤਾਰ ਕੋਸ਼ਿਸ਼ਾਂ ਜਾਰੀ- ਸਿਵਲ ਸਰਜ਼ਨ ਮਾਲੇਰਕੋਟਲਾ
- ਯੁੱਧ ਨਸ਼ਿਆਂ ਵਿਰੁੱਧ ਤਹਿਤ ਸਿਵਲ ਹਸਪਤਾਲ 'ਚ ਵੀ ਸ਼ੁਰੂ ਹੋਈਆਂ ਸੀ.ਐਮ. ਦੀ ਯੋਗਸ਼ਾਲਾ ਦੀਆਂ ਕਲਾਸਾਂ
- ਕਿਹਾ,ਨਸ਼ਿਆਂ ਤੋਂ ਮੁਕਤੀ ਪਾਉਣ ਲਈ ਯੋਗਾ ਨਸ਼ਾ ਗ੍ਰਸਤ/ਬਿਮਾਰ ਵਿਅਕਤੀ ਨੂੰ ਸਰੀਰਕ, ਮਾਨਸਿਕ ਤੇ ਸਮਾਜਿਕ ਤੌਰ 'ਤੇ ਮਜ਼ਬੂਤ ਬਣਾਉਦਾ ਹੈ
ਮਾਲੇਰਕੋਟਲਾ, 16 ਮਈ 2025 - ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਬਰਬਾਦੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਦੇ ਤਹਿਤ ਸਿਵਲ ਹਸਪਤਾਲ ਮਾਲੇਰਕੋਟਲਾ ਵਿਚ ਨਸ਼ਾ ਛੁਟਕਾਰਾ ਕੇਂਦਰ ਦੀ ਕਾਰਗੁਜ਼ਾਰੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਤਹਿਤ ਹੁਣ ਸਿਵਲ ਹਸਪਤਾਲ ਦੇ ਓਟ ਕਲੀਨਿਕ ਵਿਖੇ ਸੀ.ਐੱਮ. ਦੀ ਯੋਗਸ਼ਾਲਾ ਦੀਆਂ ਕਲਾਸਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜੋ ਕਿ ਨਸ਼ਾ ਛੁਡਾ ਰਹੇ ਮਰੀਜ਼ਾਂ ਲਈ ਇੱਕ ਨਵੀਂ ਉਮੀਦ ਦੀ ਕਿਰਣ ਸਾਬਤ ਹੋਵੇਗੀ ।
ਸਿਵਲ ਸਰਜਨ ਡਾ ਸੰਜੇ ਗੋਇਲ ਨੇ ਦੱਸਿਆ ਕਿ ਨਸ਼ੇ ਤੋਂ ਪੀੜਤ ਵਿਅਕਤੀਆਂ ਲਈ ਸਿਰਫ਼ ਮੈਡੀਕਲ ਇਲਾਜ ਹੀ ਨਹੀਂ, ਸਗੋਂ ਉਨ੍ਹਾਂ ਦੇ ਸਰੀਰ, ਮਨ ਤੇ ਮਨੋਬਲ ਨੂੰ ਵਧਾਉਣ ਲਈ ਹੋਰ ਢੰਗਾਂ ਦੀ ਵੀ ਲੋੜ ਹੁੰਦੀ ਹੈ। ਯੋਗਾ ਇਨ੍ਹਾਂ ਮਰੀਜ਼ਾਂ ਨੂੰ ਸਰੀਰਕ, ਮਾਨਸਿਕ ਤੇ ਸਮਾਜਿਕ ਤੌਰ 'ਤੇ ਮਜਬੂਤ ਬਣਾਉਂਦਾ ਹੈ, ਜਿਸ ਨਾਲ ਉਹ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਤਿਆਰ ਹੋ ਸਕਦੇ ਹਨ।
ਉਨ੍ਹਾਂ ਕਿਹਾ ਕਿ ਯੋਗਾ ਨਾ ਸਿਰਫ਼ ਤਣਾਅ ਘਟਾਉਂਦਾ ਹੈ, ਸਗੋਂ ਸਿਹਤ ਨੂੰ ਵੀ ਸੰਤੁਲਿਤ ਰੱਖਦਾ ਹੈ। ਇਸ ਮੁਹਿੰਮ ਤਹਿਤ ਦਿਨ ਚੜ੍ਹਦਿਆਂ ਹੀ ਯੋਗ ਸ਼ਾਲਾ ਵਿਚ ਤਜਰਬੇਕਾਰ ਯੋਗ ਅਧਿਆਪਕਾਂ ਵੱਲੋਂ ਮਰੀਜ਼ਾਂ ਅਤੇ ਸਟਾਫ ਮੈਂਬਰਾਂ ਨੂੰ ਯੋਗ ਭਿਆਸ ਕਰਵਾਇਆ ਜਾਂਦਾ ਹੈ। ਇਹ ਕਲਾਸਾਂ ਹਫ਼ਤੇ ਦੇ ਹਰ ਦਿਨ ਨਿਯਮਤ ਤੌਰ ਤੇ ਕਰਵਾਈਆਂ ਜਾ ਰਹੀਆਂ ਹਨ, ਜੋ ਕਿ ਇਲਾਜ ਦੇ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣੇ।
ਸਿਵਲ ਸਰਜਨ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਇਲਾਜ ਲੈ ਰਹੇ ਨਸ਼ਾ ਪੀੜਤ ਮਰੀਜ਼ਾਂ ਵੱਲੋਂ ਵੀ ਯੋਗ ਸ਼ਾਲਾ ਦੀਆਂ ਕਲਾਸਾਂ ਨੂੰ ਬਹੁਤ ਚੰਗੀ ਪ੍ਰਤਿਕਿਰਿਆ ਮਿਲ ਰਹੀ ਹੈ। ਕਈ ਮਰੀਜ਼ਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਹੁਣ ਆਪਣੇ ਸਰੀਰ ਤੇ ਮਨ ਵਿੱਚ ਆਰਾਮ ਮਹਿਸੂਸ ਹੋ ਰਿਹਾ ਹੈ ਅਤੇ ਉਹ ਨਵੀਂ ਉਮੀਦ ਨਾਲ ਜੀਵਨ ਵੱਲ ਵਧ ਰਹੇ ਹਨ।
ਇਸ ਦੌਰਾਨ ਸਿਹਤ ਵਿਭਾਗ ਵੱਲੋਂ ਮਨੋਵਿਗਿਆਨਿਕ ਕਾਊਂਸਲਿੰਗ, ਸਮੂਹ ਚਰਚਾ, ਆਤਮ-ਵਿਕਾਸ ਸੈਸ਼ਨ ਅਤੇ ਰੋਜ਼ਗਾਰ ਯੋਗ ਤਰਬੀਅਤ ਵਰਗੇ ਹੋਰ ਕਦਮ ਵੀ ਚੁੱਕੇ ਜਾ ਰਹੇ ਹਨ ਤਾਂ ਜੋ ਨਸ਼ਿਆਂ ਤੋਂ ਮੁਕਤੀ ਪਾਉਣ ਵਾਲੇ ਵਿਅਕਤੀਆਂ ਨੂੰ ਮੁੜ ਜੀਵਨ ਵਿਚ ਸਥਿਰਤਾ ਅਤੇ ਆਤਮ-ਵਿਸ਼ਵਾਸ ਮਿਲ ਸਕੇ।
ਸਿਵਲ ਸਰਜਨ ਨੇ ਆਖ਼ਰ ਵਿਚ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਸਰਕਾਰੀ ਅਧਿਕਾਰੀਆਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਇਕ ਨਾਗਰਿਕ, ਸਮਾਜਿਕ ਸੰਸਥਾ, ਅਤੇ ਪਰਿਵਾਰ ਦੀ ਵੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਵਿਰੁੱਧ ਚਲ ਰਹੀ ਇਸ ਯੁੱਧ ਵਿੱਚ ਆਪਣਾ ਯੋਗਦਾਨ ਪਾਓ ਅਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਸਰਕਾਰ ਦਾ ਹੌਸਲਾ ਵਧਾਓ।
ਮਾਲੇਰਕੋਟਲਾ ਜ਼ਿਲ੍ਹੇ ਦੀ ਸੀ.ਐਮ ਦੀ ਯੋਗਸ਼ਾਲਾ ਦੀ ਕੋਆਰਡੀਨੇਟਰ ਮਲਕੀਤ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਜਿੱਥੇ ਰਾਜ ਦੇ ਨਸ਼ੇ ਦੇ ਸ਼ਿਕਾਰ ਲੋਕਾਂ ਨੂੰ ਧਿਆਨ ਅਤੇ ਯੋਗਾ ਅਭਿਆਸ ਰਾਹੀਂ ਸ਼ਰੀਰਿਕ ਮਾਨਸਿਕ ਅਤੇ ਸਮਾਜਿਕ ਤੌਰ ਤੇ ਮਜਬੂਤ ਬਣਾਉਣਾ ਹੈ ਉੱਥੇ ਇਸ ਨਾਲ ਨਸ਼ੇ ਛੱਡਣ ਵਾਲਿਆਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਵੀ ਹੈ।