ਲੁਧਿਆਣਾ ਨਿਗਮ ਦੇ ਕਮਿਸ਼ਨਰ ਨੂੰ ਸਫਾਈ ਵਿਵਸਥਾ ਬਾਰੇ ਪੱਤਰ ਲਿਖਿਆ
ਸੁਖਮਿੰਦਰ ਭੰਗੂ
ਲੁਧਿਆਣਾ 16 ਮਈ 2025 - ਲੁਧਿਆਣਾ ਸਮਾਰਟ ਸਿਟੀ ਤਾਂ ਬਣ ਗਿਆ ਪਰ ਇਸ ਨੂੰ ਸਮਾਰਟ ਸਿਟੀ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ । ਜਿਸ ਵਿੱਚ ਸਭ ਤੋਂ ਵੱਡਾ ਰੋਲ ਨਗਰ ਨਿਗਮ ਲੁਧਿਆਣਾ ਦਾ ਬਣਦਾ ਹੈ।ਇਸ ਦੇ ਨਾਲ ਹੀ ਇਥੋਂ ਦੇ ਰਹਿਣ ਵਾਲੇ ਲੋਕਾਂ ਦਾ ਵੀ ਬਣਦਾ ਹੈ। ਪਰ ਕਈ ਕਰਮਚਾਰੀ ਆਪਣੀ ਬਣਦੀ ਜ਼ਿੰਮੇਵਾਰੀ ਤੇ ਡਿਊਟੀ ਨਹੀਂ ਨਿਭਾਉਂਦੇ। ਇਲਾਕੇ ਵਿੱਚ ਸਫ਼ਾਈ ਦੀ ਹਾਲਤ ਮਾੜੀ ਹੈ। ਉੱਘੇ ਸਮਾਜ ਸੇਵਕ ਤੇ ਆਰ ਟੀ ਆਈ ਸਕੱਤਰ ਅਰਵਿੰਦ ਸ਼ਰਮਾਂ ਨੇ ਇਸ ਸਬੰਧ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਦਾ ਇੱਕ ਲਿਖਤੀ ਪੱਤਰ ਰਾਹੀਂ ਇਸ ਤਰਫ ਧਿਆਨ ਦਿਵਾਉਂਦੇ ਹੋਏ ਕਿਹਾ ਕਿ ਲੁਧਿਆਣਾ ਨੂੰ ਸਮਾਰਟ ਸਿਟੀ ਕਿਹਾ ਜਾਂਦਾ ਹੈ। ਪਰ ਪੂਰੇ ਇਲਾਕਿਆਂ ਵਿੱਚ ਵੀ ਸਫਾਈ ਪ੍ਰਣਾਲੀ ਪੂਰੀ ਤਰ੍ਹਾਂ ਠੱਪ ਸੀ। ਸ਼ਹੀਦ ਭਗਤ ਸਿੰਘ ਨਗਰ ਦੇ ਡੀ-ਬਲਾਕ ਦੇ ਸਾਹਮਣੇ ਕੂੜੇ ਦੇ ਪਹਾੜ ਵਰਗੇ ਡੰਪ ਬਣਦੇ ਜਾ ਰਹੇ ਹਨ। ਹਰ ਰੋਜ਼ ਕੂੜੇ ਦੇ ਢੇਰਾਂ ਨੂੰ ਅੱਗ ਲਗਾਈ ਜਾ ਰਹੀ ਹੈ।
ਕਲੋਨੀ ਦਾ ਸਾਰਾ ਵਾਤਾਵਰਣ ਖਰਾਬ ਹੋ ਜਾਂਦਾ ਹੈ। ਮਿੰਟਗੁਮਰੀ ਚੌਕ ਦੇ ਨੇੜੇ ਪਾਰਕ ਵਿੱਚ ਕੂੜਾ ਫੈਲਿਆ ਹੋਇਆ ਹੈ ਤੇ ਪਾਣੀ ਬੇਕਾਰ ਵਗਦਾ ਰਹਿੰਦਾ ਹੈ । ਆਰ.ਓ.ਬੀ. ਪੱਖੋਵਾਲ ਰੋਡ ਫਲਾਈਓਵਰ ਦੇ ਨਾਲ-ਨਾਲ ਗੰਦਗੀ ਪੂਰੀ ਤਰ੍ਹਾਂ ਫੈਲੀ ਹੋਈ ਹੈ ।ਮਾਡਲ ਟਾਊਨ ਪਾਰਕ (ਗੋਲ ਮਾਰਕੀਟ ਦੇ ਪਿੱਛੇ) ਵਿਖੇ (ਪਾਰਕ ਦੇ ਬਾਹਰ) ਕੂੜੇ ਦੇ ਢੇਰ ਹਨ। ਬਹੁਤ ਸਾਰੀਆਂ ਥਾਵਾਂ ਅਜਿਹੀਆਂ ਹਨ ਜਿੱਥੇ ਸਫਾਈ ਪ੍ਰਣਾਲੀ ਦੀ ਹਾਲਤ ਮਾੜੀ ਹੈ। ਸ਼ਰਮਾਂ ਨੇ ਕਮਿਸ਼ਨਰ ਕਾਰਪੋਰੇਸ਼ਨ ਤੋਂ ਮੰਗ ਕੀਤੀ ਹੈ ਕਿ ਆਮ ਲੋਕਾਂ ਦੇ ਹਿੱਤਾਂ ਦਾ ਧਿਆਨ ਰੱਖਿਆ ਜਾਵੇ ਤੇ ਲਾਪਰਵਾਹ ਕਰਮਚਾਰੀਆਂ ਤੇ ਬਣਦੀ ਢੁਕਵੀਂ ਕਾਰਵਾਈ ਕੀਤੀ ਜਾਵੇ।
ਦੂਸਰੇ ਪਾਸੇ ਨਗਰ ਨਿਗਮ ਲੁਧਿਆਣਾ ਦੇ ਹੈਲਥ ਡੀਪਾਰਟਮੈਂਟ ਦੇ ਅਫਸਰ ਵਿਪੁਲ ਮਲਹੋਤਰਾ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡਾ ਸਫਾਈ ਅਭਿਆਨ ਚਲ ਰਿਹਾ ਹੈ ।ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਅਸੀਂ ਉਸ ਨੂੰ ਦੂਰ ਕਰਦੇ ਹਾਂ। ਦੂਸਰੀ ਗੱਲ ਉਹਨਾਂ ਨੇ ਕਿਹਾ ਕਿ ਸ਼ਹੀਦ ਭਗਰ ਸਿੰਘ ਦਾ ਡੀ ਬਲਾਕ ਸਾਡੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ । ਉਹ ਨਗਰ ਸੁਧਾਰ ਟਰੱਸਟ ਦੇ ਅਧੀਨ ਪੈਂਦਾ ਹੈ । ਹੁਣ ਇਥੇ ਗੱਲ ਇਹ ਹੈ ਕਿ ਇਕ ਮਹਿਕਮੇ ਨੂੰ ਜੇ ਕੋਈ ਸ਼ਿਕਾਇਤ ਆਉਂਦੀ ਹੈ ਜੋ ਓਹਨਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਤਾਂ ਉਹ ਉਸ ਸਬੰਧਤ ਮਹਿਕਮੇ ਨੂੰ ਇਤਲਾਹ ਤਾਂ ਕਰ ਹੀ ਸਕਦੇ ਹਨ ।