MLA ਡਾ. ਚਰਨਜੀਤ ਵੱਲੋਂ ਖਰੜ ਸਬ ਡਵੀਜ਼ਨ ’ਚ ਪੈਂਦੇ ਪਿੰਡਾਂ ਦੇ ਵਿਕਾਸ ਕਾਰਜਾਂ ਅਤੇ ਮੁਸ਼ਕਿਲਾਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ
ਹਰਜਿੰਦਰ ਸਿੰਘ ਭੱਟੀ
- ਆਉਣ ਵਾਲੇ ਮੌਨਸੂਨ ਸ਼ੀਜਨ ਨੂੰ ਦੇਖਦੇ ਹੋਏ ਲੋਕ ਹਿੱਤ ਨਾਲ ਜੁੜੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਨਿਪਟਾਉਣ ਦੀ ਹਦਾਇਤ
- ਬਰਸਾਤਾਂ ਨੂੰ ਦੇਖਦੇ ਹੋਏ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਲਿਕਪੁਰ ਨੇੜੇ ਸਥਿਤ ਪੁੱਲ ਦੀ ਉਸਾਰੀ ਦੀ ਤਜ਼ਵੀਜ਼ ਨੂੰ ਪਹਿਲ ਦੇ ਅਧਾਰ ਤੇ ਮਨਜ਼ੂਰ ਕਰਵਾਉਣ ਦੇ ਆਦੇਸ਼
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਮਈ 2025 - ਐਮ.ਐਲ.ਏ ਡਾ. ਚਰਨਜੀਤ ਸਿੰਘ ਵੱਲੋਂ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਦੇ ਖਰੜ ਸਬ ਡਵੀਜ਼ਨ ’ਚ ਪੈਂਦੇ ਘੜੂੰਆਂ ਕਾਨੂੰਗੋਈ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਅਤੇ ਜਨਤਕ ਮੁਸ਼ਕਿਲਾਂ ਦੇ ਨਿਪਟਾਰੇ ਲਈ ਅੱਜ ਜ਼ਿਲ੍ਹਾ ਪ੍ਰਸ਼ਾਸਨ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕਰਕੇ, ਇਨ੍ਹਾਂ ਦੇ ਸਮਾਂਬੱਧ ਨਿਪਟਾਰੇ ਦੀ ਹਦਾਇਤ ਕੀਤੀ ਗਈ।
ਵਿਧਾਇਕ ਡਾ. ਚਰਨਜੀਤ ਸਿੰਘ ਨੇ ਮੀਟਿੰਗ ’ਚ ਹਾਜ਼ਰ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਅਤੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਸੋਨਮ ਚੌਧਰੀ ਨੂੰ ਘੜੂੰਆਂ ਦੇ ਮਾਸਟਰ ਪਲਾਨ, ਜਿਸ ਦੇ ਲਾਗੂ ਹੋਣ ਨਾਲ ਆਪਣੇ-ਆਪ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ, ਨੂੰ ਜਲਦ ਲਾਗੂ ਕਰਵਾਉਣ ਲਈ ਆਖਿਆ। ਉਨ੍ਹਾਂ ਨੇ ਆਉਣ ਵਾਲੀ ਮੌਨਸੂਨ ਨੂੰ ਧਿਆਨ ਵਿੱਚ ਰੱਖਦੇ ਹੋਏ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਲਿਕਪੁਰ ਨੇੜੇ ਸਥਿਤ ਪੁੱਲ ਜੋ ਕਿ ਬਹੁਤ ਤੰਗ ਹੈ ਅਤੇ ਜਿਸ ਦੀ ਹਾਲਤ ਵੀ ਖਸਤਾ ਹੋ ਚੁੱਕੀ ਹੈ, ਦੀ ਉਸਾਰੀ ਦਾ ਕੰਮ ਜਲਦ ਸ਼ੁਰੂ ਕਰਨ ਲਈ ਲੋਕ ਨਿਰਮਾਣ ਵਿਭਾਗ ਨੂੰ ਇਸ ਸਬੰਧੀ ਭੇਜੀ ਨਵੀਂ ਤਜ਼ਵੀਜ਼ ਨੂੰ ਜਲਦ ਮਨਜੂਰ ਕਰਵਾਉਣ ਲਈ ਆਖਿਆ।
ਵਿਧਾਇਕ ਚਮਕੌਰ ਸਾਹਿਬ ਵੱਲੋਂ ਇਸ ਇਲਾਕੇ ’ਚ ਲੱਗਣ ਵਾਲੇ ਸੀਵੇਜ ਟ੍ਰੀਟਮੈਂਟ ਪਲਾਂਟਾਂ ਦੀ ਤਾਜ਼ਾ ਸਥਿਤੀ ਦਾ ਜਾਇਜ਼ਾ ਲੈਣ ’ਤੇ ਐਸ ਡੀ ਐਮ ਖਰੜ ਦਿਵਿਆ ਪੀ ਨੇ ਦੱਸਿਆ ਕਿ ਘੜੂੰਆਂ ਵਿਖੇ ਲੱਗਣ ਵਾਲੇ ਐਸ ਟੀ ਪੀ ਲਈ ਲੋੜੀਂਦੀ 2 ਏਕੜ ਜ਼ਮੀਨ ਦੀ ਸ਼ਨਾਖ਼ਤ ਕਰ ਲਈ ਗਈ ਹੈ ਅਤੇ ਨਗਰ ਪੰਚਾਇਤ ਘੜੂੰਆਂ ਵੱਲੋਂ ਹੁਣ ਇਸ ਦੀ ਕਾਨੂੰਨੀ ਤੌਰ ’ਤੇ ਐਕੂਜੀਸ਼ਨ (ਅਧਿਗ੍ਰਹਿਣ) ਕਰਵਾਉਣ ਲਈ ਸਥਾਨਕ ਸਰਕਾਰ ਵਿਭਾਗ ਨੂੰ ਲਿਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਖੂਨੀ ਮਾਜਰਾ ਵਿਖੇ ਬਣਨ ਵਾਲੇ ਐਸ ਟੀ ਪੀ ਦੀ ਉਸਾਰੀ ਦਾ 60 ਫੀਸਦੀ ਕੰਮ ਹੋ ਚੁੱਕਾ ਹੈ ਅਤੇ ਬਾਕੀ ਦਾ ਕੰਮ ਜੁਲਾਈ 2026 ਦੇ ਆਸ ਪਾਸ ਪੂਰਾ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਦਰਪਣ ਸਿਟੀ ਨੇੜੇ ਬਣਨ ਵਾਲੇ ਤੀਸਰੇ ਐਸ ਟੀ ਪੀ ਲਈ ਜ਼ਮੀਨ ਨੂੰ ਭਰਤੀ ਪਾ ਕੇ ਸਮਤਲ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਦੀ ਉਸਾਰੀ ਵੀ ਜਲਦ ਸ਼ੁਰੂ ਹੋ ਜਾਵੇਗੀ।
ਵਿਧਾਇਕ ਡਾ. ਚਰਨਜੀਤ ਸਿੰਘ ਨੇ ਘੜੂੰਆਂ-ਮਾਛੀਪੁਰ ਰੋਡ ਦੇ ਪਾਣੀ ਖੜ੍ਹਨ ਦੇ ਮਾਮਲੇ ਨੂੰ ਸਥਾਈ ਤੌਰ ’ਤੇ ਹੱਲ ਕਰਨ ਲਈ ਐਸ ਡੀ ਐਮ ਖਰੜ, ਦਿਵਿਆ ਪੀ ਨੂੰ ਨਗਰ ਪੰਚਾਇਤ, ਲੋਕ ਨਿਰਮਾਣ ਵਿਭਾਗ ਅਤੇ ਡਰੇਨੇਜ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਨਿੱਜੀ ਤੌਰ ਤੇ ਦੌਰਾ ਕਰਨ ਉਪਰੰਤ ਕੰਮ ਜਲਦੀ ਪੂਰਾ ਕਰਨ ਲਈ ਕਿਹਾ। ਉਨ੍ਹਾਂ ਨੇ ਪੀਰ ਸੁਹਾਣਾ ਅਤੇ ਤ੍ਰਿਪੜੀ ਵਿਖੇ ਸਟਰੀਟ ਲਾਇਟਾਂ, ਫਿਰਨੀਆਂ ਅਤੇ ਐਸ ਵਾਈ ਐਲ ਤੱਕ ਸਟੋਰਮ ਸੀਵਰ ਪਾਈਪ ਲਾਈਨ ਪਾਉਣ ਅਤੇ ਕੁਰਾਲੀ ਨੇੜੇ ਪੈਂਦੇ ਪਿੰਡਾਂ ਦੇ ਸਟੋਰਮ ਸੀਵਰ ਦੀ ਪਾਈਪ ਲਾਈਨ ਸੀਸਵਾਂ ਡਰੇਨ ਤੱਕ ਪਾਉਣ ਦੇ ਕੰਮ ਜਲਦ ਪੂਰਾ ਕਰਨ ਲਈ ਕਿਹਾ।
ਘੜੂੰਆਂ ਸਬ ਤਹਿਸੀਲ ਦਫ਼ਤਰ ਬਣਾਉਣ ਲਈ ਨਗਰ ਪੰਚਾਇਤ ਵੱਲੋਂ ਦਿੱਤੀ 5 ਕਨਾਲ ਜ਼ਮੀਨ ’ਤੇ ਉਸਾਰੀ ਲਈ ਲੋੜੀਂਦੇ ਫ਼ੰਡ ਮਾਲ ਤੇ ਮੁੜ ਵਸੇਬਾ ਵਿਭਾਗ ਪਾਸੋਂ ਤੁਰੰਤ ਮੰਗਣ ਦੀ ਹਦਾਇਤ ਕਰਦਿਆਂ, ਵਿਧਾਇਕ ਨੇ ਕਿਹਾ ਕਿ ਪੁਲਿਸ ਸਟੇਸ਼ਨ ਲਈ ਵੀ ਜਗ੍ਹਾ ਦਾ ਪ੍ਰਬੰਧ ਕੀਤਾ ਜਾਵੇ। ਇਸੇ ਤਰ੍ਹਾਂ ਘੜੂੰਆਂ ’ਚ ਅਨਾਜ ਮੰਡੀ/ਖਰੀਦ ਕੇਂਦਰ ਬਣਾਉਣ ਲਈ ਸਕਰੂਲਾਪੁਰ ’ਚ ਸਥਿਤ ਜ਼ਮੀਨ ਦਾ ਕੇਸ ਮੰਡੀ ਬੋਰਡ ਨੂੰ ਭਿਜਵਾਉਣ ਲਈ ਆਖਿਆ।
ਘੜੂੰਆਂ ਵਿਖੇ ਪਾਂਡਵਾਂ ਨਾਲ ਜੁੜਦੀ ਇਤਿਹਾਸਕਤਾ ਦੇ ਮੱਦੇਨਜ਼ਰ ਉਨ੍ਹਾਂ ਨੇ ਪਿੰਡ ’ਚ ਸਥਿਤ ਤਲਾਬ ਨੂੰ ਸੈਰ-ਸਪਾਟਾ ਮੰਤਵ ਨਾਲ ਉਭਾਰਨ ਲਈ ਇਸ ਦੇ ਸੁੰਦਰੀਕਰਣ ਦੀ ਤਜ਼ਵੀਜ਼ ਸੈਰ ਸਪਾਟਾ ਅਤੇ ਸਭਿਅਚਾਰਕ ਮਾਮਲੇ ਵਿਭਾਗ ਦੀ ਮੱਦਦ ਨਾਲ ਇੱਕ ਮਹੀਨੇ ਵਿੱਚ ਤਿਆਰ ਕਰਨ ਲਈ ਆਖਿਆ।
ਉਨ੍ਹਾਂ ਇਸ ਮੌਕੇ ਘੜੂੰਆਂ ਦੇ ਮੁਢਲੇ ਸਿਹਤ ਕੇਂਦਰ ਨੂੰ ਅਪਗ੍ਰੇਡ ਕਰਕੇ 50 ਬਿਸਤਰਿਆਂ ਦੇ ਹਸਪਤਾਲ ’ਚ ਤਬਦੀਲ ਕਰਨ ਦੀ ਤਜ਼ਵੀਜ਼ ਤਿਆਰ ਕਰਨ ਲਈ ਵੀ ਆਖਿਆ ਤਾਂ ਜੋ ਇਲਾਕੇ ’ਚ ਸਿਹਤ ਸਹੂਲਤਾਂ ਦੇ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਸਕੇ।
ਆਈ ਟੀ ਆਈ ਤ੍ਰਿਪੜੀ ਦੀ ਨਵੀਂ ਇਮਾਰਤ ਦੇ ਮੁਕੰਮਲ ਹੋਣ ’ਚ ਦੇਰੀ ਦਾ ਨੋਟਿਸ ਲੈਂਦਿਆਂ ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਨੂੰ ਇਸ ਲਈ ਲੋੜੀਂਦੇ ਹੋਰ ਫੰਡ ਤੁਰੰਤ ਮੰਗ ਕੇ, ਇਸ ਨੂੰ ਮੁਕੰਮਲ ਕਰਨ ਲਈ ਆਖਿਆ। ਇਸੇ ਤਰ੍ਹਾਂ ਰੋੜਾ ਪਿੰਡ ਅਤੇ ਬਜਹੇੜੀ ਦੇ ਸੜਕਾਂ ਤੇ ਖੜ੍ਹਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਪ ਪਾਉਣ ਅਤੇ ਟ੍ਰੀਟਮੈਂਟ ਪਲਾਂਟ ਦਾ ਵੀ ਜਲਦ ਹੱਲ ਕਰਨ ਲਈ ਕਿਹਾ। ਉਨ੍ਹਾਂ ਨੇ ਪਿੰਡ ਰੁੜਕੀ ਪੁਖਤਾ, ਭਾਗੋਮਾਜਰਾ ਦੀਆਂ ਸੜਕਾਂ ਦੀ ਜਲਦ ਮੁਰੰਮਤ ਕਰਨ ਲਈ ਕਿਹਾ । ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਇਹ ਵੀ ਧਿਆਨ ਵਿੱਚ ਲਿਆਂਦਾ ਗਿਆ ਪਿੰਡ ਨਬੀਪੁਰ ਦੇ ਸਮਸ਼ਾਨਘਾਟ ਵਿਖੇ ਇਕੱਠੇ ਹੁੰਦੇ ਬਰਸਾਤੀ ਪਾਣੀ ਦਾ ਵੀ ਢੁੱਕਵਾਂ ਹੱਲ ਕੀਤਾ ਜਾਵੇ।
ਉਨ੍ਹਾਂ ਨੇ ਪਿੰਡਾਂ ’ਚ ਚੱਲ ਰਹੇ ਪ੍ਰਧਾਨ ਮੰਤਰੀ ਅਵਾਸ ਯੋਜਨਾ (ਗ੍ਰਾਮੀਣ) ਦੇ ਸਰਵੇਖਣ ਤਹਿਤ ਕੱਚੇ ਘਰਾਂ ਨੂੰ ਪੱਕਾ ਕਰਨ ਲਈ ਹਰ ਇੱਕ ਯੋਗ ਵਿਅਕਤੀ ਨੂੰ ਸ਼ਾਮਿਲ ਕਰਨ ’ਤੇ ਜੋਰ ਦਿੰਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਇਸ ’ਤੇ ਖਾਸ ਧਿਆਨ ਦੇਣ ਲਈ ਆਖਿਆ। ਉਨ੍ਹਾਂ ਕਿਹਾ ਕਿ ਕੋਈ ਵੀ ਲੋੜਵੰਦ ਪਰਿਵਾਰ ਇਸ ਸਕੀਮ ਤੋਂ ਵਾਂਝਾ ਨਾ ਰਹੇ। ਉਨ੍ਹਾਂ ਨੇ ਸਮਾਰਟ ਰਾਸ਼ਨ ਕਾਰਡ ਧਾਰਕਾਂ ਦੀ ਈ ਕੇ ਵਾਈ ਸੀ ਪ੍ਰਕਿਰਿਆ ਦੀ ਵੀ ਆਖਰੀ ਮਿਤੀ 15 ਮਈ ਹੋਣ ਕਾਰਨ, ਪਿੰਡਾਂ ਵਿੱਚ ਮੁਨਿਆਦੀ ਕਰਵਾਕੇ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਤੇ ਕਿਸੇ ਵਿਅਕਤੀ ਦੀ ਮੌਤ ਹੋ ਜਾਣ ਅਤੇ ਸ਼ਿਫਟ ਹੋ ਜਾਣ ਕਾਰਨ, ਸੋਧੀਆਂ ਸੂਚੀਆਂ ਇੱਕ ਮਹੀਨੇ ਦੇ ਅੰਦਰ ਪੇਸ਼ ਕਰਨ ਲਈ ਕਿਹਾ।
ਐਸ ਐਚ ਓ ਘੜੂੰਆਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੂਰੀ ਤਨਦੇਹੀ ਨਾਲ ਕੰਮ ਕਰਨ ਅਤੇ ਇਲਾਕੇ ’ਚ ਸਥਿਤ ਵਿਦਿਅਕ ਸੰਸਥਾਂਵਾਂ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਬਚਾਉਣ ਲਈ ਜਾਗਰੂਕਤਾ ਮੁਹਿੰਮ ਚਲਾਉਣ ਲਈ ਅਤੇ ਘੜੂੰਆਂ ਯੂਨੀਵਰਸਿਟੀ ਨੇੜੇ ਗਸ਼ਤ ਵਧਾਉਣ ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਪਿੰਡਾਂ ਵਿੱਚ ਕਮੇਟੀਆਂ ਬਣਾਉਣ ਲਈ ਆਖਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਪਹਿਲ ਦੇ ਅਧਾਰ ਤੇ ਕੀਤੇ ਜਾਣ ਵਾਲੇ ਜ਼ਰੂਰੀ ਕੰਮਾਂ ਲਈ ਜੇਕਰ ਕੋਈ ਨਵੀਂ ਤਜਵੀਜ਼ ਹੈ ਤਾਂ ਨਿੱਜੀ ਤੌਰ ਤੇ ਦੌਰਾ ਕਰਕੇ, ਬਰਸਾਤਾਂ ਨੂੰ ਦੇਖਦੇ ਹੋਏ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ।
ਮੀਟਿੰਗ ’ਚ ਡੀ ਡੀ ਪੀ ਓ ਬਲਜਿੰਦਰ ਸਿੰਘ ਗਰੇਵਾਲ ਅਤੇ ਹੋਰ ਅਧਿਕਾਰੀ ਮੌਜੂਦ ਸਨ।