ਬੀਕੇਯੂ ਸਿੱਧੂਪੁਰ ਜਥੇਬੰਦੀ ਵੱਲੋਂ ਸਰਕਾਰ ਦੀ ਪੋਲ ਖੋਲ੍ਹਣ ਦਾ ਫੈਸਲਾ
ਮਲਕੀਤ ਸਿੰਘ ਮਲਕਪੁਰ
ਲਾਲੜੂ 15 ਮਈ 2025: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਡੇਰਾਬੱਸੀ ਦੀ ਮੀਟਿੰਗ ਬਲਾਕ ਦੇ ਕਾਰਜਕਾਰੀ ਪ੍ਰਧਾਨ ਜਸਪਾਲ ਸਿੰਘ ਭਾਂਖਰਪੁਰ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲ੍ਹੇ ਦੇ ਕਨਵੀਨਰ ਜਸਵਿੰਦਰ ਸਿੰਘ ਟਿਵਾਣਾ ਨੇ ਸ਼ਮੂਲੀਅਤ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਥਾਣਿਆਂ ਦੇ ਵਿੱਚ ਅਤੇ ਜੇਲ੍ਹਾਂ ਦੇ ਵਿੱਚ ਰੱਖਿਆ ਸੀ, ਜਿਸ ਦੀ ਮੀਟਿੰਗ ਵਿੱਚ ਪੁੱਜੇ ਕਿਸਾਨਾਂ ਨੇ ਨਿੰਦਾ ਕੀਤੀ । ਆਗੂਆਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਕਿਸਾਨਾਂ ਦੇ ਨਾਲ ਬਿਨਾਂ ਕਿਸੇ ਕਾਰਨ ਤੋਂ ਅਜਿਹਾ ਵਤੀਰਾ ਦੁਬਾਰੇ ਤੋਂ ਕਰਦੀ ਹੈ ਤਾਂ ਜਥੇਬੰਦੀ ਦੇ ਸਾਰੇ ਹੀ ਆਗੂ ਅਤੇ ਕਿਸਾਨ ਇਸ ਦਾ ਡੱਟ ਕੇ ਵਿਰੋਧ ਕਰਨਗੇ। ਮੀਟਿੰਗ ਵਿੱਚ ਜਥੇਬੰਦੀ ਵੱਲੋਂ ਜੇਲ੍ਹ ਤੋਂ ਰਿਹਾ ਹੋ ਕੇ ਆਏ ਜਸਵਿੰਦਰ ਸਿੰਘ ਟਿਵਾਣਾ, ਜਸਪਾਲ ਸਿੰਘ ਭਾਂਖਰਪੁਰ, ਤਰਲੋਚਨ ਸਿੰਘ ਕੁਰਲੀ, ਜਸਵੰਤ ਸਿੰਘ ਆਲਮਗੀਰ ,ਗੁਰਚਰਨ ਸਿੰਘ ਜੌਲਾ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ, ਉਥੇ ਹੀ ਮੀਟਿੰਗ ਦੇ ਵਿੱਚ ਇੱਕ ਹੋਰ ਫੈਸਲਾ ਕੀਤਾ ਗਿਆ ਕਿ ਜੋ ਸਰਕਾਰ ਕਿਸਾਨਾਂ ਵਿਰੁੱਧ ਭੰਡੀ ਪ੍ਰਚਾਰ ਕਰ ਰਹੀ ਹੈ, ਉਸ ਸਬੰਧੀ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਕੇ ਸਰਕਾਰ ਦੀ ਪੋਲ ਖੋਲ੍ਹਣਗੇ ।